ਅਰਜਨ ਐਵਾਰਡ ਜਿੱਤਣ ਵਾਲੀ ਪਹਿਲੀ ਪੰਜਾਬੀ ਸ਼ੂਟਰ ਅਵਨੀਤ ਕੌਰ ਸਿੱਧੂ, ਤੋਹਫ਼ੇ 'ਚ ਮਿਲੀ ਸੀ ਇੰਪੋਟਡ ਰਾਈਫਲ
Monday, Jun 19, 2023 - 11:45 AM (IST)
ਚੰਡੀਗੜ੍ਹ ( ਐੱਚ. ਸੀ. ਸ਼ਰਮਾ) : ਪੰਜਾਬ ਪੁਲਸ ਵਿਚ ਫਾਜ਼ਿਲਕਾ ਦੀ ਐੱਸ. ਐੱਸ. ਪੀ. ਦੇ ਅਹੁਦੇ ’ਤੇ ਤਾਇਨਾਤ ਅਵਨੀਤ ਕੌਰ ਸਿੱਧੂ ਕਾਮਨਵੈਲਥ ਅਤੇ ਏਸ਼ੀਅਨ ਗੇਮਜ਼ ਵਿਚ ਮੈਡਲ ਜਿੱਤਣ ਵਾਲੀ ਅਤੇ ਅਰਜਨ ਪੁਰਸਕਾਰ ਜਿੱਤਣ ਵਾਲੀ ਪਹਿਲੀ ਪੰਜਾਬੀ ਸ਼ੂਟਰ ਹੈ। ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਦਰਜਨ ਵਿਸ਼ਵ ਕੱਪ ਖੇਡੇ ਹਨ। ਜਦੋਂ ਉਨ੍ਹਾਂ ਨੇ ਸ਼ੂਟਿੰਗ ਵਿਚ ਆਪਣਾ ਨਾਮ ਬਣਾਇਆ ਤਾਂ ਉਨ੍ਹਾਂ ਨੂੰ ਸਿੱਧੇ ਪੰਜਾਬ ਸਰਕਾਰ ਨੇ ਡੀ. ਐੱਸ. ਪੀ. ਬਣਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮਿਹਨਤ, ਪਾਜ਼ੇਟਿਵ ਸਟੇਟ ਆਫ਼ ਮਾਈਂਡ ਅਤੇ ਈਮਾਨਦਾਰ ਅਪ੍ਰੋਚ ਨਾਲ ਕੰਮ ਕੀਤਾ ਜਾਵੇ ਤਾਂ ਨਤੀਜੇ ਤਾਂ ਸਕਾਰਾਤਮਕ ਰਹਿਣਗੇ ਹੀ ਤੇ ਨਾਲ ਹੀ ਸਮਾਜ ਵਿਚ ਸਨਮਾਨ ਦਾ ਵੀ ਆਧਾਰ ਬਣੇਗਾ।
ਬਠਿੰਡਾ ਨਾਲ ਹੈ ਬਚਪਨ ਦਾ ਰਿਸ਼ਤਾ
ਅਵਨੀਤ ਦਾ ਜੱਦੀ ਪਿੰਡ ਬਠਿੰਡਾ ਵਿਚ ਚੱਕ ਅੱਤਰ ਸਿੰਘ ਵਾਲਾ ਹੈ। ਅਵਨੀਤ ਦਾ ਜਨਮ 30 ਅਕਤੂਬਰ 1981 ਨੂੰ ਹੋਇਆ ਸੀ। ਉਨ੍ਹਾਂ 12ਵੀਂ ਤੱਕ ਦੀ ਮੈਡੀਕਲ ਦੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸੇਫ ਕਾਨਵੈਂਟ ਸਕੂਲ ਤੋਂ ਪੂਰੀ ਕੀਤੀ। ਅਵਨੀਤ ਦੇ ਮਾਤਾ ਇੰਦਰਜੀਤ ਕੌਰ ਦਸਮੇਸ਼ ਗਲਰਜ਼ ਕਾਲਜ ਬਾਦਲ ਵਿਚ ਲਾਇਬ੍ਰੇਰੀਅਨ ਸਨ। ਕਾਲਜ ਵਿਚ ਅਤਿਆਧੁਨਿਕ ਸ਼ੂਟਿੰਗ ਰੇਂਜ ਅਤੇ ਕੋਚਿੰਗ ਲਈ ਵੀਰਪਾਲ ਕੌਰ ਵਰਗੀ ਸਮਰਪਿਤ ਕੋਚ ਸਨ। ਅਵਨੀਤ ਨੇ ਹਾਲੇ ਸ਼ੌਂਕੀਆ ਖੇਡਾਂ ਵੱਲ ਕਦਮ ਵਧਾਇਆ ਹੀ ਸੀ ਕਿ ਦੇਸ਼ ਦੀ ਸਭ ਤੋਂ ਸੀਨੀਅਰ ਨਿਸ਼ਾਨੇਬਾਜ਼ ਅੰਜਲੀ ਭਾਗਵਤ ਅਤੇ ਜਸਪਾਲ ਰਾਣਾ ਭਾਰਤੀ ਖੇਡ ਅਥਾਰਟੀ ਦੀ ਨਵੀਂ ਰੇਂਜ ਦੇ ਉਦਘਾਟਨ ਲਈ ਅਵਨੀਤ ਦੇ ਕਾਲਜ ਪਹੁੰਚੇ। ਅਵਨੀਤ ਅੰਜਲੀ ਤੋਂ ਬਹੁਤ ਪ੍ਰਭਾਵਿਤ ਰਹੇ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਲਈ ਲੱਖਾਂ ਰੁਪਏ ਲੈ ਕੇ ਮੁੱਕਰੀ ਕੁੜੀ, ਮੁੰਡੇ ਨੇ ਕੀਤਾ ਉਹ ਜੋ ਕਿਸੇ ਸੋਚਿਆ ਨਾ ਸੀ
ਪਿਤਾ ਨੇ ਤੋਹਫੇ ਵਿਚ ਦਿੱਤੀ ਸੀ ਇੰਪੋਟਡ ਰਾਈਫਲ
ਪਿਤਾ ਨੇ ਸਾਲ 2001 ਵਿਚ ਅਵਨੀਤ ਦੇ ਜਨਮਦਿਨ ’ਤੇ ਉਨ੍ਹਾਂ ਲਈ ਜਰਮਨੀ ਤੋਂ ਸਭ ਤੋਂ ਮਹਿੰਗੀ ਰਾਈਫਲ ਮੰਗਵਾਈ ਅਤੇ ਤੋਹਫੇ ਵਿਚ ਦਿੱਤੀ। ਇੱਕ ਮਹੀਨੇ ਬਾਅਦ ਉਨ੍ਹਾਂ ਨੇ ਪ੍ਰੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ, ਜੋ ਉਨ੍ਹਾਂ ਦੀ ਪਹਿਲਾ ਮੁਕਾਬਲਾ ਸੀ। 2002 ਵਿਚ ਉਹ ਸਟੇਟ ਅਤੇ ਫਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਚੈਂਪੀਅਨ ਬਣੇ। ਹਾਲਾਂਕਿ ਉਹ ਇੰਦੌਰ ਵਿਚ ਆਯੋਜਿਤ ਨੈਸ਼ਨਲ ਵਿਚ 11ਵੇਂ ਸਥਾਨ ’ਤੇ ਰਹੇ ਪਰ ਉਨ੍ਹਾਂ ਦਾ ਨਾਂ ਸ਼ੂਟਿੰਗ ਦੇ ਰਾਸ਼ਟਰੀ ਰੈਂਕਾਂ ਵਿਚ ਗੂੰਜਣ ਲੱਗਾ। ਅੰਜਲੀ ਤੋਂ ਪ੍ਰੇਰਨਾ ਲੈ ਕੇ ਅਵਨੀਤ ਅਗਲੇ ਦੋ ਸਾਲਾਂ ਲਈ ਪੀ. ਯੂ. ਲਈ ਖੇਡਦੇ ਹੋਏ ਆਲ ਇੰਡੀਆ ਇੰਟਰਵਰਸਿਟੀ ਚੈਂਪੀਅਨ ਬਣ ਗਏ। ਸਾਲ 2004 ਵਿਚ ਆਸਨਸੋਲ ਵਿਚ ਇੱਕ ਮੁਕਾਬਲੇ ਦੌਰਾਨ ਭਾਰਤੀ ਨਿਸ਼ਾਨੇਬਾਜ਼ੀ ਨੂੰ ਸਿਖਰ ’ਤੇ ਲਿਜਾਣ ਵਾਲੇ ਹੰਗਰੀ ਦੇ ਪ੍ਰਸਿੱਧ ਕੋਚ ਲੇਜਲੋ ਨੇ ਅਵਨੀਤ ਵਿਚ ਭਵਿੱਖ ਦੇ ਨਿਸ਼ਾਨੇਬਾਜ਼ ਦੇ ਗੁਣਾਂ ਨੂੰ ਵੇਖਿਆ। ਸਾਲ 2005 ਵਿਚ ਅਵਨੀਤ ਨੂੰ ਉਨ੍ਹਾਂ ਨੇ ਭਾਰਤੀ ਨਿਸ਼ਾਨੇਬਾਜ਼ੀ ਟੀਮ ਵਿਚ ਚੁਣੇ ਜਾਣ ਲਈ ਬੁਲਾਇਆ।
ਇਹ ਵੀ ਪੜ੍ਹੋ- ਰਾਹ 'ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਧਾਹਾਂ ਮਾਰ ਰੋਂਦਿਆਂ ਨਹੀਂ ਵੇਖਿਆ ਜਾਂਦਾ ਪਰਿਵਾਰ
2006 ਦੀਆਂ ਕਾਮਨਵੈਲਥ ਗੇਮਜ਼ ਸਾਬਿਤ ਹੋਈਆਂ ਗੋਲਡਨ
2006 ਵਿਚ ਮੈਲਬਰਨ ਵਿਚ ਕਾਮਨਵੈਲਥ ਗੇਮਜ਼ ਦੇ ਟ੍ਰਾਇਲ ਵਿਚ ਅਵਨੀਤ ਨੇ 400 ਵਿਚੋਂ 400 ਦਾ ਸਕੋਰ ਕਰ ਕੇ ਵਲਰਡ ਰਿਕਾਰਡ ਦਾ ਮੁਕਾਬਲਾ ਕੀਤਾ। ਹਾਲਾਂਕਿ ਰਾਸ਼ਟਰੀ ਟੈਸਟਾਂ ਕਾਰਨ ਸਕੋਰ ਨੂੰ ਆਧਿਕਾਰਕ ਤੌਰ ’ਤੇ ਵਰਲਡ ਰਿਕਾਰਡ ਵਜੋਂ ਮਾਨਤਾ ਨਹੀਂ ਮਿਲੀ ਹੈ ਪਰ ਇਹ ਅਵਨੀਤ ਲਈ ਵੱਡੀ ਉਪਲਬਧੀ ਸੀ। ਕੋਚ ਦੇ ਸ਼ਬਦਾਂ ਵਿਚ ਅਵਨੀਤ ਨੇ ਅੰਜਲੀ ਭਾਗਵਤ ਨੂੰ ਹਰਾ ਕੇ ਭਾਰਤੀ ਟੀਮ ਵਿਚ ਸਥਾਨ ਸੁਰੱਖਿਅਤ ਕੀਤਾ। 2006 ਵਿਚ ਅਵਨੀਤ ਨੇ ਤੇਜਸਵਨੀ ਨਾਲ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਗੋਲਡ ਜਿੱਤਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।