ਕਿਸਾਨਾਂ ਨੂੰ ਨਹੀਂ ਮਿਲਿਆ ਜ਼ਮੀਨ ਦਾ ਮੁਆਵਜ਼ਾ, ਕਰਤਾਰਪੁਰ ਲਾਂਘੇ ਦਾ ਕੰਮ ਮੁੜ ਕਰਵਾਇਆ ਬੰਦ

05/04/2019 4:36:07 PM

ਡੇਰਾ ਬਾਬਾ ਨਾਨਕ (ਕੰਵਲਜੀਤ) : ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਅਜੇ ਤੱਕ ਨਾ ਮਿਲਣ ਤੋਂ ਦੁਖੀ ਕਿਸਾਨਾਂ ਨੇ ਕਰਤਾਰਪੁਰ ਮਾਰਗ 'ਤੇ ਧਰਨਾ ਦਿੱਤਾ ਅਤੇ ਲਾਂਘੇ ਲਈ ਚੱਲ ਰਿਹਾ ਕੰਮ ਰੋਕ ਦਿੱਤਾ। ਕਿਸਾਨਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ 4 ਮਹੀਨੇ ਬੀਤ ਜਾਣ ਉਪਰੰਤ ਅਜੇ ਤੱਕ ਉਨ੍ਹਾਂ ਨੂੰ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਸੂਚਨਾ ਮਿਲਦਿਆਂ ਹੀ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿਲੋਂ ਅਤੇ ਐੱਸ. ਐੱਚ. ਓ. ਮੁਖਤਿਆਰ ਸਿੰਘ ਮੌਕੇ 'ਤੇ ਪਹੁੰਚ ਗਏ। ਕਿਸਾਨ ਬਾਬਾ ਸੁਖਦੇਵ ਸਿੰਘ ਨਿਹੰਗ, ਜੋਗਿੰਦਰ ਸਿੰਘ ਆਦਿ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਜਿਹੜੀ ਕੱਚੀ ਫਸਲ ਵੱਢੀ ਸੀ, ਉਸ ਦਾ   ਮੁਆਵਜ਼ਾ ਵੀ ਨਹੀਂ ਦਿੱਤਾ, ਜਿਸ ਕਾਰਨ ਅਸੀਂ ਆਰਥਿਕ ਤੰਗੀ ਦੇ ਸ਼ਿਕਾਰ ਹੋ ਗਏ ਹਾਂ। ਜਦਕਿ ਦੂਜੇ ਪਾਸੇ ਖਾਦਾਂ, ਦਵਾਈਆਂ ਵਾਲੇ ਦੁਕਾਨਦਾਰ, ਆੜ੍ਹਤੀ ਅਤੇ ਕਰਜ਼ਾ ਵਸੂਲਣ ਵਾਲੇ ਬੈਂਕ ਅਧਿਕਾਰੀ ਸਾਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।

ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਪ੍ਰਸ਼ਾਸਨ ਨੇ ਸਾਡੀ ਜ਼ਮੀਨ ਐਕਵਾਇਰ ਕਰਨ ਲਈ ਨਿਸ਼ਾਨਦੇਹੀ ਕੀਤੀ ਸੀ ਤਾਂ ਉਸ ਸਮੇਂ ਅਧਿਕਾਰੀਆਂ ਨੇ ਸਾਨੂੰ ਲਿਖਤੀ ਰੂਪ 'ਚ ਦਿੱਤਾ ਸੀ ਕਿ ਤੁਹਾਡੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਬਣਦੀ ਰਕਮ ਦੇ ਕੇ ਹੀ ਤੁਹਾਡੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਪਰ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਨੈਸ਼ਨਲ ਹਾਈਵੇ ਵੱਲੋਂ ਰੋਡ ਬਣਾਉਣ ਲਈ ਮਿੱਟੀ ਪਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਪਰ ਅਸੀਂ ਗੁਰੂ ਘਰ ਦਾ ਕੰਮ ਹੋਣ ਕਾਰਨ ਚੁੱਪ ਰਹੇ। ਉਨ੍ਹਾਂ ਕਿਹਾ ਕਿ ਸਾਡੇ ਨਾਲ ਪ੍ਰਤੀ ਕਿੱਲਾ 34 ਲੱਖ ਰੁਪਏ ਰੇਟ ਤੈਅ ਕੀਤਾ ਗਿਆ ਸੀ ਅਤੇ ਉਸ ਸਮੇਂ ਸਾਡੇ ਨਾਲ ਕੋਈ ਵੀ ਕਟੌਤੀ ਕੀਤੇ ਜਾਣ ਸਬੰਧੀ ਗੱਲ ਨਹੀਂ ਕੀਤੀ ਗਈ ਪਰ ਹੁਣ ਜਦੋਂ ਸਾਨੂੰ ਪੈਸੇ ਦੇਣ ਲੱਗੇ ਹਨ ਤਾਂ 10 ਫੀਸਦੀ ਦੇ ਹਿਸਾਬ ਨਾਲ 3.50 ਲੱਖ ਰੁਪਏ ਪ੍ਰਤੀ ਕਿੱਲਾ ਟੀ. ਡੀ. ਐੱਸ. ਕੱਟਣ ਦੀ ਗੱਲ ਕਰ ਰਹੇ ਹਨ ਅਤੇ ਜਿਨ੍ਹਾਂ ਕੋਲ ਏ. ਟੀ. ਐੱਮ. ਕਾਰਡ ਨਹੀਂ ਹਨ। ਉਨ੍ਹਾਂ ਦਾ 20 ਫੀਸਦੀ ਟੀ. ਡੀ. ਐੱਸ. ਕੱਟਣ ਬਾਰੇ ਦੱਸ ਰਹੇ ਹਨ, ਜੋ ਕਿ ਸਾਡੇ ਨਾਲ ਸਰਾਸਰ ਧੱਕਾ ਹੈ।

ਕੁਝ ਕਿਸਾਨਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਸਾਨੂੰ ਨਹੀਂ ਚਾਹੀਦੇ ਪੈਸੇ ਸਾਡੀ ਜ਼ਮੀਨ ਵਾਪਸ ਕਰ ਦਿਓ। ਦੱਸਣਯੋਗ ਹੈ ਕਿ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿਲੋਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਿਯਮਾਂ ਦੇ ਉਲਟ ਨਹੀਂ ਜਾ ਸਕਦੇ ਪਰ ਫਿਰ ਵੀ ਉਹ ਕਿਸਾਨਾਂ ਨਾਲ ਹਮਦਰਦੀ ਰੱਖਦੇ ਹਨ। ਉਨ੍ਹਾਂ ਵੱਲੋਂ ਕਾਫੀ ਸਮਝਾਉਣ ਉਪਰੰਤ ਵੀ ਕਿਸਾਨ ਆਪਣੀ ਜ਼ਿਦ 'ਤੇ ਅੜੇ ਰਹੇ ਅਤੇ ਕਹਿ ਰਹੇ ਹਨ ਕਿ ਜਿੰਨਾ ਚਿਰ ਤੱਕ ਸਾਨੂੰ ਪੂਰੇ ਪੈਸੇ ਨਹੀਂ ਦਿੱਤੇ ਜਾਣਗੇ ਲਾਂਘੇ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਕਿਸਾਨਾਂ ਵੱਲੋਂ ਧਰਨਾ ਜਾਰੀ ਸੀ।

ਕੁਝ ਕਿਸਾਨਾਂ ਨੇ ਟੀ. ਡੀ. ਐੱਸ. ਕਟਵਾ ਕੇ ਮੁਆਵਜ਼ੇ ਦੇ ਚੈੱਕ ਕੀਤੇ ਪ੍ਰਾਪਤ : ਐੱਸ. ਡੀ. ਐੱਮ.
ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰਪੁਰ ਲਾਂਘੇ ਲਈ ਜਿਹੜੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਨ੍ਹਾਂ ਕਿਸਾਨਾਂ ਦੀ ਜ਼ਮੀਨ ਸਬੰਧੀ ਮੁਆਵਜ਼ੇ ਦੇ ਚੈੱਕ ਬਣ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਨਰਿੰਦਰ ਸਿੰਘ ਪੁੱਤਰ ਸੌਦਾਗਰ ਸਿੰਘ, ਜੋਗਿੰਦਰ ਸਿੰਘ ਪੁੱਤਰ ਸੌਦਾਗਰ ਸਿੰਘ ਆਦਿ ਨੇ ਟੀ. ਡੀ. ਐੱਸ. ਕਟਵਾ ਕੇ ਆਪਣੇ ਚੈੱਕ ਪ੍ਰਾਪਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਲਗਭਗ 12 ਏਕੜ ਜ਼ਮੀਨ ਦੇ ਸਰਕਾਰੀ ਨਿਯਮਾਂ ਅਨੁਸਾਰ 3,63,98,624 ਰੁਪਏ ਦੇ ਚੈੱਕ ਜਾਰੀ ਕਰਨ ਉਪਰੰਤ ਉਨ੍ਹਾਂ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬਣਦੇ ਮੁਆਵਜ਼ੇ ਦੇ ਟੀ. ਡੀ. ਐੱਸ. ਕਟਵਾ ਕੇ ਚੈੱਕ ਕਿਸੇ ਵੀ ਕੰਮ ਵਾਲੇ ਦਿਨ ਉਨ੍ਹਾਂ ਦੇ ਦਫਤਰ ਡੇਰਾ ਬਾਬਾ ਨਾਨਕ ਤੋਂ ਪ੍ਰਾਪਤ ਕਰ ਸਕਦੇ ਹਨ।


Anuradha

Content Editor

Related News