ਨਵੀਆਂ ਟੈਂਡਰ ਸ਼ਰਤਾਂ ਦੇ ਵਿਰੋਧ ''ਚ ਸਟੇਟ ਪੈਟਰੋਲੀਅਮ ਟੈਂਕਰ ਸੁਸਾਇਟੀ ਨੇ ਕੀਤਾ ਚੱਕਾ ਜਾਮ

07/20/2017 11:01:52 AM

ਜਲੰਧਰ(ਚੋਪੜਾ)— ਹਿੰਦੋਸਤਾਨ ਪੈਟਰੋਲੀਅਮ ਵਲੋਂ 2017-2022 ਦੀ ਪੈਟਰੋਲੀਅਮ ਪਦਾਰਥਾਂ ਦੀ ਢੋਆਈ ਲਈ ਨਵੀਂ ਟੈਂਡਰ ਪ੍ਰਕਿਰਿਆ ਦੌਰਾਨ ਲਗਾਈਆਂ ਸ਼ਰਤਾਂ ਦੇ ਵਿਰੋਧ ਵਿਚ ਬੁੱਧਵਾਰ ਨੂੰ ਸਟੇਟ ਪੈਟਰੋਲੀਅਮ ਟੈਂਕਰ ਯੂਨੀਅਨ ਨੇ ਚੱਕਾ ਜਾਮ ਦਾ ਐਲਾਨ ਕੀਤਾ। ਇਸ ਦੌਰਾਨ ਟੈਂਕਰ ਚਾਲਕਾਂ, ਕਲੀਨਰਾਂ ਨੇ ਹਿੰਦੋਸਤਾਨ ਪੈਟਰੋਲੀਅਮ ਦੇ ਸੁੱਚੀ ਪਿੰਡ ਟਰਮੀਨਲ ਦੇ ਸਾਹਮਣੇ ਰੋਸ ਧਰਨਾ ਲਾਇਆ। ਇਸ ਦੌਰਾਨ ਉਨ੍ਹਾਂ ਟੈਂਡਰ ਪ੍ਰਕਿਰਿਆ ਵਿਚ ਰੱਖੀਆਂ ਸ਼ਰਤਾਂ ਨੂੰ ਤਾਨਾਸ਼ਾਹੀ ਫਰਮਾਨ ਦੱਸਦਿਆਂ ਇਸ ਨੂੰ ਫੌਰਨ ਵਾਪਸ ਲੈਣ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸੁਸਾਇਟੀ ਦੇ ਸੂਬਾ ਪ੍ਰਧਾਨ ਧਰਮਿੰਦਰ ਰਾਣਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਲੰਧਰ, ਬਠਿੰਡਾ ਅਤੇ ਸੰਗਰੂਰ ਦੇ ਤਿੰਨੇ ਟਰਮੀਨਲਾਂ ਵਿਚ 900 ਦੇ ਕਰੀਬ ਟੈਂਕਰ ਵਿਰੋਧ ਵਜੋਂ ਹੜਤਾਲ 'ਤੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਪਹਿਲਾਂ ਹੀ ਟੈਂਕਰਾਂ ਦਾ ਖਰਚਾ ਕੱਢਣਾ ਮੁਸ਼ਕਲ ਹੋ ਗਿਆ ਹੈ ਪਰ ਹੁਣ ਐੱਚ. ਪੀ. ਅਧਿਕਾਰੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ 'ਤੇ ਤੁਲੇ ਹੋਏ ਹਨ। ਰਾਣਾ ਨੇ ਦੱਸਿਆ ਕਿ ਪਹਿਲਾਂ ਹਰੇਕ ਟੈਂਕਰ ਨੂੰ ਮਾਲ ਢੋਆਈ 'ਤੇ 2.12 ਰੁਪਏ ਪ੍ਰਤੀ ਕਿਲੋਮੀਟਰ ਭਾੜਾ ਦਿੱਤਾ ਜਾਂਦਾ ਸੀ, ਜਿਸ ਨੂੰ ਹੁਣ ਘਟਾ ਕੇ 2.02 ਰੁਪਏ ਕਰ ਦਿੱਤਾ ਹੈ, ਜੋ ਕਿ ਅਗਲੇ 5 ਸਾਲਾਂ ਲਈ ਲਾਗੂ ਰਹੇਗਾ। ਇੰਨੇ ਘੱਟ ਭਾੜੇ ਵਿਚ ਉਨ੍ਹਾਂ ਲਈ ਕੰਮ ਕਰਨਾ ਔਖਾ ਹੈ, ਜਦੋਂਕਿ ਐੱਚ. ਪੀ. ਨੂੰ ਚਾਹੀਦਾ ਹੈ ਕਿ ਇਸ ਨੂੰ ਘੱਟੋ-ਘੱਟ 3 ਰੁਪਏ ਪ੍ਰਤੀ ਕਿਲੋਮੀਟਰ ਕੀਤਾ ਜਾਵੇ। 
ਰਾਣਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੁਰਾਣੇ ਟੈਂਕਰਾਂ ਨੂੰ ਬਦਲ ਕੇ ਥਰਮੋ ਟੈਂਕਰ (ਬਾਟਮ) ਚਲਾਉਣ ਦੀਆਂ ਸ਼ਰਤਾਂ ਰੱਖੀਆਂ ਹਨ ਤੇ ਅਜਿਹੇ ਇਕ ਟੈਂਕਰ ਦੀ ਕੀਮਤ 8 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਹਰੇਕ ਟੈਂਕਰ ਦੀ ਸਾਈਡ 'ਤੇ ਐੱਚ. ਪੀ. ਦੇ ਸਟਿੱਕਰ ਲੱਗੇ ਹੋਣੇ ਲਾਜ਼ਮੀ ਹੁੰਦੇ ਹਨ, ਜੋ ਕਿ ਐੱਚ. ਪੀ. ਵਲੋਂ ਹੀ ਅਪਰੂਵਡ ਟੈਂਕਰਾਂ ਨੂੰ 14 ਹਜ਼ਾਰ ਰੁਪਏ ਦੇ ਕਰੀਬ ਮਿਲਦੇ ਸਨ। ਇਨ੍ਹਾਂ ਪਲਾਸਟਿਕ ਸਟਿੱਕਰਾਂ ਦੇ ਰੇਟ ਵਧਾ ਕੇ 25 ਤੋਂ 35 ਹਜ਼ਾਰ ਰੁਪਏ ਕਰ ਦੇਣਾ ਸਰਾਸਰ ਬੇਇਨਸਾਫੀ ਹੈ। 
ਸੁਸਾਇਟੀ ਦੇ ਜ਼ਿਲਾ ਪ੍ਰਧਾਨ ਹਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰੇਕ ਟੈਂਕਰ 'ਤੇ ਬੀ. ਟੀ. ਆਰ. ਸਿਸਟਮ ਲੱਗੇ ਹੋਏ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਨਵੇਂ ਸਿਸਟਮ ਲਗਾਉਣ ਨੂੰ ਕਿਹਾ ਗਿਆ ਹੈ। ਗਿੱਲ ਨੇ ਕਿਹਾ ਕਿ ਟੈਂਕਰ ਨੂੰ ਅਪਰੂਵ ਕਰਵਾਉਣ ਦੀ ਬੈਂਕ ਗਾਰੰਟੀ ਨੂੰ ਵੀ 5 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰ ਦਿੱਤਾ ਗਿਆ ਹੈ। ਰਾਣਾ ਤੇ ਗਿੱਲ ਨੇ ਕਿਹਾ ਕਿ ਬੀਤੇ ਦਿਨ ਐੱਚ. ਪੀ. ਦੇ ਜੀ. ਐੱਮ. ਰਾਜੀਵ ਖੰਨਾ, ਟੈਂਡਰ ਕਮੇਟੀ ਦੇ ਸੁਧੀਰ ਗੁਪਤਾ, ਐੱਚ. ਪੀ. ਦੇ ਰੀਜਨਲ ਮੈਨੇਜਰ ਜਲੰਧਰ ਰਿਜਨ ਰਾਜਿੰਦਰ ਪ੍ਰਸਾਦ, ਡਿਰਪੋ ਮੈਨੇਜਰ ਨਵੀਨ ਕੁਮਾਰ ਨੇ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਉਨ੍ਹਾਂ ਮੰਗ ਪੱਤਰ ਸੌਂਪ ਕੇ ਉਨ੍ਹਾਂ ਨੂੰ ਸ਼ਰਤਾਂ ਵਿਚ ਬਦਲਾਅ ਕਰਨ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੀ ਮੰਗ 'ਤੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਮਜਬੂਰ ਹੋ ਕੇ ਉਨ੍ਹਾਂ ਨੂੰ ਚੱਕਾ ਜਾਮ ਦਾ ਰਾਹ ਅਪਣਾਉਣਾ ਪਿਆ। ਉਨ੍ਹਾਂ ਕਿਹਾ ਕਿ ਜਦਂੋ ਤੱਕ ਐੱਚ. ਪੀ. ਟੈਂਡਰ ਪ੍ਰਕਿਰਿਆ ਦੀਆਂ ਸ਼ਰਤਾਂ ਨੂੰ ਦਰੁੱਸਤ ਨਹੀਂ ਕਰਦੀ, ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਇਸ ਮੌਕੇ ਜਤਿੰਦਰ ਸੋਨੂੰ, ਮੇਜਰ ਕੋਚਰ, ਲਾਲ ਕੋਚਰ, ਬਲਵਿੰਦਰ ਸਿੰਘ ਕਾਲਾ, ਬਲਰਾਜ ਸਿੰਘ ਚੀਮਾ, ਅੰਗਰੇਜ਼ ਸਿੰਘ, ਬਲਰਾਜ ਕੁਮਾਰ, ਰਾਜਾ ਸਿੰਘ, ਐੱਮ. ਪੀ. ਸਿੰਘ, ਯਾਦਵਿੰਦਰ ਸਿੰਘ ਸੁੱਚੀ ਪਿੰਡ ਤੇ ਹੋਰ ਵੀ ਮੌਜੂਦ ਸਨ।
ਹੜਤਾਲ ਰਹੀ ਤਾਂ 1-2 ਦਿਨਾ 'ਚ ਐੱਚ. ਪੀ. ਦੇ ਪੈਟਰੋਲ ਪੰਪ ਹੋ ਜਾਣਗੇ ਡਰਾਈ : 
ਪੰਜਾਬ ਭਰ ਵਿਚ ਟੈਂਕਰ ਚਾਲਕਾਂ ਦੀ ਹੜਤਾਲ ਕਾਰਨ ਬੁੱਧਵਾਰ ਨੂੰ ਸੂਬੇ ਦੀਆਂ ਤਿੰਨਾਂ ਟਰਮੀਨਲਾਂ ਤੋਂ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ। ਜੇਕਰ ਹੜਤਾਲ ਲੰਮੀ ਚੱਲੀ ਤਾਂ ਅਗਲੇ 1-2 ਦਿਨਾ ਵਿਚ ਐੱਚ. ਪੀ. ਦੇ ਪੈਟਰੋਲ ਪੰਪ ਡਰਾਈ ਹੋ ਜਾਣਗੇ ਕਿਉਂਕਿ ਪੰਪ ਦੇ ਕੋਲ ਸਟਾਕ ਰਹਿਣ ਤੱਕ ਹੀ ਲੋਕਾਂ ਨੂੰ ਪੈਟਰੋਲ-ਡੀਜ਼ਲ ਮਿਲ ਸਕੇਗਾ, ਜਿਸ ਤੋਂ ਬਾਅਦ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜ ਹਾਈਵੇ ਦੇ ਕੁਝ ਪੈਟਰੋਲ ਪੰਪਾਂ 'ਤੇ ਪੈਟਰੋਲ ਅਤੇ ਡੀਜ਼ਲ ਆਊਟ ਆਫ ਸਟਾਕ ਹੋਣ ਦੀਆਂ ਵੀ ਸੂਚਨਾਵਾਂ ਮਿਲੀਆਂ ਹਨ।


Related News