ਕਰੈਸ਼ਰਾਂ ਦੀਆਂ ਸੀਲਾਂ ਖੁੱਲ੍ਹਦਿਆਂ ਹੀ ਨਾਜਾਇਜ਼ ਮਾਈਨਿੰਗ ਸ਼ੁਰੂ

Thursday, Mar 01, 2018 - 07:56 AM (IST)

ਕਰੈਸ਼ਰਾਂ ਦੀਆਂ ਸੀਲਾਂ ਖੁੱਲ੍ਹਦਿਆਂ ਹੀ ਨਾਜਾਇਜ਼ ਮਾਈਨਿੰਗ ਸ਼ੁਰੂ

ਮਾਜਰੀ  (ਪਾਬਲਾ) - ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਮੀਆਂਪੁਰ ਚੰਗਰ, ਅਭੀਪੁਰ ਤੇ ਕੁੱਬਾਹੇੜੀ ਵਿਖੇ ਜ਼ਿਲਾ ਪ੍ਰਸ਼ਾਸਨ, ਮਾਈਨਿੰਗ ਵਿਭਾਗ ਤੇ ਪੁਲਸ ਦੀ ਮਿਲੀਭੁਗਤ ਨਾਲ ਰਾਤ ਸਮੇਂ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਮੋਹਾਲੀ ਦੇ ਹੁਕਮਾਂ ਅਨੁਸਾਰ ਬਲਾਕ ਮਾਜਰੀ ਇਲਾਕੇ ਦੇ ਪਿੰਡਾਂ ਵਿਚਲੇ ਸਾਰੇ ਕਰੈਸ਼ਰ ਸੀਲ ਕਰ ਦਿੱਤੇ ਗਏ ਸਨ ਪਰ ਕੁਝ ਦਿਨਾਂ ਬਾਅਦ ਡਿਪਟੀ ਕਮਿਸ਼ਨਰ ਨੇ ਕਰੈਸ਼ਰ ਮਾਲਕਾਂ ਤੋਂ ਨਾਜਾਇਜ਼ ਮਾਈਨਿੰਗ ਨਾ ਕਰਨ ਦਾ ਐਫੀਡੇਵਿਟ ਲੈ ਕੇ ਕਰੈਸ਼ਰਾਂ ਦੀਆਂ ਸੀਲਾਂ ਖੁੱਲ੍ਹਵਾ ਦਿੱਤੀਆਂ ਸਨ ਪਰ ਕਰੈਸ਼ਰਾਂ ਦੀਆਂ ਸੀਲਾਂ ਖੁੱਲ੍ਹਦਿਆਂ ਸਾਰ ਹੀ ਕਰੈਸ਼ਰ ਮਾਲਕਾਂ ਵਲੋਂ ਪੁਲਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਮਾਈਨਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਸ ਕਾਰਨ ਉਕਤ ਪਿੰਡਾਂ ਦੀਆਂ ਬਰਸਾਤੀ ਨਦੀਆਂ ਤੇ ਸ਼ਾਮਲਾਟ ਜ਼ਮੀਨਾਂ ਵਿਚ 50-50 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ ਹਨ, ਜਿਸ ਨਾਲ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।
ਵਰਣਨਯੋਗ ਹੈ ਕਿ ਸਬ-ਡਵੀਜ਼ਨ ਖਰੜ 'ਚ ਸਰਕਾਰ ਵਲੋਂ ਕਿਸੇ ਖੱਡ ਦੀ ਬੋਲੀ ਨਹੀਂ ਕੀਤੀ ਗਈ ਪਰ ਫਿਰ ਵੀ ਨਾਜਾਇਜ਼ ਤੌਰ 'ਤੇ ਉਕਤ ਪਿੰਡਾਂ ਵਿਚ ਧੜੱਲੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਪੁਲਸ ਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਇਸ ਬਾਰੇ ਜਾਣਦੇ ਹੋਏ ਵੀ ਅਣਜਾਣ ਬਣ ਜਾਂਦੇ ਹਨ। ਜਦੋਂ ਨਾਜਾਇਜ਼ ਮਾਈਨਿੰਗ ਸਬੰਧੀ ਕੋਈ ਖਬਰ ਪ੍ਰਕਾਸ਼ਿਤ ਹੁੰਦੀ ਹੈ, ਉਦੋਂ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਬਲਾਕ ਮਾਜਰੀ ਇਲਾਕੇ ਵਿਚ ਆ ਕੇ ਕਾਰਵਾਈ ਦੇ ਨਾਂ 'ਤੇ ਲਿੱਪਾ-ਪੋਚੀ ਕਰ ਦਿੱਤੀ ਜਾਂਦੀ ਹੈ ਪਰ ਇਸ ਤੋਂ ਬਾਅਦ ਫਿਰ ਮਾਈਨਿੰਗ ਸ਼ੁਰੂ ਹੋ ਜਾਂਦੀ ਹੈ।    
ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਵੀ ਲਾਇਆ ਵਾਢਾ : ਕਰੈਸ਼ਰ ਮਾਲਕਾਂ ਨੇ ਜਿਥੇ ਮਾਈਨਿੰਗ ਕਰਕੇ ਸ਼ਾਮਲਾਟ ਜ਼ਮੀਨਾਂ ਤੇ ਬਰਸਾਤੀ ਨਦੀਆਂ ਵਿਚ 50-50 ਫੁੱਟ ਡੂੰਘੇ ਟੋਏ ਪਾ ਦਿੱਤੇ ਹਨ, ਉਥੇ ਹੀ ਹੁਣ ਇਨ੍ਹਾਂ ਵਲੋਂ ਪਿੰਡ ਗੋਚਰ, ਮਿਰਜ਼ਾਪੁਰ ਤੇ ਤਾਰਾਪੁਰ ਆਦਿ ਪਿੰਡਾਂ ਦੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਵੀ ਵਾਢਾ ਲਾ ਦਿੱਤਾ ਗਿਆ ਹੈ। ਇਸ ਤਰ੍ਹਾਂ ਕਰੈਸ਼ਰ ਮਾਲਕ ਪੈਸੇ ਕਮਾਉਣ ਦੇ ਨਸ਼ੇ 'ਚ ਚੂਰ ਹੋ ਕੇ ਕੁਦਰਤੀ ਸਾਧਨਾਂ ਨਾਲ ਦਿਨ ਪ੍ਰਤੀ ਦਿਨ ਛੇੜਛਾੜ ਕਰ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੱਡੀ ਆਫਤ ਦਾ ਕਾਰਨ ਬਣਨਗੇ।
ਮਾਜਰੀ ਥਾਣੇ ਦੇ ਦੋ ਮੁਲਾਜ਼ਮ ਬੀਤੇ ਦਿਨੀਂ ਕਰਵਾ ਰਹੇ ਸੀ ਮਾਈਨਿੰਗ : ਬੀਤੇ ਦਿਨੀਂ ਮਾਈਨਿੰਗ ਅਫਸਰ ਸਿਮਰਪ੍ਰੀਤ ਕੌਰ ਢਿੱਲੋਂ ਨੇ ਨਾਜਾਇਜ਼ ਮਾਈਨਿੰਗ ਦੀ ਚੈਕਿੰਗ ਕੀਤੀ ਸੀ ਤਾਂ ਉਨ੍ਹਾਂ ਮਾਜਰੀ ਥਾਣੇ ਦੇ ਦੋ ਮੁਲਾਜ਼ਮਾਂ ਨੂੰ ਜੇ. ਸੀ. ਬੀ. ਮਸ਼ੀਨ ਕੋਲ ਪੁਲਸ ਦੀ ਗੱਡੀ ਲਾ ਕੇ ਮਾਈਨਿੰਗ ਕਰਵਾਉਂਦੇ ਹੋਏ ਰੰਗੇ ਹੱਥੀਂ ਫੜਿਆ ਸੀ ਪਰ ਪੁਲਸ ਨੇ ਇਨ੍ਹਾਂ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਸ਼ਿਕਾਇਤ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ।
ਕੀ ਕਹਿੰਦੇ ਹਨ ਡੀ. ਐੱਸ. ਪੀ. ਖਰੜ
ਜਦੋਂ ਇਸ ਸਬੰਧੀ ਡੀ. ਐੱਸ. ਪੀ. ਖਰੜ ਦੀਪ ਕਮਲ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤੇ ਜੇਕਰ ਕੋਈ ਨਾਜਾਇਜ਼ ਮਾਈਨਿੰਗ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਪੁਲਸ ਥਾਣਾ ਮਾਜਰੀ ਦੇ ਮੁਲਾਜ਼ਮ ਵਲੋਂ ਨਾਜਾਇਜ਼ ਮਾਈਨਿੰਗ ਕਰਵਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਮੇਰੇ ਕੋਲ ਮਾਈਨਿੰਗ ਅਫਸਰ ਨੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਮਾਈਨਿੰਗ ਅਫਸਰ?
ਜਦੋਂ ਮਾਈਨਿੰਗ ਅਫਸਰ ਸਿਮਰਨਪ੍ਰੀਤ ਕੌਰ ਢਿੱਲੋਂ ਤੋਂ ਕਰੈਸ਼ਰ ਮਾਲਕਾਂ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰਵਾਉਣ ਵਾਲੇ ਰੰਗੇ ਹੱਥੀਂ ਫੜੇ ਮਾਜਰੀ ਥਾਣੇ ਦੇ ਪੁਲਸ ਮੁਲਾਜ਼ਮਾਂ ਦੀ ਸ਼ਿਕਾਇਤ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਐੱਸ. ਐੱਸ. ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਵਲੋਂ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਈਨਿੰਗ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਨ ਐੱਸ. ਐੱਚ. ਓ. ਮਾਜਰੀ
ਜਦੋਂ ਇਸ ਸਬੰਧੀ ਐੱਸ. ਐੱਚ. ਓ. ਮਾਜਰੀ ਜਗਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਚੱਲਦੇ ਕਰੈਸ਼ਰਾਂ ਖਿਲਾਫ ਕਾਰਵਾਈ ਨਹੀਂ ਕਰ ਸਕਦੇ, ਸਿਰਫ ਨਾਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰ ਸਕਦੇ ਹਾਂ। ਇਥੇ ਇਹ ਵਰਣਨਯੋਗ ਹੈ ਕਿ ਜੇਕਰ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਹੀ ਕਰੈਸ਼ਰ ਚੱਲਦੇ ਹਨ ਕਿਉਂÎਕਿ ਬਲਾਕ ਮਾਜਰੀ ਇਲਾਕੇ ਵਿਚ ਮਾਈਨਿੰਗ ਵਿਭਾਗ ਵਲੋਂ ਕਿਸੇ ਵੀ ਖੱਡ ਦੀ ਬੋਲੀ ਨਹੀਂ ਕੀਤੀ ਗਈ ਹੈ।


Related News