ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ!
Thursday, Jan 09, 2025 - 12:50 PM (IST)
ਕਪੂਰਥਲਾ (ਮਹਾਜਨ)-ਕੀ ਇਸ ਵਾਰ ਵੀ ਖ਼ੂਨੀ ਡੋਰ (ਚਾਈਨਾ ਡੋਰ) ਹਵਾ ’ਚ ਮੌਤ ਦਾ ਤਾਂਡਵ ਕਰੇਗੀ? ਇਹ ਸਵਾਲ ਅੱਜ ਭਾਵੇਂ ਹਰ ਕਿਸੇ ਦੇ ਮਨ ’ਚ ਉੱਠ ਰਿਹਾ ਹੋਵੇਗਾ ਪਰ ਫਿਰ ਵੀ ਇਸ ਖ਼ਤਰਨਾਕ ਡੋਰ ਦੇ ਮਾੜੇ ਪ੍ਰਭਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇਸ ਸਾਲ ਵੀ ਇਸ ਡੋਰ ਨੇ ਬਾਜ਼ਾਰਾਂ ’ਚ ਆਪਣੀ ਪਕੜ ਬਣਾਈ ਹੋਈ ਹੈ। ਆਖ਼ਿਰ ਅਜਿਹਾ ਕੀ ਕਾਰਨ ਹੈ ਕਿ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਲਈ ਇਸ ਚਾਈਨਾ ਡੋਰ ’ਤੇ ਪਾਬੰਦੀ ਲਗਾਉਣੀ ਔਖੀ ਹੋ ਗਈ ਹੈ? ਭਾਵੇਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਖਾਨਾਪੂਰਤੀ ਲਈ ਕਾਗਜ਼ੀ ਹੁਕਮ ਜਾਰੀ ਕਰਕੇ ਪਾਬੰਦੀਆਂ ਦੇ ਹੁਕਮ ਦਿੰਦੇ ਹਨ ਪਰ ਦੂਜੇ ਪਾਸੇ ਸ਼ਹਿਰ ’ਚ ਮੋਟਾ ਮੁਨਾਫ਼ਾ ਕਮਾਉਣ ਲਈ ਕਥਿਤ ਦੁਕਾਨਦਾਰ ਇਹ ਡੋਰ ਚੋਰੀ-ਚੋਰੀ ਵੇਚ ਰਹੇ ਹਨ, ਇਸ ਲਈ ਉਕਤ ਚਾਈਨਾ ਡੋਰ ਨੂੰ ਵੇਚਣ ਵਾਲੇ ਅਤੇ ਖ਼ਰੀਦਦਾਰ ਦੋਵੇਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਇਕ ਪਲ ਦੇ ਮਜ਼ੇ ਲਈ ਇਹ ਚਾਈਨਾ ਡੋਰ ਕਿਸੇ ਹੋਰ ਵਿਅਕਤੀ ਲਈ ਉਮਰ ਭਰ ਦੇ ਦੁੱਖ ਦਾ ਕਾਰਨ ਬਣ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ
ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ’ਚ ਮਨਾਏ ਜਾਣ ਵਾਲੇ ਲੋਹੜੀ ਦੇ ਤਿਉਹਾਰ ’ਤੇ ਨੌਜਵਾਨਾਂ ਵੱਲੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ, ਜਿਸ ਕਾਰਨ ਨੌਜਵਾਨਾਂ ਨੇ ਬਾਜ਼ਾਰਾਂ ’ਚ ਰੰਗ-ਬਿਰੰਗੀਆਂ ਪਤੰਗਾਂ ਨਾਲ ਸਜੀਆਂ ਦੁਕਾਨਾਂ ਤੋਂ ਹੁਣੇ ਤੋਂ ਹੀ ਚਾਈਨਾ ਡੋਰ ਖਰੀਦਣੀ ਸ਼ੁਰੂ ਕਰ ਦਿੱਤੀ ਹੈ। ਕਈ ਦੁਕਾਨਦਾਰਾਂ ਨੇ ਚਾਈਨਾ ਡੋਰ ਦੀ ਹੋਮ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ। ਗੱਟੂ ਦੇ ਰੂਪ ’ਚ ਉਪਲੱਬਧ ਚਾਈਨਾ ਡੋਰ ਪਾਈਆ, ਅੱਧਾ ਕਿੱਲੋ, ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਅਤੇ ਲੋਹੜੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਦੁਕਾਨਦਾਰ ਚਾਈਨਾ ਡੋਰ ਦੀ ਕੀਮਤ ਵਧਾ ਦਿੰਦੇ ਹਨ। ਜਿੱਥੇ ਇਕ ਪਾਸੇ ਪ੍ਰਸ਼ਾਸਨ ਲੋਕਾਂ ਨੂੰ ਜਾਨਲੇਵਾ ਚਾਈਨਾ ਡੋਰ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਜਾਗਰੂਕਤਾ ਫੈਲਾਉਣ ਅਤੇ ਚਿਤਾਵਨੀਆਂ ਦੇਣ ਦੇ ਬਾਵਜੂਦ ਕੁਝ ਦੁਕਾਨਦਾਰ ਚਾਈਨਾ ਡੋਰ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਸ਼ਹਿਰ ਦੇ ਕੁਝ ਹਿੱਸਿਆਂ ’ਚ ਦੁਕਾਨਦਾਰ ਬੇਖ਼ੌਫ਼ ਹੋ ਕੇ ਬਲੈਕ ’ਚ ਚਾਈਨਾ ਡੋਰ ਵੇਚ ਰਹੇ ਹਨ, ਜੋ ਕਿ ਲੋਕਾਂ ਦੀ ਸੁਰੱਖਿਆ ਨੂੰ ਨਜਰਅੰਦਾਜ਼ ਕਰਕੇ ਮੋਟੀ ਕਮਾਈ ਕਰਨ ਤੱਕ ਹੀ ਸੀਮਤ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ-ਨਾਲ ਇਸ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਹਰ ਸਾਲ ਵਾਪਰਦੇ ਹਨ ਕਈ ਹਾਦਸੇ
ਚਾਈਨਾ ਡੋਰ ਕਾਰਨ ਹਰ ਸਾਲ ਕਈ ਹਾਦਸੇ ਵਾਪਰਦੇ ਹਨ। ਚਾਈਨਾ ਡੋਰ ਵਾਹਨ ਚਾਲਕਾਂ ਲਈ ਮੌਤ ਦਾ ਜਾਲ ਸਾਬਤ ਹੋ ਰਹੀ ਹੈ। ਕਈ ਕੇਸਾਂ ’ਚ ਦੋਪਹੀਆ ਵਾਹਨ ਚਾਲਕ ਗਲੇ ’ਚ ਡੋਰ ਲਪੇਟੇ ਜਾਣ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹੇ ਕਈ ਮਾਮਲੇ ਵੀ ਦੇਖਣ ਨੂੰ ਮਿਲੇ ਹਨ, ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਕਿਉਂ ਖ਼ਤਰਨਾਕ ਹੈ ਚਾਈਨਾ ਡੋਰ?
ਚਾਈਨਾ ਡੋਰ ਪਲਾਸਟਿਕ, ਸਿੰਥੈਟਿਕ ਧਾਗੇ ਦੀ ਬਣੀ ਹੁੰਦੀ ਹੈ ਅਤੇ ਇਹ ਇੰਨੀ ਮਜ਼ਬੂਤ ਹੁੰਦੀ ਹੈ ਕਿ ਇਹ ਆਸਾਨੀ ਨਾਲ ਨਹੀਂ ਟੁੱਟਦੀ, ਜਦਕਿ ਦੇਸੀ ਡੋਰ ਆਸਾਨੀ ਨਾਲ ਟੁੱਟ ਜਾਂਦੀ ਹੈ। ਪਲਾਸਟਿਕ ਤੇ ਕੈਮੀਕਲ ਨਾਲ ਬਣੀ ਇਸ ਚਾਈਨਾ ਡੋਰ ਕਾਰਨ ਵਾਤਾਵਰਣ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਦੂਜੇ ਪਾਸੇ ਜੇਕਰ ਕੋਈ ਮਨੁੱਖ ਜਾਂ ਪੰਛੀ ਇਸ ਦੀ ਲਪੇਟ ’ਚ ਆ ਜਾਵੇ ਤਾਂ ਉਨ੍ਹਾਂ ਦੇ ਸਰੀਰ ’ਤੇ ਡੂੰਘੇ ਜਖਮ ਹੋ ਜਾਂਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਇਹ ਡੋਰ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਂਦੀ ਹੈ ਤਾਂ ਪਤੰਗ ਉਡਾਉਣ ਵਾਲੇ ਨੂੰ ਬਿਜਲੀ ਦਾ ਜੋਰਦਾਰ ਝਟਕਾ ਵੀ ਲੱਗ ਸਕਦਾ ਹੈ, ਇਸ ਦੇ ਨਾਲ ਹੀ ਪਤਲੇ ਤੇ ਹਲਕੇ ਰੰਗ ਦੇ ਧਾਗੇ ਕਾਰਨ ਇਹ ਧੁੱਪ ’ਚ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੀ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਇਸ ਦਾ ਸ਼ਿਕਾਰ ਹੋ ਕੇ ਗੰਭੀਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਚਾਈਨਾ ਡੋਰ ਦੇ ਭਿਆਨਕ ਨਤੀਜੇ
-ਪਲਾਸਟਿਕ ਦੀ ਬਣੀ ਚਾਈਨਾ ਡੋਰ ਆਸਾਨੀ ਨਾਲ ਨਹੀਂ ਟੁੱਟਦੀ, ਜਿਸ ਕਾਰਨ ਪਤੰਗ ਉਡਾਉਂਦੇ ਸਮੇਂ ਹੱਥ ਬੁਰੀ ਤਰ੍ਹਾਂ ਕੱਟ ਜਾਂਦੇ ਹਨ।
-ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਪੈਦਲ ਚੱਲਣ ਵਾਲੇ ਤੇ ਦੋਪਹੀਆ ਵਾਹਨ ਚਾਲਕ ਜ਼ਖਮੀ ਹੋ ਜਾਂਦੇ ਹਨ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ।
-ਬਿਜਲੀ ਦੀਆਂ ਤਾਰਾਂ ’ਚ ਫਸੀ ਚੀਨੀ ਡੋਰ ਪਲਾਸਟਿਕ ਦੇ ਰੇਸ਼ਿਆਂ ਕਾਰਨ ਖਿੱਚਣ ’ਤੇ ਰਗੜ ਪੈਦਾ ਕਰ ਸਕਦੀ ਹੈ, ਜਿਸ ਨਾਲ ਬਿਜਲੀ ਦਾ ਕਰੰਟ ਵੀ ਲੱਗ ਸਕਦਾ ਹੈ।
-ਉਕਤ ਡੋਰ ਨਾਲ ਪਤੰਗ ਉਡਾਉਣ ’ਤੇ ਮਾਸੂਮ ਪੰਛੀ ਇਸ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਜਾਂਦੇ ਹਨ।
ਜਾਣ ਕੇ ਵੀ ਪੁਲਸ ਪ੍ਰਸ਼ਾਸਨ ਬਣਿਆ ਅਣਜਾਣ
ਚਾਈਨਾ ਡੋਰ ਦੀ ਵਧਦੀ ਵਿਕਰੀ ਦੇ ਮੱਦੇਨਜ਼ਰ ਇਹ ਕਹਿਣਾ ਪੂਰੀ ਤਰ੍ਹਾਂ ਗਲਤ ਹੋਵੇਗਾ ਕਿ ਪੁਲਸ ਪ੍ਰਸ਼ਾਸਨ ਨੂੰ ਇਸ ਸਬੰਧੀ ਕੋਈ ਖਬਰ ਨਹੀਂ ਹੈ। ਪੁਲਸ ਮੁਲਾਜ਼ਮਾਂ ਨੂੰ ਸਭ ਕੁਝ ਪਤਾ ਹੈ ਕਿ ਚਾਈਨਾ ਡੋਰ ਕਿੱਥੇ ਵਿਕ ਰਹੀ ਹੈ ਤੇ ਕਿੱਥੇ ਨਹੀਂ। ਇਲਾਕੇ ’ਚ ਪੈਂਦੇ ਜਲੌਖਾਨਾ ਚੌਕ, ਸ਼ਾਲੀਮਾਰ ਬਾਗ ਰੋਡ, ਜੱਟਪੁਰਾ ਮੁਹੱਲਾ, ਰੇਲਵੇ ਰੋਡ, ਮਾਰਕਫੈਡ ਚੌਂਕ, ਮੁਹੱਲਾ ਸ਼ਿਵ ਕਲੋਨੀ, ਕੋਟੂ ਚੌਂਕ ਦੇ ਕੋਲ, ਮੁਹੱਲਾ ਸ਼ੇਰਗੜ੍ਹ, ਮੁਹੱਲਾ ਲਾਹੌਰੀ ਗੇਟ ਆਦਿ ਇਲਾਕਿਆਂ ’ਚ ਚਾਈਨਾ ਡੋਰ ਵੱਡੇ ਪੱਧਰ ’ਤੇ ਵੇਚੀ ਜਾ ਰਹੀ ਹੈ ਪਰ ਫਿਰ ਵੀ ਇਸ ਨੂੰ ਨਜਰਅੰਦਾਜ਼ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸ਼ਾਇਦ ਇਸ ਸਾਰੀ ਖੇਡ ’ਚ ਦੁਕਾਨਦਾਰਾਂ ਨਾਲ ਪੁਲਸ ਦੀ ਕਥਿਤ ਮਿਲੀਭੁਗਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
ਪੁਲਸ ਥਾਣਿਆਂ ’ਚ ਨਹੀਂ ਵਿਖਾਈ ਦਿੱਤੀ ਗੰਭੀਰਤਾ
ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ਵਿਰੁੱਧ ਉੱਚ ਅਧਿਕਾਰੀਆਂ ਦੇ ਸਖ਼ਤ ਹੁਕਮਾਂ ਦੇ ਬਾਵਜੂਦ ਜ਼ਿਲੇ ਦੇ ਕੁਝ ਥਾਣਾ ਇੰਚਾਰਜਾਂ ਨੇ ਹੀ ਚਾਈਨਾ ਡੋਰ ਖਿਲਾਫ ਮੁਹਿੰਮ ’ਚ ਗੰਭੀਰਤਾ ਦਿਖਾਈ ਹੈ। ਜ਼ਿਲੇ ਦੇ ਜਿਆਦਾਤਰ ਥਾਣਿਆਂ ’ਚ ਨਾ ਤਾਂ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਫੜਿਆ ਗਿਆ ਤੇ ਨਾ ਹੀ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਨੂੰ ਜਦਕਿ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਾ ਬੱਚਾ ਜਾਂ ਨੌਜਵਾਨ ਚਾਈਨਾ ਡੋਰ ਵੇਚਣ ਵਾਲੇ ਵਾਂਗ ਹੀ ਜ਼ਿੰਮੇਵਾਰ ਹੈ।
ਸਿਵਲ ਪ੍ਰਸ਼ਾਸਨ ਵੀ ਬਣਿਆ ਮੂਕਦਰਸ਼ਕ
ਜਿੱਥੇ ਪੁਲਸ ਵੱਲੋਂ ਚਾਈਨਾ ਡੋਰ ਦੇ ਮਾਮਲੇ ’ਚ ਕੁਝ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਸਿਵਲ ਪ੍ਰਸ਼ਾਸਨ ਇਸ ਮਾਮਲੇ ’ਚ ਪੂਰੀ ਤਰ੍ਹਾਂ ਮੂਕਦਰਸ਼ਕ ਬਣੀ ਨਜ਼ਰ ਆ ਰਹੀ ਹੈ, ਜਦਕਿ ਜ਼ਿਲਾ ਪ੍ਰਸ਼ਾਸਨ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਆਪਣੇ ਇਲਾਕਿਆਂ ’ਚ ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਹੁਕਮ ਸਿਰਫ਼ ਸਰਕਾਰੀ ਦਸਤਾਵੇਜ਼ਾਂ ਤੱਕ ਹੀ ਸੀਮਤ ਹਨ ਤੇ ਲੋਕ ਸ਼ਰੇਆਮ ਚਾਈਨਾ ਡੋਰ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
ਨੌਜਵਾਨ ਸਮਝਣ ਨੈਤਿਕ ਜ਼ਿੰਮੇਵਾਰੀ
ਪਤੰਗਬਾਜ਼ੀ ਦੇ ਸ਼ੌਂਕੀਨਾਂ ਦੀ ਦਿਲਚਸਪੀ ਨੂੰ ਧਿਆਨ ’ਚ ਰੱਖਦੇ ਹੋਏ ਉਕਤ ਮਾਰੂ ਡੋਰ ਨੂੰ ਵੱਖ-ਵੱਖ ਵਿਕਰੇਤਾਵਾਂ ਵੱਲੋਂ ਵੇਚਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਭਾਵੇਂ ਕਈ ਵਾਰ ਦੁਕਾਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਚਾਈਨਾ ਡੋਰ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀ। ਜੇਕਰ ਖਰੀਦਦਾਰ ਪਿੱਛੇ ਹਟ ਜਾਵੇ ਤਾਂ ਵੇਚਣ ਵਾਲਾ ਵੀ ਡੋਰ ਵੇਚਣ ਤੋਂ ਸੰਕੋਚ ਕਰੇਗਾ। ਇਸ ਸਥਿਤੀ ਨੂੰ ਮੁੱਖ ਰੱਖਦਿਆਂ ਨੌਜਵਾਨਾਂ ਨੂੰ ਇਸ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਉਕਤ ਡੋਰ ਦਾ ਪੂਰਨ ਤੌਰ ’ਤੇ ਬਾਈਕਾਟ ਕਰਨਾ ਚਾਹੀਦਾ ਹੈ।
ਮਾਪੇ ਬੱਚਿਆਂ ਨੂੰ ਸਮਝਾਉਣ
ਦੂਜੇ ਪਾਸੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਮਾਰੂ ਡੋਰ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ। ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਇਹ ਡੋਰ ਨਾ ਸਿਰਫ਼ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸਗੋਂ ਦੂਜਿਆਂ ਲਈ ਵੀ ਖਤਰਾ ਬਣ ਸਕਦੀ ਹੈ। ਇਸ ਤੋਂ ਇਲਾਵਾ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਪਤੰਗਾਂ ਲੁੱਟਣ ਤੋਂ ਰੋਕਣ ਕਿਉਂਕਿ ਚਾਈਨਾ ਡੋਰ ਵਾਲੀ ਪਤੰਗ ਉਨ੍ਹਾਂ ਨੂੰ ਜ਼ਖ਼ਮੀ ਕਰ ਸਕਦੀ ਹੈ।
ਇਹ ਵੀ ਪੜ੍ਹੋ-6ਵੀਂ ਜਮਾਤ ਦੀ ਆਨਲਾਈਨ ਕਲਾਸ ਦੌਰਾਨ ਚੱਲਣ ਲੱਗੀ ਗੰਦੀ ਵੀਡੀਓ, ਫਿਰ ਜੋ ਹੋਇਆ...
ਨਵੀਂ ਰਣਨੀਤੀ ਬਣਾਉਣ ਦੀ ਲੋੜ
ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਜ਼ਿਲ੍ਹਾ ਅਤੇ ਪੁਲਸ ਪ੍ਰਸ਼ਾਸਨ ਨੂੰ ਮਿਲ ਕੇ ਨਵੀਂ ਰਣਨੀਤੀ ਬਣਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਲੋਹੜੀ ਦੇ ਤਿਉਹਾਰ ’ਚ ਅਜੇ ਕੁਝ ਦਿਨ ਬਾਕੀ ਹਨ। ਅਜਿਹੇ ’ਚ ਜੇਕਰ ਅੱਜ ਤੋਂ ਹੀ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਚਾਈਨਾ ਡੋਰ ਹਰ ਘਰ ਤੱਕ ਪਹੁੰਚ ਜਾਵੇਗੀ। ਜਿਸ ਕਾਰਨ ਜਿੱਥੇ ਉਹ ਆਪਣੀ ਜਾਨ ਨੂੰ ਖਤਰੇ ’ਚ ਪਾ ਰਹੇ ਹਨ, ਉੱਥੇ ਹੀ ਦੂਜਿਆਂ ਨੂੰ ਵੀ ਇਸ ਦਾ ਸ਼ਿਕਾਰ ਬਣਾ ਸਕਦੇ ਹਨ।
ਇਹ ਵੀ ਪੜ੍ਹੋ- ਜਥੇਦਾਰ ਨਾਲ ਮੁਲਾਕਾਤ ਮਗਰੋਂ ਦਲਜੀਤ ਚੀਮਾ ਦਾ ਵੱਡਾ ਬਿਆਨ, ਸੁਖਬੀਰ ਦੇ ਅਸਤੀਫ਼ੇ 'ਤੇ ਆਖੀ ਇਹ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e