ਨੋਟੀਫਿਕੇਸ਼ਨ ਤੋਂ ਬਾਅਦ ਫਗਵਾੜਾ ਨਗਰ ਨਿਗਮ ਦੀ ਪਹਿਲੀ ਮੀਟਿੰਗ ਬੇਹੱਦ ਹੰਗਾਮੀ ਹੋਣ ਦੀ ਉਮੀਦ
Saturday, Jan 04, 2025 - 01:13 PM (IST)
ਫਗਵਾੜਾ (ਜਲੋਟਾ)- ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਦੀ ਪਹਿਲੀ ਮੀਟਿੰਗ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਫਗਵਾੜਾ ਨਗਰ ਨਿਗਮ ’ਚ ਪਹਿਲੀ ਮੀਟਿੰਗ ਬਹੁਤ ਹੰਗਾਮੀ ਹੋਣ ਦੀ ਸੰਭਾਵਨਾ ਹੈ। ਇਹ ਉਦੋਂ ਹੈ ਜਦੋਂ 'ਆਪ' (14) ਅਤੇ ਕਾਂਗਰਸ-ਬਸਪਾ-ਆਜ਼ਾਦ ਗਠਜੋੜ (29) ਅੰਕੜਿਆਂ ’ਤੇ ਅਟਕੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਗਮ ’ਚ ‘ਆਪ’ ਦੀ ਸੱਤਾ ਲਿਆਉਣ ਅਤੇ ਕਾਂਗਰਸ ਗਠਜੋੜ ਨੂੰ ਸੱਤਾ ਤੋਂ ਹਰ ਕੀਮਤ ’ਤੇ ਦੂਰ ਰੱਖਣ ਪਿੱਛੇ ਭਾਜਪਾ ਦਾ ਇਕ ਬਹੁਤ ਵੱਡਾ ਸਿਆਸਤਦਾਨ ਪਰਦੇ ਦੇ ਪਿੱਛੇ ਰਹਿ ਕੇ ‘ਆਪ’ ਦੇ ਨੇਤਾਵਾਂ ਨਾਲ ਵੱਡੀ ਸਿਆਸੀ ਖੇਡ ਖੇਡਣ ਦੀ ਯੋਜਨਾ ਬਣਾ ਰਿਹਾ ਹੈ। ਭਾਜਪਾ (4) ਅਤੇ ਸ਼੍ਰੋਮਣੀ ਅਕਾਲੀ ਦਲ (ਬ) (3) ਨੇ ਅਜੇ ਅਧਿਕਾਰਤ ਤੌਰ ’ਤੇ ‘ਆਪ’ ਨੂੰ ਆਪਣਾ ਸਮਰਥਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ- ਗੁਰਪੁਰਬ ਲਈ ਜੀਪ 'ਤੇ ਚੱਲਾ ਸੀ ਫੁੱਲ ਲਵਾਉਣ, ਮੁੰਡੇ ਨਾਲ ਰਾਹ 'ਚ ਵਾਪਰ ਗਿਆ ਦਰਦਨਾਕ ਹਾਦਸਾ
ਸੂਤਰਾਂ ਅਨੁਸਾਰ ਅਕਾਲੀ ਦਲ (ਬ) (3) ਦਾ ‘ਆਪ’ ਨੂੰ ਸਮਰਥਨ ਮਿਲਣਾ ਲਗਭਗ ਨਿਸ਼ਚਿਤ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਦਾ ਸਬੰਧਤ ਵੱਡਾ ਸਿਆਸਤਦਾਨ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਭਾਜਪਾ ਦੇ ਸਿਰਫ਼ 2 ਕੌਂਸਲਰ ਹੀ ‘ਆਪ’ ਦਾ ਸਮਰਥਨ ਕਰ ਸਕਦੇ ਹਨ। ਇਸ ਤਰ੍ਹਾਂ ਨਿਗਮ ਦਾ 1 ਆਜ਼ਾਦ ਕੌਂਸਲਰ ਵੀ 'ਆਪ' ਨਾਲ ਜਾ ਸਕਦਾ ਹੈ? ਹਾਲਾਂਕਿ ਇਸ ਕੌਂਸਲਰ ਨੇ ਇਸ ਬਾਰੇ ਪੂਰੀ ਤਰ੍ਹਾਂ ਚੁੱਪੀ ਧਾਰੀ ਹੋਈ ਹੈ। ਅਜਿਹੀ ਸਥਿਤੀ ਵਿਚ ਜੇ ਇਹ ਸਿਆਸੀ ਸਮੀਕਰਨ ਸਹੀ ਢੰਗ ਨਾਲ ਫਿੱਟ ਹੁੰਦਾ ਹੈ ਤਾਂ 'ਆਪ' (20) ਦੇ ਅੰਕੜੇ ਤੱਕ ਪਹੁੰਚ ਰਹੀ ਹੈ। ਸੂਤਰਾਂ ਮੁਤਾਬਕ ਅਸਲ ਸਿਆਸੀ ਧਮਾਕਾ ਉਦੋਂ ਹੋ ਸਕਦਾ ਹੈ ਜਦੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਕਾਂਗਰਸੀ ਕੌਂਸਲਰ ਦੇ ਹੱਥੋ ਮੇਅਰ ਲਈ ਕਾਂਗਰਸ ਹਾਈਕਮਾਂਡ ਲਈ ਆਉਣ ਵਾਲਾ ਸੀਲਬੰਦ ਲਿਫ਼ਾਫ਼ਾ ਖੋਲ੍ਹ ਕੇ ਮੇਅਰ ਦੇ ਅਹੁਦੇ ਲਈ ਇਕ ਉਮੀਦਵਾਰ ਦਾ ਐਲਾਨ ਕਰਵਾਉਣਗੇ।
ਜੇਕਰ ਕਾਂਗਰਸ ਹਾਈਕਮਾਂਡ ਕਿਸੇ ਅਜਿਹੇ ਕੌਂਸਲਰ ਦੀ ਚੋਣ ਕਰਦੀ ਹੈ ਜਿਸ ਦਾ ਕਾਂਗਰਸ ਗਠਜੋੜ ਦੇ ਅੰਦਰ ਪਾਰਟੀ ਪੱਧਰ ’ਤੇ ਮੌਜੂਦਾ ਹਾਲਾਤ ’ਚ ਚੋਣ ਜਿੱਤਣ ਵਾਲੇ 6 ਕੌਂਸਲਰਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕਾਂਗਰਸ ਮੌਜੂਦਾ 29 ਦੇ ਅੰਕੜੇ ਤੋਂ 23 ’ਤੇ ਆ ਜਾਵੇਗੀ ਪਰ ਜੇ ਦੂਸੇ ਪਾਸੇ ਜੇਕਰ ਗਠਜੋੜ ਦੇ 6 ਕੌਂਸਲਰਾਂ ਦੀ ਗੱਲ ਦਾ ਮਾਣ ਰਖਦੇ ਹੋਏ ਮੇਅਰ ਦੇ ਅਹੁਦੇ ਲਈ ਇਨ੍ਹਾਂ ’ਚੋਂ ਕਿਸੇ ਦੀ ਚੋਣ ਕੀਤੀ ਜਾਂਧੀ ਹੈ ਤਾਂ ਘੱਟੋ-ਘੱਟ ਦੋ ਜਾਂ 3 ਕੌਂਸਲਰ ਕਾਰਪੋਰੇਸ਼ਨ ਹਾਊਸ ਦੀ ਪਹਿਲੀ ਮੀਟਿੰਗ ਵਿਚ ਇਸ ਦਾ ਸਮਰਥਨ ਨਹੀਂ ਕਰ ਸਕਦੇ ਹਨ। ਯਾਨੀ ਫਿਰ ਕਾਂਗਰਸ 29 ਵਿਚੋਂ 26 ਜਾਂ 27 ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਵੇਗੀ ਅਤੇ ਮਾਮਲਾ ਕਾਂਗਰਸ ਦੇ ਪੱਖ ਵਿਚ ਹੀ ਰਹੇਗਾ ਅਤੇ ਪਾਰਟੀ ਦੀ ਵੱਡੀ ਜਿੱਤ ਹੋ ਜਾਵੇਗੀ। ਅਸਲ ਖੇਡ ਨਿਗਮ ਹਾਊਸ ਦੀ ਪਹਿਲੀ ਬੈਠਕ ’ਚ ਉਸ ਵੇਲੇ ਹੋਣ ਦੀ ਸੰਭਾਵਨਾ ਹੈ, ਜਦੋਂ ਕਾਂਗਰਸ ਗੱਠਜੋੜ ’ਚ 2 ਤੋਂ 3 ਕੌਂਸਲਰਾਂ ਦੇ ਵਿਰੋਧ ਵਿਚਕਾਰ ‘ਆਪ’ ਤੇ ਭਾਜਪਾ ਦੇ 3 ਤੋਂ 4 ਕੌਂਸਲਰ ਕਾਂਗਰਸ ਦੇ ਫ਼ੈਸਲੇ ’ਚ ਸ਼ਾਮਲ ਹੋਣਗੇ? ਯਾਨੀ ਕਾਂਗਰਸ 30 ਦਾ ਅੰਕੜਾ ਪਾਰ ਕਰਕੇ ਇਹ ਮੇਅਰ ਚੋਣ ਜਿੱਤੇਗੀ, ਬਸ਼ਰਤੇ ਬਸਪਾ (3) ਅਤੇ ਆਜ਼ਾਦ (2) ਕਾਂਗਰਸ ਦੇ ਨਾਲ ਰਹਿਣ। ਸੰਖੇਪ ’ਚ ਜੇਕਰ ਕਾਂਗਰਸ ਨੇ ਮੇਅਰ ਬਣਾਉਣਾ ਹੈ ਸੰਗਠਨ ਦੀ ਤਾਕਤ ਨੂੰ ਸਮਝਣਾ ਹੋਵੇਗਾ ਜਾਂ ਫਿਰ ਜੇਕਰ ਕਾਂਗਰਸ ਹਾਈ ਕਮਾਂਡ ਇਸ ਦੇ ਉਲਟ ਕਰਦੀ ਹੈ ਤਾਂ ਮਾਮਲਾ 23 ਤੋਂ ਅੱਗੇ ਨਹੀਂ ਜਾਣ ਵਾਲਾ ਹੈ ਜੋ ਕਿ ਕਾਂਗਰਸ ਲਈ ਵੱਡੀ ਹਾਰ ਦਾ ਕਾਰਨ ਬਣੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਖ਼ਤਰੇ ਦੀ ਘੰਟੀ, ਅਗਲੇ 48 ਘੰਟੇ ਭਾਰੀ, ਮੀਂਹ ਸਣੇ ਚੱਲਣਗੀਆਂ ਤੇਜ਼ ਹਵਾਵਾਂ
ਇਸ ਦੇ ਉਲਟ ਜੇਕਰ ‘ਆਪ’ ਦੀ ਸਿਆਸੀ ਖੇਡ ਨੂੰ ਧਿਆਨ ਨਾਲ ਸਮਝਿਆ ਜਾਵੇ ਤਾਂ ‘ਆਪ’ (14) ਨਿਗਮ ਹਾਊਸ ਦੀ ਪਹਿਲੀ ਮੀਟਿੰਗ ’ਚ ਭਾਜਪਾ (4), ਅਕਾਲੀ ਦਲ (3) ਅਤੇ 1 ਆਜ਼ਾਦ ਕੌਂਸਲਰ ਦੇ ਆਧਾਰ ’ਤੇ ਚੁੱਪਚਾਪ ਇਹ ਅੰਕੜਾ 22 ਸਮਝਦੇ ਹੋਏ ਜਾਵੇਗੀ। ਜੇਕਰ ਕਿਸੇ ਕਾਰਨ ਕਾਂਗਰਸ ਦੇ ਅੰਕੜਿਆਂ ਦੀ ਖੇਡ ਸਫਲ ਨਹੀਂ ਹੋਈ ਤਾਂ ‘ਆਪ’ 26 ਬਹੁਮਤ ਦੇ ਇਸ ਅੰਕੜੇ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰੇਗੀ। ‘ਆਪ’ ਕੋਲ ਕਾਂਗਰਸ ਗਠਜੋੜ ਦੇ 2 ਤੋਂ 3 ਕੌਂਸਲਰ ਹੋ ਸਕਦੇ ਹਨ ਜਿਨ੍ਹਾਂ ਦੀ ਇੱਛਾ ਨਾਲ ਕਾਂਗਰਸ ਹਾਈ ਕਮਾਂਡ ਨੇ ਮੇਅਰ ਦਾ ਅਹੁਦਾ ਨਹੀਂ ਚੁਣਿਆ ਹੈ? ਯਾਨੀ ਫਿਰ ਵੀ ਇਹ ਅੰਕੜਾ 25 ’ਤੇ ਅਟਕ ਜਾਂਦਾ ਹੈ, ਜੋ ਕਿ ਬਹੁਮਤ 26 ਤੋਂ ਫਿਰ 1 ਘੱਟ ਹੀ ਹੋਵੇਗਾ। ਯਾਨੀ ਗੱਲ ਨਹੀਂ ਬਣਨ ਵਾਲੀ ਹੈ ਪਰ ਇਸ ਦੌਰਾਨ ਜੇਕਰ ਕਾਂਗਰਸ ਦੀ ਗੱਠਜੋੜ ਭਾਈਵਾਲ ਬਸਪਾ (3) ਅਤੇ ਕਾਂਗਰਸ ਦਾ ਸਮਰਥਨ ਕਰ ਰਹੇ ਆਜ਼ਾਦ (2) ‘ਆਪ’ ਦਾ ਹਾਉਸ ਦੀ ਬੈਠਕ ’ਚ ਸਮਰਥਨ ਕਰ ਦਿੰਦੇ ਹਨ ਤਾਂ ਨਿਗਮ ਹਾਊਸ ਦੀ ਪਹਿਲੀ ਬੈਠਕ ’ਚ ‘ਆਪ’ 26 ਦੇ ਬਹੁਮਤ ਦੇ ਅੰਕੜੇ ਨੂੰ ਆਸਾਨੀ ਨਾਲ ਪਾਰ ਕਰਕੇ ਮੇਅਰ ਦੀ ਚੋਣ ਜਿੱਤ ਲਵੇਗੀ।
ਇਹ ਵੀ ਪੜ੍ਹੋ- ਜਲੰਧਰ ਦੀ ਸਿਆਸਤ 'ਚ ਵੱਡਾ ਧਮਾਕਾ ਹੋਣ ਦੇ ਆਸਾਰ ! ਵਧੀ ਹਲਚਲ
ਫਗਵਾੜਾ ਦੇ ਕਾਰਪੋਰੇਸ਼ਨ ਹਾਊਸ ’ਚ ਕਿਸੇ ਵੀ ਰੂਪ ’ਚ ‘ਆਪ’ ਦਾ ਸਮਰਥਨ ਕਰਨ ਦੇ ਮੁੱਦੇ ’ਤੇ ਭਾਜਪਾ ਹਾਈਕਮਾਂਡ ਕਾਫ਼ੀ ਨਾਰਾਜ਼
ਸੂਤਰਾਂ ਦਾ ਦਾਅਵਾ ਹੈ ਕਿ ਹਾਲਾਂਕਿ ਪੰਜਾਬ ਭਾਜਪਾ ਹਾਈਕਮਾਂਡ ਦੇ ਇਕ ਵੱਡੇ ਸਿਆਸਤਦਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਨਿਗਮ ਹਾਊਸ ’ਚ ਲੋੜ ਪੈਣ ’ਤੇ ਭਾਜਪਾ ‘ਆਪ’ ਦਾ ਸਮਰਥਨ ਕਰ ਸਕਦੀ ਹੈ ਪਰ ਜੇਕਰ ਨਵੀਂ ਦਿੱਲੀ ’ਚ ਮੌਜੂਦ ਭਾਜਪਾ ਹਾਈਕਮਾਂਡ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਫਗਵਾੜਾ ਨੂੰ ਲੈ ਕੇ ਭਾਜਪਾ ਦੇ ਇਕ ਵੱਡੇ ਨੇਤਾ ਵੱਲੋਂ ਕਹੀ ਗਈ ਸਿਆਸੀ ਗੱਲ ਨੂੰ ਲੈ ਕੇ ਪਾਰਟੀ ਦੇ ਅੰਦਰ ਤਿੱਖੀ ਵਿਰੋਧ ਦੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦੇ ਇਕ ਚੋਟੀ ਦੇ ਨੇਤਾ ਸਵਾਲ ਕਰ ਰਹੇ ਹਨ ਕਿ ਜੇਕਰ ਫਗਵਾੜਾ ਨਗਰ ਨਿਗਮ ’ਚ ਭਾਜਪਾ ਕੌਂਸਲਰ ‘ਆਪ’ ਦਾ ਸਮਰਥਨ ਕਰਦੇ ਹਨ ਤਾਂ ਇਹ ਫਾਰਮੂਲਾ ਹੋਰ ਨਗਰ ਨਿਗਮਾਂ ’ਚ ਲਾਗੂ ਕਿਉਂ ਨਹੀਂ ਕੀਤਾ ਜਾਂਦਾ? ਪੰਜਾਬ ਕੇਸਰੀ, ਜਗ ਬਾਣੀ ਦੇ ਨਾਲ ਨਵੀਂ ਦਿੱਲੀ ’ਚ ਮੌਜੂਦ ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਉਹ ਹੈਰਾਨ ਹਨ ਕਿ ਪੰਜਾਬ ’ਚ ਭਾਜਪਾ ਦਾ ਇਹ ਇਕ ਵੱਡਾ ਨੇਤਾ ਅਜਿਹੀਆਂ ਬੇਤੁਕੀਆਂ ਗੱਲਾਂ ਕਹਿ ਰਿਹਾ ਹੈ।
ਇਹ ਵੀ ਪੜ੍ਹੋ- ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ ਮਾਰੀਆਂ ਗੋਲ਼ੀਆਂ
ਭਾਜਪਾ ਆਗੂ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਦੋਂ ਵੋਟਰ ਸਾਨੂੰ ਪੁੱਛਣਗੇ ਕਿ ਭਾਜਪਾ ਨੇ ਪੰਜਾਬ ਦੇ ਫਗਵਾੜਾ ਸ਼ਹਿਰ ’ਚ ‘ਆਪ’ ਦਾ ਖੁੱਲ੍ਹ ਕੇ ਸਮਰਥਨ ਕਿਉਂ ਅਤੇ ਕਿਸ ਆਧਾਰ ’ਤੇ ਕੀਤਾ ਹੈ ਤਾਂ ਪਾਰਟੀ ਲੀਡਰਸ਼ਿਪ ਕੀ ਜਵਾਬ ਦੇਵੇਗੀ? ਅਤੇ ਉਹ ਵੀ ਉਦੋਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਸਮੇਤ ਸਾਰੀ ਭਾਜਪਾ ਹਾਈ ਕਮਾਂਡ ਜਨਤਕ ਰੈਲੀਆਂ ਅਤੇ ਮੀਟਿੰਗਾਂ ’ਚ ਖੁੱਲ੍ਹੇਆਮ ਆਪ ਦਾ ਪਰਦਾਫਾਸ਼ ਕਰ ਰਹੀ ਹੈ ਅਤੇ ਉਨ੍ਹਾਂ ’ਤੇ ਘੁਟਾਲਿਆਂ ਦੇ ਗੰਭੀਰ ਦੋਸ਼ ਲਗਾ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਇਹੋਂ ਬਿਹਤਰ ਹੋਵੇਗਾ ਕਿ ਭਾਜਪਾ ਫਗਵਾੜਾ ਦੀ ਮੇਅਰ ਦੀ ਚੋਣ ਵਿਚ ਕਿਸੇ ਦਾ ਵੀ ਸਾਥ ਨਾ ਦੇਵੇ। ਕਿਸੇ ਵੀ ਪੱਧਰ ‘ਤੇ 'ਆਪ' ਦਾ ਸਮਰਥਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਇਹ ਭਾਜਪਾ ਦੇ ਨੈਤਿਕ ਸਿਧਾਂਤਾਂ ਦੇ ਖ਼ਿਲਾਫ਼ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਮਿਲੀ ਸਰਕਾਰੀ ਨੌਕਰੀ, ਜਾਣੋ ਪੂਰੀ ਸੂਚੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e