ਐੱਸ. ਐੱਸ. ਪੀ. ਵਿਜੀਲੈਂਸ ਦਾ ਜੇਲ ਕਾਂਡ ''ਤੇ ਨਵਾਂ ਖੁਲਾਸਾ
Saturday, Feb 24, 2018 - 03:46 PM (IST)

ਬਠਿੰਡਾ (ਵਰਮਾ)-ਕੁਝ ਮਹੀਨੇ ਪਹਿਲਾਂ ਮਾਨਸਾ 'ਚ ਡਿਪਟੀ ਜੇਲ ਤੇ ਵੈੱਲਫੇਅਰ ਅਫਸਰ ਨੂੰ ਕੈਦੀਆਂ ਦੇ ਪਰਿਵਾਰਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਉਸ ਮਾਮਲੇ 'ਚ 'ਚ ਐੱਸ. ਐੱਸ. ਪੀ. ਵਿਜੀਲੈਂਸ ਜਗਜੀਤ ਸਿੰਘ ਭੁਗਤਾਨਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਸਭ ਕੁਝ ਜੇਲ ਸੁਪਰਡੈਂਟ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ।
ਰਿਸ਼ਵਤ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਜੇਲ ਅਫਸਰ ਸਿਕੰਦਰ ਸਿੰਘ ਤੇ ਡਿਪਟੀ ਜੇਲ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਸ਼ਾਮਲ ਹਨ, ਜਦੋਂਕਿ ਵੈੱਲਫੇਅਰ ਅਫਸਰ ਨੂੰ ਰਿਸ਼ਵਤ ਦੇ ਪੈਸਿਆਂ ਸਣੇ ਗ੍ਰਿਫ਼ਤਾਰ ਕੀਤਾ ਸੀ। ਡਿਪਟੀ ਜੇਲ ਅਜੇ ਤੱਕ ਵੀ ਫਰਾਰ ਹੈ, ਜਿਸ ਨੂੰ ਭਗੌੜਾ ਕਰਾਰ ਦੇਣ ਲਈ ਵਿਜੀਲੈਂਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਭੁਗਤਾਨਾ ਨੇ ਇਕ ਹੋਰ ਖੁਲਾਸਾ ਕੀਤਾ ਕਿ ਮਾਨਸਾ ਜੇਲ 'ਚ ਬੰਦ ਕੈਦੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਪੈਸੇ ਲੈਣ ਦੇ ਮਾਮਲੇ 'ਚ ਜੇਲ ਸੁਪਰਡੈਂਟ ਦਵਿੰਦਰ ਸਿੰਘ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 17 ਦਸੰਬਰ ਨੂੰ ਮਾਨਸਾ ਦੀ ਕੇਂਦਰੀ ਜੇਲ 'ਚ ਤਾਇਨਾਤ ਵੈੱਲਫੇਅਰ ਅਫਸਰ ਸਿਕੰਦਰ ਸਿੰਘ ਨੇ ਇਸੇ ਜੇਲ 'ਚ ਬੰਦ ਕੈਦੀ ਪਵਨ ਕੁਮਾਰ ਨਾਲ ਬਾਹਰ ਜਾ ਕੇ ਕੈਦੀ ਦੇ ਪਰਿਵਾਰ ਵਾਲਿਆਂ ਤੋਂ 50 ਹਜ਼ਾਰ ਰੁਪਏ ਨਕਦ ਅਤੇ 86 ਹਜ਼ਾਰ ਰੁਪਏ ਦਾ ਖਾਲੀ ਚੈੱਕ ਬਤੌਰ ਰਿਸ਼ਵਤ ਲਿਆ ਸੀ, ਜਿਸ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਇਸ ਮਾਮਲੇ 'ਚ ਸ਼ਾਮਲ ਡਿਪਟੀ ਜੇਲ ਸੁਪਰਡੈਂਟ ਗੁਰਜੀਤ ਸਿੰਘ ਰੂਪੋਸ਼ ਹੋ ਗਿਆ ਸੀ, ਜੋ ਅਜੇ ਤੱਕ ਫਰਾਰ ਹੀ ਹੈ। ਦੂਜੇ ਪਾਸੇ ਵੈੱਲਫੇਅਰ ਅਫਸਰ ਦੀ ਜ਼ਮਾਨਤ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਤੇ ਡਿਪਟੀ ਜੇਲਰ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।