ਐੱਨ. ਆਰ. ਆਈ. ਸਾਬਕਾ ਪੰਚ ਦੇ ਘਰ ’ਚੋਂ ਲੱਖਾਂ ਦੀ ਚੋਰੀ
Friday, Aug 10, 2018 - 12:50 AM (IST)

ਮੋਗਾ, (ਸੰਦੀਪ, ਅਾਜ਼ਾਦ)-ਮੋਗਾ ਦੇ ਨੇਡ਼ਲੇ ਪਿੰਡ ਚੰਦ ਨਵਾਂ ਨਿਵਾਸੀ ਐੱਨ. ਆਰ. ਆਈ. ਸਾਬਕਾ ਪੰਚ ਜਗਸੀਰ ਸਿੰਘ ਸੀਰਾ ਦੇ ਘਰ ’ਚੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਮੁੱਲ ਦਾ ਸਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰਕੇ ਅਣਪਛਾਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਚੰਦ ਨਵਾਂ ਨਿਵਾਸੀ ਐੱਨ. ਆਰ. ਆਈ. ਸਾਬਕਾ ਪੰਚ ਜਗਸੀਰ ਸਿੰਘ ਸੀਰਾ ਪੁੱਤਰ ਮਲਕੀਤ ਸਿੰਘ ਜੋ ਪਰਿਵਾਰ ਸਮੇਤ ਪਿਛਲੇ ਚਾਰ ਮਹੀਨਿਆਂ ਤੋਂ ਕੈਨੇਡਾ ਚਲਾ ਗਿਆ ਸੀ। ਘਰ ’ਚ ਉਸਦਾ ਬੇਟਾ ਗੁਰਜੀਵਨ ਸਿੰਘ ਹੀ ਰਹਿੰਦਾ ਸੀ, ਜੋ ਆਪਣੇ ਨਨਿਹਾਲ ਪਿੰਡ ਰੋਲੀ ਗਿਆ ਹੋਇਆ ਸੀ। ਬੀਤੀ 8 ਅਗਸਤ ਨੂੰ ਅਣਪਛਾਤੇ ਚੋਰ ਉਨ੍ਹਾਂ ਦੇ ਘਰ ’ਚ ਨਾਲ ਲੱਗਦੇ ਪਲਾਟ ਦੀ ਕੰਧ ’ਚ ਸੰਨ ਲਾ ਕੇ ਦਾਖਲ ਹੋਏ ਅਤੇ ਘਰ ਦੇ ਜਿੰਦਰੇ ਭੰਨ ਕੇ ਇਕ ਐਕਟਿਵਾ ਸਕੂਟਰੀ, 3 ਐੱਲ. ਸੀ. ਡੀ., ਲੈਪਟਾਪ, ਜੀ. ਪੀ. ਆਰ. ਸਿਸਟਮ, 8 ਮੋਬਾਇਲ ਫੋਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਉਕਤ ਚੋਰੀ ਹੋਏ ਸਮਾਨ ਦੀ ਕੀਮਤ ਤਿੰਨ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰੀ ਦਾ ਪਤਾ ਸਵੇਰੇ ਜਦ ਗੁਆਂਢੀਆਂ ਨੂੰ ਲੱਗਾ ਤਾਂ ਨਛੱਤਰ ਸਿੰਘ ਭੋਲਾ ਨੇ ਉਸਦੇ ਸਾਲੇ ਜੁਗਰਾਜ ਸਿੰਘ ਰਾਜਾ ਅਤੇ ਬੇਟੇ ਗੁਰਜੀਵਨ ਸਿੰਘ ਨੂੰ ਪਿੰਡ ਰੋਲੀ ਸੂਚਿਤ ਕੀਤਾ, ਜਿਸ ’ਤੇ ਅਸੀਂ ਉਥੇ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਜਾਂਚ ਕੀਤੀ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਰਣਧੀਰ ਸਿੰਘ ਰਾਣਾ ਅਤੇ ਹਰਪ੍ਰੀਤ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੋਰੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਡਾਗ ਸਕਾਉਇਡ ਦੀ ਸਹਾਇਤਾ ਨਾਲ ਚੋਰਾਂ ਦਾ ਸੁਰਾਗ ਲਾਉਣ ਦਾ ਯਤਨ ਕੀਤਾ ਗਿਆ, ਪਰ ਕੋਈ ਸੁਰਾਗ ਨਹੀਂ ਮਿਲਿਆ, ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਐੱਨ. ਆਰ. ਆਈ. ਦੇ ਰਿਸ਼ਤੇਦਾਰ ਜੁਗਰਾਜ ਸਿੰਘ ਰਾਜਾ ਨਿਵਾਸੀ ਪਿੰਡ ਰੋਲੀ ਦੇ ਬਿਆਨਾਂ ’ਤੇ ਥਾਣਾ ਬਾਘਾਪੁਰਾਣਾ ’ਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।