ਸੂਬਾ ਭਾਜਪਾ ਅੰਨਦਾਤਾ ਖਿਲਾਫ ਮੰਦੀ ਸ਼ਬਦਾਵਲੀ ਲਈ ਮੁਆਫ਼ੀ ਮੰਗੇ : ਮਲੂਕਾ

Monday, Dec 28, 2020 - 01:24 AM (IST)

ਚੰਡੀਗੜ੍ਹ (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਜਪਾ ਦੀ ਪੰਜਾਬ ਇਕਾਈ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਸ਼ਹਿਰੀ ਨਕਸਲੀ ਦੱਸਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਅਜਿਹਾ ਇਸ ਕਰ ਕੇ ਆਖ ਰਹੀ ਹੈ ਕਿਉਂਕਿ ਕਿਸਾਨ ਇਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਡਟੇ ਹੋਏ ਹਨ। ਜਾਰੀ ਬਿਆਨ ਵਿਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਪੰਜਾਬ ਦੀ ਭਾਜਪਾ ਇਕਾਈ ਇੰਨਾ ਡਿੱਗ ਗਈ ਹੈ ਕਿ ਕਿਸਾਨਾਂ ਨੂੰ ਸ਼ਹਿਰੀ ਨਕਸਲੀ ਦੱਸਣ ਲੱਗ ਗਈ ਹੈ। ਇਹ ਬੇਇੱਜ਼ਤੀ ਸਹਿਣ ਨਹੀਂ ਕੀਤੀ ਜਾ ਸਕਦੀ ਤੇ ਮੈਂ ਪੰਜਾਬ ਇਕਾਈ ਨੂੰ ਸਲਾਹ ਦਿੰਦਾ ਹਾਂ ਕਿ ਅੰਨਦਾਤਾ ਖਿਲਾਫ਼ ਇਸ ਮੰਦੀ ਸ਼ਬਦਾਵਲੀ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਇਸ ਲਈ ਮੁਆਫ਼ੀ ਮੰਗੀ ਜਾਵੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਫ਼ਾਦਾਰੀ ਪੰਜਾਬ ਦੇ ਕਿਸਾਨਾਂ ਪ੍ਰਤੀ ਦਿਖਾਉਣੀ ਚਾਹੀਦੀ ਹੈ ਨਾ ਕਿ ਬਹੁ ਰਾਸ਼ਟਰੀ ਕੰਪਨੀਆਂ ਪ੍ਰਤੀ, ਜਿਨ੍ਹਾਂ ਦੇ ਕਹੇ ’ਤੇ ਤਿੰਨ ਕਾਲੇ ਖੇਤੀ ਕਾਨੂੰਨ ਬਣਾਏ ਗਏ ਹਨ, ਜੋ ਸੂਬੇ ਵਿਚ ਖੇਤੀ ਸੈਕਟਰ ਨੂੰ ਤਬਾਹ ਕਰ ਦੇਣਗੇ। ਭਾਜਪਾ ਆਗੂ ਪਹਿਲਾਂ ਕਿਸਾਨਾਂ ਨੂੰ ਖਾਲਿਸਤਾਨੀ ਤੇ ਹੁਣ ਸ਼ਹਿਰੀ ਨਕਸਲੀ ਦੱਸ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਲਗਾਤਾਰ ਸੱਟ ਮਾਰ ਰਹੇ ਹਨ। ਇਹੀ ਕਾਰਨ ਹੈ ਕਿ ਭਾਜਪਾ ਆਗੂਆਂ ਨੂੰ ਹਾਲ ਹੀ ਵਿਚ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।


Bharat Thapa

Content Editor

Related News