ਇਤਿਹਾਸਕ ਨਗਰ ਕੀਰਤਨ ਦਾ ਦਸੂਹਾ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਸਵਾਗਤ (ਤਸਵੀਰਾਂ)
Wednesday, Aug 07, 2019 - 11:58 AM (IST)
ਮੁਕੇਰੀਆਂ/ਦਸੂਹਾ (ਝਾਵਰ, ਨਾਗਲਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸਜਾਏ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਬੀਤੇ ਦਿਨ ਮਾਨਸਰ-ਭੰਗਾਲਾ ਰਾਸ਼ਟਰੀ ਰਾਜ-ਮਾਰਗ 'ਤੇ ਪਿੰਡ ਗੁਰਦਾਸਪੁਰ, ਛੰਨੀ ਨੰਦ ਸਿੰਘ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ 'ਚ ਖਾਲਸਾਈ ਜਾਹੋ-ਜਲਾਲ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।
ਇਸ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗਰਨਾ ਸਾਹਿਬ ਬੋਦਲ, ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਮੁਕੇਰੀਆਂ, ਗੁਰਦੁਆਰਾ ਗੁਰੂ ਨਾਨਕ ਦਰਬਾਰ ਟੱਕਰ ਸਾਹਿਬ, ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਉਡਰਾਂ ਦਸੂਹਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੋਸਾਇਟੀ, ਸਿੱਖੀ ਵਿਰਸਾ ਸੰਭਾਲ ਸੋਸਾਇਟੀ ਬੋਦਲ, ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ, ਗੁਰੂ ਲਾਧੋ ਰੇ ਵੈੱਲਫੇਅਰ ਸੋਸਾਇਟੀ, ਵਿਕਾਸ ਮੰਚ ਦਸੂਹਾ, ਸ੍ਰੀ ਗੁਰੂ ਰਵਿਦਾਸ ਸਭਾ ਮੁਕੇਰੀਆਂ ਤੋਂ ਇਲਾਵਾ ਹੋਰ ਸੇਵਾ ਸੋਸਾਇਟੀਆਂ, ਧਾਰਮਕ ਜਥੇਬੰਦੀਆਂ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣ ਲਈ ਪੁੱਜੀਆਂ ਹੋਈਆਂ ਸਨ। ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਨਗਰ ਕੀਰਤਨ ਦੇ ਅੱਗੇ-ਅੱਗੇ ਪੁਲਸ ਪ੍ਰਸ਼ਾਸਨ ਦੀ ਐਸਕਾਰਟ, ਮੋਟਰਸਾਈਕਲ ਸਵਾਰ ਨੌਜਵਾਨ ਅਤੇ ਸੈਂਕੜਿਆਂ ਦੀ ਗਿਣਤੀ 'ਚ ਫੁੱਲਾਂ ਨਾਲ ਸਜਾਏ ਵਾਹਨ, ਟਰੈਕਟਰ-ਟਰਾਲੀਆਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ।
ਪਠਾਨਕੋਟ-ਹੁਸ਼ਿਆਰਪੁਰ ਜ਼ਿਲੇ ਦੀ ਸਰਹੱਦ ਤਹਿਸੀਲ ਮੁਕੇਰੀਆਂ ਦੇ ਰਾਸ਼ਟਰੀ ਰਾਜ ਮਾਰਗ ਮਾਨਸਰ-ਭੰਗਾਲਾ ਮੁੱਖ ਮਾਰਗ 'ਤੇ ਨਗਰ ਕੀਰਤਨ ਦੇ ਸਵਾਗਤ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਰਵਿੰਦਰ ਸਿੰਘ ਚੱਕ, ਸਰਬਜੋਤ ਸਿੰਘ ਸਾਬੀ, ਮੈਂਬਰ ਰਜਿੰਦਰ ਸਿੰਘ ਧਾਮੀ, ਸੁਰਜੀਤ ਸਿੰਘ ਕੈਰੇ, ਮੈਨੇਜਰ ਭਾਈ ਰਤਨ ਸਿੰਘ ਜ਼ਹੂਰਾ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦਸੂਹਾ, ਮੈਨੇਜਰ ਸੁਰਿੰਦਰ ਸਿੰਘ ਧੀਰੋਵਾਲ ਟੱਕਰ ਸਾਹਿਬ, ਦੇਸਰਾਜ ਸਿੰਘ ਧੁੱਗਾ, ਹਰਬੰਸ ਸਿੰਘ ਮੰਝਪੁਰ, ਮਨਜੀਤ ਸਿੰਘ, ਜਸਕਰਨ ਸਿੰਘ, ਬਾਬਾ ਜਸਪਾਲ ਸਿੰਘ ਉਡਰਾਂ, ਭਾਈ ਕਲਿਆਣ ਸਿੰਘ ਪ੍ਰਚਾਰਕ, ਜਗਮੋਹਣ ਸਿੰਘ, ਭਾਈ ਗੁਰਪ੍ਰੀਤ ਸਿੰਘ ਉਡਰਾਂ, ਮਾ. ਨਰਿੰਦਰਜੀਤ ਸਿੰਘ ਕੈਂਥਾ, ਹੋਰ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।