ਕਿਸਾਨਾਂ ਦੇ ਬਿਜਲੀ ਟਰਾਂਸਫਾਰਮਰਾਂ ''ਚੋਂ ਹਜ਼ਾਰਾਂ ਦਾ ਸਾਮਾਨ ਚੋਰੀ

Sunday, Jan 28, 2018 - 10:33 AM (IST)

ਕਿਸਾਨਾਂ ਦੇ ਬਿਜਲੀ ਟਰਾਂਸਫਾਰਮਰਾਂ ''ਚੋਂ ਹਜ਼ਾਰਾਂ ਦਾ ਸਾਮਾਨ ਚੋਰੀ


ਮੋਗਾ (ਆਜ਼ਾਦ) - ਜ਼ਿਲੇ 'ਚ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਟਰਾਂਸਫਾਰਮਰਾਂ 'ਚੋਂ ਸਾਮਾਨ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ, ਜਿਸ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ ਦੇ ਕਈ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰਾਂ 'ਚੋਂ ਹਜ਼ਾਰਾਂ ਰੁਪਏ ਮੁੱਲ ਦਾ ਤਾਂਬਾ ਤੇ ਤੇਲ ਚੋਰੀ ਕੀਤਾ ਜਾ ਚੁੱਕਾ ਹੈ। 
ਜਾਣਕਾਰੀ ਅਨੁਸਾਰ ਉਕਤ ਗਿਰੋਹ ਵੱਲੋਂ ਬੀਤੇ ਦਿਨੀਂ ਜਸਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਮੱਖਣ ਸਿੰਘ, ਸਤਪਾਲ ਸਿੰਘ ਨਿਵਾਸੀ ਪਿੰਡ ਸਾਹੋਕੇ, ਗੁਰਮੇਲ ਸਿੰਘ, ਨਾਇਬ ਸਿੰਘ, ਦਰਸ਼ਨ ਸਿੰਘ ਨਿਵਾਸੀ ਪਿੰਡ ਵਾਂਦਰ ਦੇ ਖੇਤਾਂ 'ਚ ਲੱਗੇ ਬਿਜਲੀ ਟਰਾਂਸਫਾਰਮਰਾਂ 'ਚੋਂ ਕਰੀਬ 27 ਹਜ਼ਾਰ ਰੁਪਏ ਮੁੱਲ ਦਾ ਸਾਮਾਨ ਚੋਰੀ ਕਰ ਲਿਆ। ਇਸ ਸਬੰਧ 'ਚ ਥਾਣਾ ਸਮਾਲਸਰ ਪੁਲਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮੌਕੇ 'ਤੇ ਪਹੁੰਚੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਪੁਲਸ ਮੁਲਾਜ਼ਮਾਂ ਸਮੇਤ ਉਥੇ ਪੁੱਜੇ ਤੇ ਚੋਰੀ ਦੀ ਘਟਨਾ ਦੀ ਜਾਂਚ ਕੀਤੀ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ, ਜਦਕਿ ਗਿਰੋਹ ਵੱਲੋਂ 10 ਜਨਵਰੀ ਨੂੰ ਜਸਵੰਤ ਸਿੰਘ ਨਿਵਾਸੀ ਪਿੰਡ ਰਾਮੂਵਾਲਾ ਕਲਾਂ ਦੇ 10 ਕੇ. ਵੀ. ਬਿਜਲੀ ਟਰਾਂਸਫਾਰਮਰ 'ਚੋਂ 38 ਹਜ਼ਾਰ 218 ਰੁਪਏ ਦਾ ਸਾਮਾਨ ਚੋਰੀ ਕੀਤਾ ਸੀ। 
ਦਵਿੰਦਰ ਸਿੰਘ ਨਿਵਾਸੀ ਪਿੰਡ ਕੋਕਰੀ ਕਲਾਂ ਤੇ ਹਰਪਾਲ ਸਿੰਘ ਨਿਵਾਸੀ ਪਿੰਡ ਚੌਗਾਵਾਂ ਦੇ ਦੋ 16 ਕੇ. ਵੀ. ਟਰਾਂਸਫਾਰਮਰਾਂ 'ਚੋਂ 36 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕੀਤਾ। ਇਸ ਤਰ੍ਹਾਂ ਸੁਰਿੰਦਰ ਸਿੰਘ, ਸਤਨਾਮ ਸਿੰਘ ਨਿਵਾਸੀ ਪਿੰਡ ਤਲਵੰਡੀ ਮੱਲ੍ਹੀਆਂ ਦੇ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਰਾਂਸਫਾਰਮਰ 'ਚੋਂ 34 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋਣ ਦਾ ਸਮਾਚਾਰ ਮਿਲਿਆ ਸੀ। ਦਸੰਬਰ, 2017 ਦੇ ਅਖੀਰ 'ਚ ਥਾਣਾ ਬਾਘਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਕਾਲੇਕੇ ਦੇ ਕਿਸਾਨ ਮੱਖਣ ਸਿੰਘ ਦੇ 16 ਕੇ. ਵੀ., ਰੇਸ਼ਮ ਸਿੰਘ ਦੇ 63 ਕੇ. ਵੀ., ਜਗਰੂਪ ਸਿੰਘ ਦੇ 10 ਕੇ. ਵੀ. ਤੇ ਪਿੰਡ ਰਾਜੇਆਣਾ ਦੇ ਕਿਸਾਨ ਕੀਰਤ ਸਿੰਘ ਦੇ 10 ਕੇ. ਵੀ. ਤੇ ਹੋਰਨਾਂ ਕਿਸਾਨਾਂ ਦੇ ਖੇਤਾਂ 'ਚ ਲੱਗੇ ਬਿਜਲੀ ਟਰਾਂਸਫਾਰਮਰਾਂ 'ਚੋਂ ਕਰੀਬ 1 ਲੱਖ 18 ਹਜ਼ਾਰ 740 ਰੁਪਏ ਦਾ ਕੀਮਤੀ ਸਾਮਾਨ ਚੋਰੀ ਹੋ ਗਿਆ ਸੀ, ਜਿਸ ਦਾ ਅਜੇ ਤੱਕ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ।


Related News