ਸ਼ਹਿਰ ਦੇ ਵਿਕਾਸ ਲਈ ਨਹੀਂ ਬਣੀ ਕੋਈ ਰਣਨੀਤੀ, ਇਕ-ਦੂਜੇ ’ਤੇ ਕੀਤੇ ਸ਼ਬਦੀ ਵਾਰ

Monday, Aug 20, 2018 - 11:51 PM (IST)

ਸ਼ਹਿਰ ਦੇ ਵਿਕਾਸ ਲਈ ਨਹੀਂ ਬਣੀ ਕੋਈ ਰਣਨੀਤੀ, ਇਕ-ਦੂਜੇ ’ਤੇ ਕੀਤੇ ਸ਼ਬਦੀ ਵਾਰ

ਮੋਗਾ, (ਗੋਪੀ ਰਾਊਕੇ)- ਨਗਰ ਨਿਗਮ ਮੋਗਾ ਦੇ ਹਾਊਸ ਦੀ  ਤਿੰਨ  ਘੰਟੇ  ਚੱਲੀ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੋਈ ਠੋਸ ਰਣਨੀਤੀ ਨਹੀਂ ਬਣ ਸਕੀ  ਤੇ ਨਿਗਮ ਦਫ਼ਤਰ ਵਿਚ ਵਿਧਾਨ ਸਭਾ ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤਕਮਲ ਨੂੰ ਦਫ਼ਤਰ ਦੇਣ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਦੌਰਾਨ ਨਿਗਮ ਹਾਊਸ ਦੇ 35 ਕੌਂਸਲਰਾਂ ਨੇ ਲਿਖ਼ਤੀ ਤੌਰ ’ਤੇ ਕਮਿਸ਼ਨਰ ਨਗਰ ਨਿਗਮ ਮੋਗਾ ਮੈਡਮ ਅਨੀਤਾ ਦਰਸ਼ੀ ਨੂੰ ਲਿਖਤੀ ਮਤਾ ਦੇ ਕੇ ਬਹੁ-ਸੰਮਤੀ ਨਾਲ ਇਹ ਵੀ ਪਾਸ ਕੀਤਾ ਕਿ ਵਿਧਾਇਕ ਨੂੰ ਦਿੱਤਾ ਗਿਆ ਦਫ਼ਤਰ ਵਾਪਿਸ ਲੈ ਕੇ ਇਸ ਕਮਰੇ ਵਿਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਕੁਰਸੀਆਂ ਸਥਾਪਿਤ ਕਰ ਕੇ ਉਨ੍ਹਾਂ ਦੇ ਦਫ਼ਤਰ ਬਣਾਏ ਜਾਣ।  ਇਸ ਦੌਰਾਨ ਉਸ ਸਮੇਂ ਸਥਿਤੀ ਹੋਰ ਵੀ ਹਾਸੋਹੀਣੀ ਹੋ ਗਈ, ਜਦੋਂ ਕਮਰੇ ਦੇ ਮੁੱਦੇ  ’ਤੇ ਲਗਾਤਾਰ ਬਹਿਸਬਾਜ਼ੀ ਕਿਸੇ ਤਣ ਪੱਤਣ ਨਾ ਲੱਗੀ ਤਾਂ ਇਸੇ ਦੌਰਾਨ ਹੀ ਨਿਗਮ ਅਧਿਕਾਰੀਆਂ ਨੇ ਸ਼ਹਿਰ ਦੇ ਵਿਕਾਸ ਲਈ ਪਹਿਲਾਂ ਤੈਅ ਕੀਤੇ ਗਏ 15 ਏਜੰਡਿਆਂ ਨੂੰ ਇਕ-ਇਕ ਕਰ ਕੇ ਸਦਨ ਵਿਚ ਬਹਿਸ ਲਈ ਲਿਆਉਣਾ ਸ਼ੁਰੂ ਕਰ ਦਿੱਤਾ। ਹਾਲੇ 3 ਮਤੇ ਹੀ ਸਦਨ ਵਿਚ ਲਿਆਂਦੇ ਗਏ ਸਨ  ਕਿ ਮੀਟਿੰਗ ’ਚੋਂ ਕੌਂਸਲਰ ਇਕ-ਇਕ ਕਰ ਕੇ ਜਾਣੇ ਸ਼ੁਰੂ ਹੋ ਗਏ, ਜਿਸ ਕਰ ਕੇ ਇਹ ਸਾਰੇ ਮਤਿਆਂ ’ਤੇ ਬਹਿਸ ਹੀ ਨਹੀਂ ਸਕੀ। ਸੀਨੀਅਰ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ, ਗੋਵਰਧਨ ਪੋਪਲੀ, ਗੁਰਮਿੰਦਰਜੀਤ ਸਿੰਘ ਬਬਲੂ ਅਤੇ ਦੀਪਿੰਦਰ ਸੰਧੂ ਸਮੇਤ ਹੋਰ ਕੌਂਸਲਰਾਂ ਨੇ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਦੇ ਧਿਆਨ ਵਿਚ ਲਿਆਂਦਾ ਕਿ ਵਿਧਾਇਕ ਨੂੰ ਦਿੱਤਾ ਗਿਆ ਦਫ਼ਤਰੀ ਕਮਰਾ ਜੁਆਇੰਟ ਕਮਿਸ਼ਨਰ ਦਾ ਦਫ਼ਤਰ ਖਾਲੀ ਕਰਵਾ ਕੇ ਦਿੱਤਾ ਗਿਆ  ਹੈ, ਜਿਸ ਕਰ ਕੇ ਜੁਆਇੰਟ ਕਮਿਸ਼ਨਰ ਕਲਰਕ ਵਾਲੇ ਕਮਰੇ ਵਿਚ ਬੈਠਣ ਲੱਗੇ ਹਨ, ਇਸ ਕਰ ਕੇ ਦਫ਼ਤਰ ਦਾ ਢਾਂਚਾ ਹੀ ਖਰਾਬ ਹੋ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਨਗਰ ਕਮਿਸ਼ਨਰ ਇਹ ਸਪੱਸ਼ਟ ਕਰਨ  ਕਿ ਵਿਧਾਇਕ ਨੂੰ ਦਿੱਤਾ ਗਿਆ ਕਮਰਾ ਕਿਹਡ਼ੇ ਐਕਟ ਤਹਿਤ ਦਿੱਤਾ ਗਿਆ ਹੈ, ਇਸ ਸਬੰਧੀ ਸਮੁੱਚੇ ਨਿਗਮ ਨੂੰ ਜਾਣੂ ਕਰਵਾਇਆ ਜਾਵੇ।
‘ਖਾਲੀ ਪਲਾਟਾਂ ’ਚ ਪਈ ਗੰਦਗੀ ਦਾ ਦਿਖਾਇਆ ਮੌਕਾ, ਨਹੀਂ ਹੋਈ ਕਾਰਵਾਈ’
ਐੱਫ. ਐਂਡ. ਸੀ. ਸੀ. ਕਮੇਟੀ ਦੇ ਮੈਂਬਰ ਵਿਨੇ ਸ਼ਰਮਾ ਨੇ ਕਿਹਾ ਕਿ ਪਹਾਡ਼ਾ ਸਿੰਘ ਚੌਕ ਦੇ ਖਾਲੀ ਪਲਾਟਾਂ ’ਚ ਥਾਂ-ਥਾਂ ਗੰਦਗੀ ਪਈ ਹੈ ਅਤੇ ਜਿਸ ਸਬੰਧੀ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਮੌਕਾ ਵੀ ਦਿਖਾਇਆ ਹੈ ਪਰ ਫਿਰ ਵੀ ਗੰਦਗੀ ਦੇ ਹੱਲ ਲਈ ਅਗਲੀ ਕਾਰਵਾਈ ਸ਼ੁਰੂ ਨਹੀਂ ਹੋ ਸਕੀ। ਇਕ ਪਾਸੇ ਤਾਂ ਨਿਗਮ ਚਲਾਨ ਕੱਟ ਰਿਹਾ ਹੈ ਅਤੇ ਦੂਜੇ ਪਾਸੇ ਖਾਲੀ ਪਲਾਟਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਜੇ ਵਿਧਾਇਕ ਸਾਰੇ ਕੌਂਸਲਰਾਂ ਨੂੰ ਇਕਜੁੱਟ ਕਰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ : ਕੌਂਸਲਰ ਗਿੱਲ
ਨਗਰ ਨਿਗਮ ਮੋਗਾ ਦੇ ਸੀਨੀਅਰ ਕੌਂਸਲਰ ਤਿਰਲੋਚਨ ਸਿੰਘ ਗਿੱਲ ਦਾ ਕਹਿਣਾ ਸੀ  ਕਿ ਭਾਵੇਂ ਹਲਕਾ ਵਿਧਾਇਕ ਹਰਜੋਤਕਮਲ ਵਿਰੋਧੀ ਪਾਰਟੀ ਨਾਲ ਸਬੰਧ ਰੱਖਦੇ ਹਨ ਪਰ ਜੇਕਰ ਉਹ ਸ਼ਹਿਰ ਦੇ ਵਿਕਾਸ ਲਈ ਸਾਰੇ ਕੌਂਸਲਰਾਂ ਨੂੰ ਇਕਜੁੱਟ ਕਰਦੇ ਹਨ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਮੇਅਰ ਵਿਰੁੱਧ ਆਪਣੀ ਭਡ਼ਾਸ ਕੱਢਦਿਆਂ ਕਿਹਾ ਕਿ ਬਿਨਾਂ ਸ਼ੱਕ ਨਗਰ ਨਿਗਮ ਮੋਗਾ ਦਾ ਮੇਅਰ ‘ਡੰਮੀ’ ਬਣ ਕੇ ਰਹਿ ਗਿਆ ਹੈ ਕਿਉਂਕਿ ਕਰੋਡ਼ਾਂ ਰੁਪਏ ਦੇ ਵਿਕਾਸ ਕਾਰਜ ਪਾਸ ਹੋਣ ਦੇ ਬਾਵਜੂਦ ਕੰਮ ਸ਼ੁਰੂੁ ਨਹੀਂ ਹੋ ਰਹੇ, ਜਿਸ ਤੋਂ ਸਪੱਸ਼ਟ ਹੈ ਕਿ ਮੇਅਰ ਦਾ ਵਿਕਾਸ ਕਾਰਜਾਂ ਵੱਲ ਧਿਆਨ ਨਹੀਂ ਹੈ। 
ਕੌਂਸਲਰਾਂ ਦੇ ਨਿਸ਼ਾਨੇ ’ਤੇ ਰਹੇ ਨਿਗਮ ਐਕਸੀਅਨ
 ਨਗਰ ਨਿਗਮ ਮੋਗਾ ਦੇ ਕੌਂਸਲਰਾਂ ਦੀ ਮੀਟਿੰਗ ਦੌਰਾਨ ਅੱਜ ਸਭ ਤੋਂ ਵੱਧ ਨਿਸ਼ਾਨੇ ’ਤੇ ਨਗਰ ਨਿਗਮ ਮੋਗਾ ਦੇ ਐਕਸੀਅਨ ਰਹੇ, ਜਿਨ੍ਹਾਂ ’ਤੇ ਬਹੁਤੇ ਕੌਂਸਲਰਾਂ ਨੇ ਵਿਕਾਸ ਕਾਰਜ ਸਮੇਂ ਸਿਰ ਸ਼ੁਰੂ ਨਾ ਕਰਵਾਉਣ ਦੇ ਦੋਸ਼ ਲਾਏ, ਇੱਥੇ ਹੀ ਬਸ ਨਹੀਂ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਨੇ ਤਿੱਖਾ ਰੋਸ ਜ਼ਾਹਰ ਕਰਦਿਆਂ ਦੋਸ਼ ਲਾਇਆ ਕਿ ਨਿਗਮ ਦੇ ਅਧਿਕਾਰੀ ਵਿਕਾਸ ਕਾਰਜ ਦੇ ਹੋਰ ਕੰਮਾਂ ਦੀ ਜਾਣਕਾਰੀ ਮੰਗਣ ’ਤੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ, ਜਿਸ ਕਰ ਕੇ ਸਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੌਂਸਲਰ ਬਬਲੂ ਨੇ ਚੀਫ ਸੈਨੇਟਰੀ ਇੰਸਪੈਕਟਰ ’ਤੇ ਲਾਇਆ ਸ਼ਹਿਰ ਦੀ ਸਫਾਈ ਵੱਲ ਧਿਆਨ ਨਾ ਦੇਣ ਦਾ ਦੋਸ਼
ਨਿਗਮ ਦੇ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਨੇ ਚੀਫ ਸੈਨੇਟਰੀ ਇੰਸਪੈਕਟਰ ’ਤੇ ਸ਼ਹਿਰ ਦੀ ਸਾਫ-ਸਫਾਈ ਵੱਲ ਧਿਆਨ ਨਾ  ਦੇਣ ਦਾ ਦੋਸ਼ ਲਾਇਆ। ਇਸ ਮਸਲੇ ਮਗਰੋਂ ਮੇਅਰ ਅਕਸ਼ਿਤ ਜੈਨ ਨੇ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਹੀਂ ਨਿਭਾਉਂਦਾ ਤਾਂ ਕੌਂਸਲਰ ਲਿਖਤੀ ਤੌਰ ’ਤੇ ਸ਼ਿਕਾਇਤ ਕਰਨ ਤਾ ਹੀ ਬਣਦੀ ਕਾਰਵਾਈ ਸੰਭਵ ਹੋ ਸਕੇਗੀ।
 ਕੌਂਸਲਰ ਸਚਦੇਵਾ ਨੇ ਲਾਏ ਨਿਗਮ ’ਚ ਧਾਂਦਲੀਆਂ ਦੇ ਦੋਸ਼
ਨਗਰ ਨਿਗਮ ਮੋਗਾ ਦੇ ਕੌਂਸਲਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਲੋਕ ਲਹਿਰ ਖਡ਼੍ਹੀ ਕਰਨ ਵਾਲੇ ਸਮਾਜਿਕ ਆਗੂ ਗੁਰਪ੍ਰੀਤ ਸਿੰਘ ਸਚਦੇਵਾ ਨੇ ਦੋਸ਼ ਲਾਇਆ ਕਿ ਨਿਗਮ ’ਚ ਕੰਮ ਕਰਵਾਉਣ ਲਈ ਕਥਿਤ ਤੌਰ ’ਤੇ ਰਿਸ਼ਵਤ ਚੱਲਦੀ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਇਸ ਸਬੰਧੀ ਪੱਕੇ ਸਬੂਤ ਵੀ ਹਨ ਅਤੇ ਜੇਕਰ ਲੋਡ਼ ਪਈ ਤਾਂ ਉਹ ਇਹ ਸਬੂਤ ਜਨਤਕ ਵੀ ਕਰਨਗੇ। ਇਸੇ ਦੌਰਾਨ ਹੀ ਕੌਂਸਲਰ ਨਸੀਬ ਬਾਵਾ ਨੇ ਕੌਂਸਲਰ ਸਚਦੇਵਾ ਵੱਲੋਂ ਸ਼ਹਿਰ ਦੇ ਖੱਡੇ ਭਰਨ ’ਤੇ ਨਿਗਮ ਵੱਲੋਂ ਕਾਰਵਾਈ ਕਰਵਾਉਣ ਦੀ ਦਿੱਤੀ  ਗਈ ਸ਼ਿਕਾਇਤ  ਵਾਪਿਸ ਕਰਵਾਉਣ ਲਈ  ਕਿਹਾ  ਤਾਂ ਮੇਅਰ ਅਕਸ਼ਿਤ ਜੈਨ ਨੇ ਕਿਹਾ ਕਿ ਜਲਦ ਹੀ ਉਹ ਸ਼ਿਕਾਇਤ ਵਾਪਿਸ ਕਰਵਾਉਣਗੇ।


Related News