ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਹੀਆਂ ਇਹ ਗੱਲਾਂ

Sunday, Jul 17, 2022 - 09:57 PM (IST)

ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਹੀਆਂ ਇਹ ਗੱਲਾਂ

ਮਾਨਸਾ (ਬਿਊਰੋ) : ਗੈਂਗਸਟਰ ਗੋਲਡੀ ਬਰਾੜ ਵੱਲੋਂ ਇਕ ਇੰਟਰਵਿਊ ਰਾਹੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਮੂਸੇਵਾਲਾ ਦੇ ਮਾਤਾ-ਪਿਤਾ ਅੱਜ ਇਕ ਵਾਰ ਫਿਰ ਕੈਮਰੇ ਅੱਗੇ ਆਏੇੇ। ਇਸ ਦੌਰਾਨ ਸਿੱਧੂ ਦੀ ਮਾਂ ਨੇ ਕਿਹਾ ਕਿ ਸਿੱਧੂ ਬਾਰੇ ਜੋ ਕੁਝ ਵੀ ਮੂੰਹ ਲੁਕੋ ਕੇ ਬੋਲ ਰਹੇ ਹਨ, ਸਾਨੂੰ ਝੱਲਣਾ ਔਖਾ ਹੋ ਗਿਆ ਹੈ। ਉਨ੍ਹਾਂ ਦਾ ਪੁੱਤ ਲੋਕਾਂ ਦੀਆਂ ਜਾਨਾਂ ਬਚਾਉਣ ’ਚ ਲੱਗਾ ਹੋਇਆ ਸੀ। ਉਨ੍ਹਾਂ ਕਿਹਾ ਕਿ ਪੀ. ਜੀ. ਆਈ. ’ਚ ਜਾ ਕੇ ਪੁੱਛ ਸਕਦੇ ਹੋ ਕਿ ਉਸ ਨੇ ਕਿੰਨੇ ਮਰੀਜ਼ਾਂ ਦੀ ਜਾਨ ਬਚਾਈ। ਜੇ ਕਿਸੇ ਨੂੰ ਬਲੱਡ ਦੀ ਲੋੜ ਹੁੰਦੀ ਸੀ ਤਾਂ ਸਿੱਧੂ ਪੋਸਟ ਸੋਸ਼ਲ ਮੀਡੀਆ ’ਤੇ ਪੋਸਟ ਪਾ ਦਿੰਦਾ ਸੀ ਤੇ ਉਸ ਦੀ ਪੋਸਟ ਕਾਰਨ ਹਜ਼ਾਰਾਂ ਨੌਜਵਾਨ ਖ਼ੂਨ ਦੇਣ ਲਈ ਖੜ੍ਹੇ ਹੋ ਜਾਂਦੇ ਸਨ। ਲੋਕ ਕਹਿ ਰਹੇ ਹਨ ਕਿ ਸਿੱਧੂ ’ਚ ਹੰਕਾਰ ਸੀ, ਜਿਸ ਬੰਦੇ ਨੇ ਜ਼ਮੀਨ ਤੋਂ ਉੱਠ ਕੇ ਤਰੱਕੀ ਕੀਤੀ ਹੁੰਦੀ, ਉਸ ’ਚ ਹੰਕਾਰ ਆ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਫਖ਼ਰ ਹੈ ਕਿ ਮੇਰਾ ਪੁੱਤ ਬਹਾਦਰ ਤੇ ਸ਼ੇਰ ਸੀ ਤਾਂ ਹੀ ਤਾਂ ਉਸ ਨੂੰ ਇੰਨੀਆਂ ਮਾਵਾਂ, ਬੱਚੇ ਤੇ ਬਜ਼ੁਰਗ ਰੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬੁਜ਼ਦਿਲ ਲੋਕ ਹਨ, ਜਿਹੜੇ ਮੁੂੰਹ ਲੁਕੋ ਕੇ ਫੇਸਬੁੱਕ ’ਤੇ ਭਕਾਈਆਂ ਮਾਰਦੇ ਹਨ ਤੇ ਕੋਰਾ ਝੂਠ ਬੋਲ ਰਹੇ ਹਨ। ਇਹ ਲੋਕ ਅਜਿਹਾ ਸਿੱਧੂ ਦਾ ਅਕਸ ਖ਼ਰਾਬ ਕਰਨ ਲਈ ਕਰ ਰਹੇ ਹਨ ਪਰ ਸਿੱਧੂ ਦੇ ਅਕਸ ਬਾਰੇ ਦੋ ਮਹੀਨਿਆਂ ਤੋਂ ਸਾਰਿਆਂ ਨੂੰ ਪਤਾ ਲੱਗ ਰਿਹਾ ਹੈ। ਉਹ ਸ਼ੇਰ ਮਾਂ ਦਾ ਸ਼ੇਰ ਪੁੱਤ ਸੀ ਤੇ ਸਾਨੂੰ ਉਸ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਲੋਕ ਆ ਕੇ ਮੈਨੂੰ ਕਹਿੰਦੇ ਹਨ ਕਿ ਤੁਹਾਡੀ ਕੁੱਖ ਸੁਲੱਖਣੀ ਹੈ ਕਿ ਤੁਸੀਂ ਸਿੱਧੂ ਵਰਗੇ ਪੁੱਤ ਨੂੰ ਜਨਮ ਦਿੱਤਾ ਪਰ ਉਨ੍ਹਾਂ ਦੀਆਂ ਮਾਵਾਂ ਦੀਆਂ ਕੁੱਖਾਂ ਨੂੰ ਲੋਕ ਗਾਲ੍ਹਾਂ ਕੱਢ ਰਹੇ ਹਨ। ਇਸ ਨਾਲ ਮੇਰੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।

ਇਹ ਵੀ ਪੜ੍ਹੋ : ਪੰਨੂ ਨੇ 15 ਅਗਸਤ ਤਕ ਭਾਰਤ ਦੇ ਵੱਡੇ ਸ਼ਹਿਰਾਂ ’ਚ ਬਿਜਲੀ ਸਪਲਾਈ ’ਚ ਵਿਘਨ ਪਾਉਣ ਦੀ ਦਿੱਤੀ ਧਮਕੀ

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਨੂੰ ਕਤਲ ਕਰਵਾਉਣ ਵਾਲਿਆਂ ਨੇ ਸੋਚਿਆ ਹੋਵੇਗਾ ਕਿ ਸਿੱਧੂ ਦੀ ਆਵਾਜ਼ ਨੂੰ ਸ਼ਾਂਤ ਕਰ ਦੇਣਗੇ ਤੇ ਸਭ ਕੁਝ ਖ਼ਤਮ ਹੋ ਜਾਵੇਗਾ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਿੱਧੂੁ ਨੂੰ ਜਿਊਂਦੇ ਜੀਅ 1 ਮਿਲੀਅਨ ਲੋਕ ਫਾਲੋ ਕਰਦੇ ਸਨ ਪਰ ਅੱਜ ਉਸ ਨੂੰ 16 ਮਿਲੀਅਨ ਤੋਂ ਵੱਧ ਲੋਕ ਫਾਲੋ ਕਰ ਰਹੇ ਹਨ। ਸਿੱਧੂ ਦੀ ਸੋਚ ਅੱਗੇ ਨਾਲੋਂ ਦੁੱਗਣੀ ਹੋਈ ਹੈ ਤੇ ਆਉਣ ਵਾਲੇ ਸਮੇਂ ’ਚ ਪਤਾ ਲੱਗ ਜਾਵੇਗਾ ਕਿ ਸਿੱਧੂ ਕੀ ਚੀਜ਼ ਸੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਗਏ ਅੱਜ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਲੋਕਾਂ ਦੀ ਖਿੱਚ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਕੁਆਰੀ ਵੀ ਚੱਲ ਰਹੀ ਹੈ ਤੇ ਸਾਨੂੰ ਜਿਥੇ ਕੋਈ ਅਫ਼ਸਰ ਬੁਲਾਉਂਦਾ ਜਾਣਾ ਪੈਂਦਾ ਹੈ। ਅਸੀਂ ਤਾਂ ਇਹੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਬੱਚੇ ਦਾ ਸਾਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇ। ਇਸ ’ਚ ਪੁਲਸ ਪ੍ਰਸ਼ਾਸਨ ਤਨਦੇਹੀ ਨਾਲ ਲੱਗਾ ਹੋਇਆ ਹੈ। ਅਸੀਂ ਉਮੀਦ ਕਰ ਸਕਦੇ ਹਾਂ ਕਿ ਸਾਨੂੰ ਕੁਝ ਚੰਗਾ ਸੁਣਨ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਮੇਰਾ ਪੁੱਤ ਬੇਦੋਸ਼ਾ ਤੇ ਕੋਰਾ ਕਾਗਜ਼ ਸੀ, ਜਿਸ ’ਤੇ ਪਾਪੀਆਂ ਨੇ ਗੋਲ਼ੀਆਂ ਚਲਾਈਆਂ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਮਾਰ ਕਿਸ ਨੂੰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਇਨਸਾਫ਼ ਸ਼ੂਟਰਾਂ ਨੂੰ ਮਾਰਨ ਜਾਂ ਫੜਨ ਤਕ ਸੀਮਤ ਨਹੀਂ ਹੈ, ਜਦੋਂ ਤਕ ਸਰਕਾਰਾਂ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਇਨ੍ਹਾਂ ਦੇ ਆਕਾਵਾਂ ਦਾ ਕੋਈ ਹੱਲ ਨਹੀਂ ਕਰਦੀਆਂ, ਉਦੋਂ ਤਕ ਇਨਸਾਫ਼ ਨੂੰ ਅਧੂਰਾ ਹੀ ਰਹੇਗਾ। 

ਇਹ ਵੀ ਪੜ੍ਹੋ : 1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਨਾਲ 51 ਲੱਖ ਘਰਾਂ ਦਾ ਬਿੱਲ ਆਵੇਗਾ ਜ਼ੀਰੋ : CM ਮਾਨ

ਉਨ੍ਹਾਂ ਕਿਹਾ ਕਿ ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਹੋਰ ਕਿਸੇ ਪਰਿਵਾਰ ਦਾ ਸਾਡੇ ਵਰਗਾ ਹਾਲ ਨਾ ਹੋਵੇ। ਸਿੱਧੂ ਚਲਾ ਗਿਆ ਪਰ ਪਿੱਛੇ ਬਹੁਤ ਸਾਰੇ ਸਵਾਲ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਦੇ ਹਾਕਮਾਂ ਨੂੰ ਗੱਲਾਂ ਧਿਆਨ ’ਚ ਰੱਖਣੀਆਂ ਚਾਹੀਦੀਆਂ ਹਨ ਕਿ ਤਰੱਕੀ ਕਰਨ ਦਾ ਹਸ਼ਰ ਇਸ ਤਰ੍ਹਾਂ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪਾਪੀ ਲੋਕ ਟੀ. ਵੀ. ਚੈਨਲਾਂ ਜ਼ਰੀਏ ਕਹਿੰਦੇ ਹਨ ਕਿ ਸਿੱਧੂ ਨੂੰ ਅਸੀਂ ਮਾਰਨਾ ਸੀ ਅਤੇ ਮੈਂ ਮਰਵਾਇਆ ਹੈ। ਇਹ ਗੱਲ ਸਾਨੂੰ ਸੁਣਨ ਸਮੇਂ ਬਹੁਤ ਔਖੀ ਲੱਗਦੀ ਹੈ ਕਿ ਇਕ ਬੰਦਾ ਸਾਫ਼ ਤੌਰ ’ਤੇ ਕਹਿ ਰਿਹਾ ਹੈ ਕਿ ਮੈਂ ਸਿੱਧੂ ਨੂੰ ਮਾਰਿਆ ਹੈ। ਉਸ ਬੰਦੇ ਨੂੰ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਤਕ ਪਹੁੰਚਾਉਣੀ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਮੇਰੇ ਪੁੱਤ ਨੂੰ ਸੜਕ ’ਤੇ ਜਾਂਦੇ ਗੋਲ਼ੀਆਂ ਮਾਰ ਕੇ ਮਾਰਿਆ ਗਿਆ। ਅਸੀਂ ਵੀ ਚਾਹੁੰਦੇ ਹਾਂ ਕਿ ਉਹ ਪਾਪੀ ਅਦਾਲਤਾਂ ’ਚ ਜਾਣ ਤੇ ਉਨ੍ਹਾਂ ਨੂੰ ਵੀ ਕੋਈ ਸੁਰੱਖਿਆ ਨਾ ਦਿੱਤੀ ਜਾਵੇ ਤੇ ਘੱਟੋ-ਘੱਟ ਅਸੀਂ ਸਿੱਧੇ ਹੋ ਕੇ ਦੇਖ ਤਾਂ ਲਈਏ। ਉਨ੍ਹਾਂ ਕਿਹਾ ਕਿ ਅੱਜ ਪਾਪੀ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਬੱਚੇ ਦੇ ਮਨੁੱਖੀ ਅਧਿਕਾਰ ਕਿੱਥੇ ਸਨ। ਕੀ ਉਹ ਘਰ ਤੋਂ ਬਾਹਰ ਇਕੱਲਾ ਘੁੰਮ ਨਹੀਂ ਸਕਦਾ ਸੀ। ਪੁਲਸ ਕਿੰਨੇ ਕੁ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ। ਸਾਨੂੰ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਅਸੀਂ ਬੇਖ਼ੌਫ਼ ਹੋ ਕੇ ਆਪੋ-ਆਪਣੇ ਘਰਾਂ ’ਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਉਨ੍ਹਾਂ ਕਿਹਾ ਕਿ ਉਹ ਪੇਸ਼ੀ ’ਤੇ ਆਉਂਦੇ ਹਨ ਤਾਂ 200 ਬੰਦਾ ਉਨ੍ਹਾਂ ਦੇ ਨਾਲ ਹੁੰਦਾ ਹੈ। ਉਨ੍ਹਾਂ ’ਤੇ ਕੋਈ ਖਰਚਾ ਨਹੀਂ ਹੁੰਦਾ। ਸਿੱਧੂ ਦੇ ਪਿਤਾ ਨੇ ਕਿਹਾ ਕਿ ਮੇਰਾ ਪੁੱਤ ਸਾਲ ਦਾ 2 ਕਰੋੜ ਰੁਪਿਆ ਟੈਕਸ ਭਰਦਾ ਸੀ ਤੇ ਉਸ ਦਾ ਹਸ਼ਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਮੈਨੂੰ ਤਾਂ ਪ੍ਰਮਾਤਮਾ ਤੋਂ ਇਨਸਾਫ਼ ਮਿਲਣ ਦੀ ਉਮੀਦ ਹੈ। ਮੇਰੇ ਪੁੱਤ ਤੇ ਪਰਿਵਾਰ ਨੇ ਕਿਸੇ ਦਾ ਮਾੜਾ ਨਹੀਂ ਕੀਤਾ। ਜੋ ਦੋਸ਼ ਲਾ ਰਹੇ ਹਨ, ਉਹ ਝੂਠੇ ਤੇ ਬੇਬੁਨਿਆਦ ਹਨ। ਉਹ ਆਪਣੇ ਆਪ ਨੂੰ ਸੱਚੇ ਸਾਬਿਤ ਕਰਨ ਲਈ ਦੋਸ਼ ਲਾ ਰਹੇ ਹਨ। ਉਹ ਟੀ. ਵੀ. ਚੈਨਲਾਂ ’ਤੇ ਇੰਟਰਵਿਊਜ਼ ਦਿੰਦੇ ਹਨ ਕਿ ਸਾਡੇ ਕਿਰਦਾਰ ਇਨ੍ਹਾਂ ਵਰਗੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਝੂਠੇ ਤੇ ਮਾੜੇ ਹੁੰਦੇ ਤਾਂ ਇੰਨਾ ਵੱਡਾ ਇਕੱਠ ਦੇਖਣ ਨੂੰ ਨਹੀਂ ਮਿਲਣਾ ਸੀ।


author

Manoj

Content Editor

Related News