ਮਾਛੀਵਾੜਾ 'ਚ ਤੂਫਾਨ ਤੇ ਮੀਂਹ ਨੇ ਝੰਬੀਆਂ ਫਸਲਾਂ, ਮੁਰਝਾਏ ਕਿਸਾਨਾਂ ਦੇ ਚਿਹਰੇ

03/13/2020 2:01:20 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਅੱਧੀ ਰਾਤੀਂ ਤੂਫ਼ਾਨ, ਗੜ੍ਹੇਮਾਰੀ ਅਤੇ ਹੋਈ ਭਾਰੀ ਬਾਰਸ਼ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ, ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਛਾਈ ਹੋਈ ਹੈ। ਬੀਤੀ ਰਾਤ ਕਰੀਬ 1 ਵਜੇ ਤੇਜ਼ ਤੂਫ਼ਾਨ ਤੋਂ ਬਾਅਦ ਗੜ੍ਹੇਮਾਰੀ ਹੋਈ, ਜੋ ਕਿ 10-15 ਮਿੰਟਾਂ ਤੱਕ ਜਾਰੀ ਰਹੀ। ਇਸ ਭਾਰੀ ਬਰਫ਼ਬਾਰੀ ਨੇ ਪੱਕਣ ਨੂੰ ਤਿਆਰ ਖੜ੍ਹੀਆਂ ਕਣਕ ਦੀਆਂ ਫਸਲਾਂ ਝੰਬ ਦਿੱਤੀਆਂ।

PunjabKesari

ਵੱਡੇ-ਵੱਡੇ ਪਏ ਗੜ੍ਹਿਆਂ ਕਾਰਨ ਕਣਕ ਦੀਆਂ ਬੱਲੀਆਂ 'ਚੋਂ ਦਾਣਾ ਬਿਖ਼ਰ ਗਿਆ ਅਤੇ ਤੂਫ਼ਾਨ ਤੋਂ ਬਾਅਦ ਇਹ ਖੇਤਾਂ 'ਚ ਵਿਛ ਗਈਆਂ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਦੇ ਪਿੰਡ ਸ਼ੇਰਪੁਰ ਬੇਟ, ਫਤਹਿਗੜ੍ਹ ਬੇਟ, ਗੜ੍ਹੀ ਸੈਣੀਆਂ, ਰਾਣਵਾਂ, ਮੰਡ ਉਧੋਵਾਲ, ਚੱਕ ਲੋਹਟ ਸਮੇਤ 50 ਤੋਂ ਵੱਧ ਪਿੰਡ ਹਨ, ਜਿੱਥੇ ਗੜ੍ਹੇਮਾਰੀ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ। ਕਣਕ ਤੋਂ ਇਲਾਵਾ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਹੁਣ ਪਸ਼ੂ ਪਾਲਕਾਂ ਨੂੰ ਇਹ ਚਿੰਤਾ ਸਤਾਉਣ ਲੱਗ ਪਈ ਹੈ ਕਿ ਉਹ ਮਹਿੰਗਾ ਚਾਰਾ ਕਿੱਥੋਂ ਲਿਆਉਣਗੇ।

PunjabKesari

ਇਸ ਤੋਂ ਇਲਾਵਾ ਸਰ੍ਹੋਂ ਦੀ ਫਸਲ ਵੀ ਕਈ ਥਾਵਾਂ 'ਤੇ ਪੱਕ ਕੇ ਤਿਆਰ ਖੜ੍ਹੀ ਸੀ, ਜੋ ਕਿ ਪੂਰੀ ਤਰ੍ਹਾਂ ਨਸ਼ਟ ਹੋ ਗਈ ਅਤੇ ਕਈ ਥਾਵਾਂ 'ਤੇ ਸਬਜ਼ੀਆਂ ਵੀ ਮਿੱਟੀ 'ਚ ਮਿਲ ਗਈਆਂ। ਮਾਛੀਵਾੜਾ ਇਲਾਕੇ ਦੇ ਪੀੜ੍ਹਤ ਕਿਸਾਨਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਕਿਸਾਨੀ ਪਹਿਲਾਂ ਹੀ ਘਾਟੇ ਵਾਲਾ ਸੌਦਾ ਸਾਬਿਤ ਹੋ ਰਹੀ ਹੈ ਅਤੇ ਉਪਰੋਂ ਕੁਦਰਤੀ ਕਰੋਪੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਲਈ ਸਰਕਾਰ ਵੱਧ ਤੋਂ ਵੱਧ ਮੁਆਵਜ਼ਾ ਦੇਵੇ।
2 ਇੰਚ ਤੱਕ ਜਮੀਨ 'ਤੇ ਵਿਛੀ ਬਰਫ਼ ਸਵੇਰ ਤੱਕ ਨਾ ਪਿਘਲੀ
ਅੱਧੀ ਰਾਤੀਂ ਮਾਛੀਵਾੜਾ ਇਲਾਕੇ 'ਚ ਗੜ੍ਹੇਮਾਰੀ ਇੰਨੀ ਤੇਜ਼ ਹੋਈ ਕਿ ਘਰਾਂ 'ਚ ਸੁੱਤੇ ਪਏ ਲੋਕ ਕੰਬ ਉੱਠੇ ਅਤੇ ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਸੜਕਾਂ ਤੇ ਖੇਤਾਂ 'ਚ 2-2 ਇੰਚ ਬਰਫ਼ ਵਿਛੀ ਪਈ ਸੀ। ਸਵੇਰ ਹੋਣ ਤੱਕ ਇਹ ਬਰਫ਼ ਕਈ ਥਾਵਾਂ 'ਤੇ ਨਹੀਂ ਪਿਘਲੀ ਸੀ, ਜੋ ਕਿ ਖੇਤਾਂ ਤੇ ਸੜਕਾਂ 'ਤੇ ਦਿਖ ਰਹੀ ਸੀ। ਮਾਛੀਵਾੜਾ ਇਲਾਕੇ 'ਚ ਇੰਨੀ ਭਿਆਨਕ ਗੜ੍ਹੇਮਾਰੀ ਨੇ ਕਿਸਾਨਾਂ ਤੇ ਲੋਕਾਂ ਦੇ ਸਾਹ ਸੂਤੇ ਰੱਖੇ ਅਤੇ ਸਵੇਰੇ ਖੇਤਾਂ 'ਚ ਵਿਛੀਆਂ ਪਈਆਂ ਫਸਲਾਂ ਦੇਖ ਕਿਸਾਨ ਬੇਹੱਦ ਚਿੰਤਤ ਦਿਖਾਈ ਦਿੱਤੇ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ 15 ਮਿੰਟ ਹੋਈ ਗੜ੍ਹੇਮਾਰੀ ਨੇ ਤਬਾਹ ਕਰ ਦਿੱਤੀ।
PunjabKesari

ਤੂਫ਼ਾਨ ਕਾਰਨ ਮਕਾਨ ਤੇ ਬਿਜਲੀ ਦੇ ਖੰਭੇ ਵੀ ਡਿਗੇ
ਮਾਛੀਵਾੜਾ ਇਲਾਕੇ 'ਚ ਤੂਫ਼ਾਨ ਤੇ ਮੀਂਹ ਕਾਰਨ ਕਈ ਥਾਵਾਂ 'ਤੇ ਗਰੀਬਾਂ ਦੇ ਮਕਾਨ ਅਤੇ ਬਿਜਲੀ ਵਾਲੇ ਖੰਭੇ ਵੀ ਡਿਗ ਗਏ। ਜਾਣਕਾਰੀ ਅਨੁਸਾਰ ਮਾਛੀਵਾੜਾ ਤੋਂ ਰੋਪੜ ਰੋਡ 'ਤੇ ਸਥਿਤ ਕਈ ਥਾਵਾਂ 'ਤੇ ਬਿਜਲੀ ਬੋਰਡ ਦੇ ਖੰਭੇ, ਟਰਾਂਸਫਾਰਮ ਨੁਕਸਾਨੇ ਗਏ, ਜਿਸ ਕਾਰਨ ਬਿਜਲੀ ਸਪਲਾਈ ਰਾਤ ਤੋਂ ਇਨ੍ਹਾਂ ਪਿੰਡਾਂ 'ਚ ਠੱਪ ਹੈ। ਇਸ ਤੋਂ ਇਲਾਵਾ ਸ਼ੇਰਪੁਰ ਬੇਟ ਤੇ ਫਤਹਿਗੜ੍ਹ ਬੇਟ ਵਿਖੇ ਗਰੀਬ ਪਰਿਵਾਰਾਂ ਦੇ 2 ਮਕਾਨ ਵੀ ਡਿਗੇ, ਜਿਸ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ, ਖੜ੍ਹੀ ਫਸਲ ਜ਼ਮੀਨ 'ਤੇ ਵਿਛੀ
ਸਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਤੂਫ਼ਾਨ, ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ। ਲੱਖੋਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ 'ਚ ਡੁੱਬਿਆ ਹੈ ਅਤੇ ਉਪਰੋਂ ਹੁਣ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਨੇ ਉਸ ਦਾ ਲੱਕ ਤੋੜ ਦਿੱਤਾ। ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ।

PunjabKesari


Babita

Content Editor

Related News