ਸ੍ਰੀ ਹਜ਼ੂਰ ਸਾਹਿਬ ਤੋਂ ਸ਼ੁਰੂ ਹੋਣ ਵਾਲੀ ਭਗਤ ਨਾਮਦੇਵ ਜੀ ਦੀ ਸਦਭਾਵਨਾ ਯਾਤਰਾ 8 ਨੂੰ ਪੁੱਜੇਗੀ ਘੁਮਾਣ : ਬੋਕਾਰੇ
Tuesday, Oct 01, 2019 - 12:19 AM (IST)

ਬਟਾਲਾ/ਘੁਮਾਣ (ਬੇਰੀ, ਸਰਬਜੀਤ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਅਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 749ਵਾਂ ਜਨਮ ਦਿਹਾੜਾ ਘੁਮਾਣ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਪਾਵਨ ਪ੍ਰਕਾਸ਼ ਪੁਰਬਾਂ ਨੂੰ ਮੁੱਖ ਰਖਦਿਆਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ-ਸੇਵਾ ਗੁਰਦੁਆਰਾ ਸ੍ਰੀ ਲੰਗਰ ਸਾਹਿਬ, ਹਜ਼ੂਰ ਸਾਹਿਬ ਨਾਂਦੇੜ ਵਾਲਿਆਂ ਦੇ ਸਹਿਯੋਗ ਨਾਲ ਭਗਤ ਨਾਮਦੇਵ ਜੀ ਸਦਭਾਵਨਾ ਯਾਤਰਾ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਹ ਜਾਣਕਾਰੀ ਬਾਬਾ ਨਾਮਦੇਵ ਜੀ ਵੱਲੋਂ ਵਰੋਸਾਈ ਨਗਰੀ ਘੁਮਾਣ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨਾਨਕ ਸਾਈਂ ਫਾਊਂਡੇਸ਼ਨ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਚੇਅਰਮੈਨ ਪੰਢਰੀਨਾਥ ਬੋਕਾਰੇ ਨੇ ਸ਼੍ਰੀ ਨਾਮਦੇਵ ਦਰਬਾਰ ਵਿਚ ਨਤਮਸਤਕ ਹੋਣ ਉਪਰੰਤ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨੇ ਅਤੇ ਪੰਜਾਬ ਅਤੇ ਮਹਾਰਾਸ਼ਟਰ ਵਿਚ ਭਾਈਚਾਰਾ ਵਧਾਉਣਾ, ਧਾਰਮਕ ਅਤੇ ਸਮਾਜਕ ਦੇ ਨਾਲ-ਨਾਲ ਸੰਸਕ੍ਰੀਤਕ ਸਹਿਯੋਗ ਮਜ਼ਬੂਤ ਕਰਨਾ ਅਤੇ ਵਿਸ਼ਵ-ਸ਼ਾਂਤੀ ਲਈ ਅਰਦਾਸ ਕਰਨਾ ਹੈ।
ਚੇਅਰਮੈਨ ਬੋਕਾਰੇ ਨੇ ਦੱਸਿਆ ਕਿ ਇਹ ਯਾਤਰਾ 2 ਨਵੰਬਰ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸ਼ੁਰੂ ਹੋਵੇਗੀ ਜੋ 12 ਨਵੰਬਰ ਤੱਕ ਚੱਲੇਗੀ ਅਤੇ 8 ਨਵੰਬਰ ਨੂੰ ਘੁਮਾਣ ਨਗਰੀ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਵਿਚ 231 ਗੁਰੂ ਘਰ ਦੇ ਪ੍ਰੇਮੀ ਆਪਣੀ ਹਾਜ਼ਰੀ ਭਰਨਗੇ ਅਤੇ ਯਾਤਰਾ ਸਬੰਧੀ ਤਿਆਰੀਆਂ ਲਗਭਗ ਅੰਤਿਮ ਪੜਾਅ 'ਤੇ ਪਹੁੰਚ ਚੁੱਕੀਆਂ ਹਨ। ਇਸ ਮੌਕੇ ਨਾਮਦੇਵ ਦਰਬਾਰ ਕਮੇਟੀ ਵੱਲੋਂ ਜਨਰਲ ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਪ੍ਰਧਾਨ ਨਰਿੰਦਰ ਸਿੰਘ ਨਿੰਦੀ ਸਰਪੰਚ ਘੁਮਾਣ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਬਾਵਾ ਅਤੇ ਮੈਨੇਜਰ ਤ੍ਰਿਲੋਚਨ ਸਿੰਘ ਧਾਮੀ ਵੱਲੋਂ ਚੇਅਰਮੈਨ ਪੰਢਰੀਨਾਥ ਬੋਕਾਰੇ ਦਾ ਸਿਰੋਪਾਓ ਭੇਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਬਾਬਾ ਨਿਰਮਲ ਸਿੰਘ ਰੰਧਾਵਾ, ਸੁਦਾਕਰ ਪਿਲਗੰਡੇ, ਦਯਾਨੰਦ, ਬਸਵੰਨਤੇ, ਹਰਜੀਤ ਸਿੰਘ ਆਦਿ ਮੌਜੂਦ ਸਨ।