ਨਵੇਂ ਸਾਲ ਦੇ ਪਹਿਲੇ ਦਿਨ ਸਟੀਲ ਦੇ ਰੇਟਾਂ ''ਚ ਭਾਰੀ ਉਛਾਲ
Tuesday, Jan 02, 2018 - 11:22 AM (IST)

ਲੁਧਿਆਣਾ (ਬਹਿਲ) : ਨਵੇਂ ਸਾਲ ਦੇ ਪਹਿਲੇ ਹੀ ਦਿਨ ਸਟੀਲ ਕੰਪਨੀਆਂ ਨੇ ਸਟੀਲ ਖਪਤਕਾਰ ਇੰਡਸਟਰੀ ਨੂੰ ਇਕ ਕਰਾਰਾ ਝਟਕਾ ਦਿੰਦੇ ਹੋਏ ਆਪਣੇ ਉਤਪਾਦਾਂ ਦੇ ਰੇਟਾਂ ਵਿਚ 1000 ਰੁਪਏ ਤੋਂ ਲੈ ਕੇ 1500 ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਵਾਧਾ ਕਰ ਦਿੱਤਾ, ਜਿਸ ਨਾਲ ਇੰਜੀਨੀਅਰਿੰਗ ਇੰਡਸਟਰੀ ਵਿਚ ਹਫੜਾ-ਦਫੜੀ ਮਚ ਗਈ ਹੈ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਹੀ ਸਟੀਲ ਖਪਤਕਾਰ ਇੰਡਸਟਰੀ ਵਲੋਂ ਜੀ. ਐੱਸ. ਟੀ. ਤੋਂ ਬਾਅਦ ਸਟੀਲ ਦੇ ਰੇਟਾਂ ਵਿਚ ਹੋਏ 7000 ਰੁਪਏ ਪ੍ਰਤੀ ਟਨ ਦੇ ਵਾਧੇ ਪ੍ਰਤੀ ਰੋਸ ਅਤੇ ਵਿਰੋਧ ਦਰਜ ਕਰਵਾਉਣ ਤੋਂ ਬਾਅਦ ਸੈਕੰਡਰੀ ਸਟੀਲ ਫਰਨੇਸਾਂ ਨੇ ਆਪਣੇ ਇੰਗਟ ਦੇ ਰੇਟਾਂ ਵਿਚ 1200 ਰੁਪਏ ਪ੍ਰਤੀ ਟਨ ਦੀ ਭਾਰੀ ਕਟੌਤੀ ਕੀਤੀ ਸੀ। ਅੱਜ ਸਾਲ 2018 ਦੇ ਪਹਿਲੇ ਹੀ ਦਿਨ ਸਟੀਲ ਕੰਪਨੀਆਂ ਵਲੋਂ ਆਪਣੇ ਸਟੀਲ ਪ੍ਰੋਡਕਟਸ ਦੇ ਰੇਟਾਂ ਵਿਚ ਵਾਧੇ ਦੇ ਐਲਾਨ ਕਾਰਨ ਸੈਕੰਡਰੀ ਸਟੀਲ ਇੰਡਸਟਰੀ ਨੇ ਵੀ ਸਵੇਰ ਆਪਣੇ ਰੇਟ 500 ਰੁਪਏ ਪ੍ਰਤੀ ਟਨ ਵਧਾ ਦਿੱਤੇ ਪਰ ਸ਼ਾਮ ਹੁੰਦੇ-ਹੁੰਦੇ ਸਟੀਲ ਸਕ੍ਰੈਪ ਦੇ ਰੇਟਾਂ ਵਿਚ ਇਕਦਮ ਉਛਾਲ ਆਉਣ ਨਾਲ ਸਟੀਲ ਇੰਗਟ ਦੇ ਰੇਟ 39,000 ਪ੍ਰਤੀ ਟਨ ਤੋਂ ਉਛਾਲ ਕੇ 40,200 ਪ੍ਰਤੀ ਟਨ ਦਾ ਅੰਕੜਾ ਪਾਰ ਕਰ ਗਏ।
ਵੱਡੀਆਂ ਸਟੀਲ ਕੰਪਨੀਆਂ ਨੇ ਡੀ. ਓ. ਜਾਰੀ ਕਰਨ ਤੋਂ ਕੀਤਾ ਇਨਕਾਰ
ਦੇਸ਼ ਦੀਆਂ ਵੱਡੀਆਂ ਸਟੀਲ ਨਿਰਮਾਤਾ ਕੰਪਨੀਆਂ ਵਲੋਂ ਨਵੇਂ ਸਾਲ ਦੇ ਸ਼ੁਰੂ ਵਿਚ ਹੀ ਸਟੀਲ ਦੇ ਰੇਟਾਂ ਵਿਚ ਕੀਤੇ ਪ੍ਰਸਤਾਵਿਤ ਵਾਧੇ ਦੇ ਐਲਾਨ ਦਾ ਅਸਰ ਵੀ ਸਿੱਧੇ ਤੌਰ 'ਤੇ ਸਟੀਲ ਦੇ ਰੇਟਾਂ ਵਿਚ ਆਈ ਤੇਜ਼ੀ ਦੇ ਰੂਪ ਵਿਚ ਦਿਖਿਆ। ਸਟੀਲ ਖਪਤਕਾਰਾਂ ਵੱਲੋਂ 30 ਜਨਵਰੀ 2017 ਨੂੰ ਵੱਡੀਆਂ ਕੰਪਨੀਆਂ ਨੂੰ ਸਾਲ ਦੇ ਪਹਿਲੇ ਦਿਨ ਮਾਲ ਦੀ ਡਲਿਵਰੀ ਲਈ ਜਮ੍ਹਾ ਕਰਵਾਇਆ ਗਿਆ ਅਡਵਾਂਸ ਵੀ ਅੱਜ ਕਿਸੇ ਕੰਮ ਨਹੀਂ ਆਇਆ। ਸਟੀਲ ਕੰਪਨੀਆਂ ਨੇ ਰੇਟਾਂ ਵਿਚ ਤੇਜ਼ੀ ਦਾ ਹਵਾਲਾ ਦਿੰਦੇ ਹੋਏ ਮਾਲ ਦੇ ਡਲਿਵਰੀ ਆਰਡਰ ਜਾਰੀ ਨਹੀਂ ਕੀਤੇ ਅਤੇ ਮੰਗਲਵਾਰ ਨੂੰ ਸਟੀਲ ਦੀਆਂ ਕੀਮਤਾਂ ਵਿਚ ਵਾਧੇ ਦੀ ਰਸਮੀ ਐਲਾਨ ਕਰਨ ਦਾ ਹਵਾਲਾ ਦਿੱਤਾ।
ਸਾਲ 2000-01 ਅਤੇ 2010-2011 ਵਿਚ ਉੜੀਸਾ ਵਿਚ ਸਟੀਲ ਖਾਨਾਂ ਵਿਚ 215.5 ਮਿਲੀਅਨ ਟਨ ਆਇਰਨ ਅਤੇ ਮੈਗਨੀਜ਼ ਓਰ ਦੇ ਨਾਜਾਇਜ਼ ਖੋਦਾਈ ਦੇ ਮਾਮਲੇ ਵਿਚ ਮਾਣਯੋਗ ਸੁਪਰੀਮ ਕੋਰਟ ਵਲੋਂ ਨਿਰਧਾਰਤ ਪੈਨਲ ਦੀ ਰਿਪੋਰਟ 'ਤੇ 131 ਖਾਨਾਂ ਦੀਆਂ ਮਾਲਕ ਸਟੀਲ ਕੰਪਨੀਆਂ ਨੂੰ 17576.17 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ, ਜਿਸ ਦੀ ਡੈੱਡਲਾਈਨ 31 ਦਸੰਬਰ 2017 ਨਿਰਧਾਰਤ ਸੀ। ਉੜੀਸਾ ਦੀ 20 ਮਿਲੀਅਨ ਟਨ ਸਾਲਾਨਾ ਮਾਈਨਿੰਗ ਸਮਰੱਥਾ ਵਾਲੀਆਂ 5 ਕੰਪਨੀਆਂ ਵੱਲੋਂ ਤੈਅ ਸਮੇਂ ਵਿਚ ਜੁਰਮਾਨੇ ਦਾ ਭੁਗਤਾਨ ਨਾ ਕਰਨ ਕਾਰਨ ਉਨ੍ਹਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਸਟੀਲ ਦੇ ਰੇਟਾਂ ਵਿਚ ਆਈ ਤੇਜ਼ੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਸਟੀਲ ਮਾਰਕੀਟ ਸੂਤਰਾਂ ਮੁਤਾਬਕ ਅੱਜ ਰਾਏਪੁਰ ਵਿਚ ਮਿੰਨੀ ਸਟੀਲ ਪਲਾਂਟਾਂ ਨੇ ਸ਼ਾਮ 4 ਵਜੇ ਕਰੀਬ 800 ਰੁਪਏ ਪ੍ਰਤੀ ਟਨ ਦੇ ਵਾਧੇ ਨਾਲ ਬਾਜ਼ਾਰ ਖੋਲ੍ਹਿਆ ਪਰ ਇਕ ਘੰਟੇ ਬਾਅਦ ਹੀ ਸੇਲ ਬੰਦ ਕਰ ਦਿੱਤੀ। ਸ਼ਾਮ ਨੂੰ ਮੁੜ ਬਾਜ਼ਾਰ ਖੁੱਲ੍ਹਣ 'ਤੇ ਸਟੀਲ ਦੇ ਰੇਟਾਂ ਵਿਚ ਕਰੀਬ 1500 ਰੁਪਏ ਪ੍ਰਤੀ ਟਨ ਦਾ ਵਾਧਾ ਦਰਜ ਹੋਇਆ ਹੈ।