ਲੁਧਿਆਣਾ ਤੋਂ ਬਾਅਦ ਮੁਕਤਸਰ 'ਚ ਨਾਬਾਲਗ ਨਾਲ ਬਲਾਤਕਾਰ

02/12/2019 5:32:05 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ, ਪਵਨ ਤਨੇਜਾ) - ਆਏ ਦਿਨ ਪੰਜਾਬ 'ਚ ਲੜਕੀਆਂ ਨਾਲ ਬਦਸਲੂਕੀ ਅਤੇ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਇਕ ਹੋਰ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਗਤ ਸਿੰਘ ਵਾਲਾ ਦਾ ਸਾਹਮਣੇ ਆਇਆ ਹੈ, ਜਿੱਥੇ ਨਾਬਾਲਗ ਲੜਕੀ ਨਾਲ ਜ਼ਬਰ ਵਿਆਹ ਕਰਨ ਦੇ ਮਾਮਲੇ 'ਚ 5 ਦੋਸ਼ੀਆਂ ਨੂੰ ਪੁਲਸ ਵਲੋਂ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ 17 ਸਾਲਾ ਲੜਕੀ ਨੇ ਦੱਸਿਆ ਕਿ ਉਹ 8ਵੀਂ ਪਾਸ ਹੈ ਅਤੇ ਘਰ 'ਚ ਹੀ ਰਹਿੰਦੀ ਹੈ। ਬੀਤੀਂ 10 ਜਨਵਰੀ ਦੀ ਰਾਤ ਉਸ ਦੇ ਪਿਤਾ ਅਤੇ ਭਰਾ ਖੇਤ 'ਚ ਪਾਣੀ ਲਾਉਣ ਗਏ ਸਨ ਅਤੇ ਉਹ ਆਪਣੇ ਮਾਤਾ ਨਾਲ ਘਰ ਹੀ ਸੀ। ਉਸ ਦੀ ਮਾਤਾ ਦਵਾਈ ਲੈਣ ਦੇ ਬਾਅਦ ਸੋ ਗਈ। 

ਰਾਤ ਨੂੰ ਕਰੀਬ 11 ਵਜੇ ਉਸ ਦੀ ਮਾਸੀ ਅਮਨਦੀਪ ਉਰਫ਼ ਅਮਨੀ ਤੇ ਮਾਮਾ ਗੁਰਪ੍ਰੀਤ ਸਿੰਘ ਆਪਣੀ ਪਤਨੀ ਤੇ ਭਰਾ ਨਾਲ ਉਨ੍ਹਾਂ ਦੇ ਘਰ ਗੱਡੀ 'ਚ ਆਏ। ਉਸ ਦੀ ਮਾਸੀ ਨੇ ਉਸ ਨੂੰ ਰੁਮਾਲ 'ਤੇ ਕੋਈ ਦਵਾਈ ਲਗਾ ਕੇ ਸੁਘਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਜਦੋਂ ਉਸ ਦੀ ਅੱਖ ਖੁੱਲੀ ਤਾਂ ਉਹ ਆਪਣੇ ਮਾਮਾ ਗੁਰਪ੍ਰੀਤ ਸਿੰਘ ਦੇ ਘਰ ਪਿੰਡ ਚੇਤ ਸਿੰਘ ਵਾਲਾ ਸੀ। ਸਵੇਰ ਹੁੰਦੇ ਹੀ ਉਹ ਵਿਅਕਤੀ ਉਸ ਨੂੰ ਜ਼ਬਰਦਸਤੀ ਗੱਡੀ 'ਚ ਪਾ ਕੇ ਪਿੰਡ ਗਾਮੇਵਾਲਾ ਲੈ ਗਏ, ਜਿਥੇ ਰਸਾਲ ਸਿੰਘ ਨਾਲ ਗੁਰਦੁਆਰਾ ਸਾਹਿਬ 'ਚ ਉਸ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ। ਰਸਾਲ ਸਿੰਘ ਉਸ ਦੀ ਮਰਜ਼ੀ ਦੇ ਖਿਲਾਫ਼ ਉਸ ਨਾਲ ਦੁਸ਼ਕਰਮ ਕਰਦਾ ਰਿਹਾ। ਜਦੋਂ ਰਸਾਲ ਸਿੰਘ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਉਸ ਦੀ ਉਮਰ ਘੱਟ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੰਚਾਇਤ ਦੇ ਮਾਧਿਅਮ ਨਾਲ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ। 

ਕੁਝ ਸਮੇਂ ਤੋਂ ਸਦਮੇ 'ਚ ਹੋਣ ਕਾਰਨ ਉਹ ਕੁਝ ਨਹੀਂ ਕਹਿ ਸਕੀ ਪਰ ਬਾਅਦ 'ਚ ਉਨ੍ਹਾਂ ਨੇ ਇਸ ਘਟਨਾ ਦੇ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਇੰਚਾਰਜ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੀ ਮਾਸੀ ਅਮਨਦੀਪ ਕੌਰ ਉਰਫ਼ ਅਮਨੀ, ਮਾਮਾ ਗੁਰਪ੍ਰੀਤ ਸਿੰਘ, ਮਾਮੀ ਵੀਰਪਾਲ ਕੌਰ ਅਤੇ ਭੀਤਾ ਸਿੰਘ ਤੇ ਰਸਾਲ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


rajwinder kaur

Content Editor

Related News