'ਅੱਲ੍ਹੜ ਧੀ' ਦੇ ਗਰਭਵਤੀ ਹੋਣ 'ਤੇ ਜ਼ਾਹਰ ਹੋਈ ਮਤਰੇਏ ਪਿਓ ਦੀ ਕਰਤੂਤ
Friday, Apr 26, 2019 - 03:10 PM (IST)
ਲੁਧਿਆਣਾ (ਰਿਸ਼ੀ) : ਆਪਣੀ ਅੱਲ੍ਹੜ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਮਤਰੇਏ ਪਿਓ ਦੇ ਮਨ ਦੀ ਬੇਈਮਾਨੀ ਉਸ ਸਮੇਂ ਜ਼ਾਹਰ ਹੋਈ, ਜਦੋਂ ਅੱਲ੍ਹੜ ਧੀ 5 ਮਹੀਨਿਆਂ ਦੀ ਗਰਭਵਤੀ ਹੋ ਗਈ। ਫਿਲਹਾਲ ਪੁਲਸ ਨੇ ਸ਼ਿਕਾਇਤ ਮਿਲਣ 'ਤੇ ਦੋਸ਼ੀ ਪਿਓ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਵਿਆਹ 30 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ 7 ਬੱਚੇ ਪੈਦਾ ਹੋਏ ਪਰ 10 ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਨੇ ਦੋਸ਼ੀ ਰਮੇਸ਼ ਸਾਹਨੀ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਸਾਰੇ ਇਕੱਠੇ ਰਹਿਣ ਲੱਗ ਪਏ। ਉਨ੍ਹਾਂ ਨੇ 3 ਵੱਡੀਆਂ ਲੜਕੀਆਂ ਦੇ ਵਿਆਹ ਕਰ ਦਿੱਤੇ ਅਤੇ ਹੁਣ ਇਕ ਹੀ ਕਮਰੇ 'ਚ 2 ਲੜਕਿਆਂ ਅਤੇ 2 ਲੜਕੀਆਂ ਨਾਲ ਉਹ ਰਹਿੰਦੇ ਸਨ। ਪੀੜਤ ਕੁੜੀ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ ਮਾਂ ਅਤੇ ਬੱਚਿਆਂ ਦੇ ਕੰਮ 'ਤੇ ਜਾਣ ਤੋਂ ਬਾਅਦ ਮਤਰੇਆ ਪਿਓ ਉਸ ਦੇ ਘਰ 'ਚ ਇਕੱਲੇ ਹੋਣ ਦਾ ਫਾਇਦਾ ਚੁੱਕ ਕੇ ਜ਼ਬਰਦਸਤੀ ਉਸ ਨਾਲ ਬਲਾਤਕਾਰ ਕਰਦਾ ਸੀ।
ਇਸ ਸਬੰਧੀ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਡਰ ਕਾਰਨ ਬੇਟੀ ਨੇ ਕਿਸੇ ਨੂੰ ਕੁਝ ਨਾ ਦੱਸਿਆ ਪਰ ਸਿਹਤ ਖਰਾਬ ਹੋਣ 'ਤੇ ਡਾਕਟਰ ਦੇ ਕੋਲ ਲਿਜਾਇਆ ਗਿਆ ਤਾਂ ਉਸ ਨੇ 5 ਮਹੀਨੇ ਦੀ ਗਰਭਵਤੀ ਹੋਣ ਬਾਰੇ ਦੱਸਿਆ। ਪੁਲਸ ਮੁਤਾਬਕ ਦੋਸ਼ੀ ਦਾ ਵੀ ਦੂਜਾ ਵਿਆਹ ਸੀ। ਉਸ ਦੀ ਵੀ ਪਹਿਲੀ ਪਤਨੀ ਮਰ ਚੁੱਕੀ ਹੈ ਅਤੇ ਬੱਚੇ ਯੂ. ਪੀ. 'ਚ ਰਹਿੰਦੇ ਹਨ। ਪੁਲਸ ਮੁਤਾਬਕ ਪਹਿਲਾਂ ਬਦਨਾਮੀ ਦੇ ਡਰੋਂ ਮਾਂ ਤੇ ਧੀ ਨੇ ਘਰ ਬਦਲ ਕੇ ਰਹਿਣਾ ਸ਼ੁਰੂ ਕਰ ਦਿੱਤਾ ਪਰ ਬਾਅਦ 'ਚ ਉਨ੍ਹਾਂ ਨੇ ਕਾਰਵਾਈ ਕਰਾਉਣ ਦਾ ਮਨ ਬਣਾਇਆ। ਇਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਨੇ ਬਲਾਤਕਾਰ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਪੀੜਤਾ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਾਇਆ ਗਿਆ ਹੈ, ਨਾਲ ਹੀ ਦੋਸ਼ੀ ਨੂੰ ਅਦਾਲਤ 'ਚ ਵੀ ਪੇਸ਼ ਕੀਤਾ ਜਾਵੇਗਾ।