''ਬਾਬੇ ਨਾਨਕ'' ਦੇ ਜੀਵਨ ਕਾਲ ਨੂੰ ਦਰਸਾਉਂਦੇ ਨੇ ਸੁਲਤਾਨਪੁਰ ਲੋਧੀ ਦੇ ਇਹ ਪਵਿੱਤਰ ਗੁਰਦੁਆਰੇ (ਤਸਵੀਰਾਂ)

11/06/2019 7:15:07 PM

ਸੁਲਤਾਨਪੁਰ ਲੋਧੀ (ਧੀਰ)— ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਵਿਖੇ ਬਾਬੇ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸੰਗਤਾਂ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਆ ਰਹੀਆਂ ਹਨ। ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ਨਗਰ ਦਿੱਲੀ ਤੋਂ ਲਾਹੌਰ ਜਾਣ ਵਾਲੇ ਪ੍ਰਾਚੀਨ ਵਪਾਰ ਮਾਰਗ ਦਾ ਕੇਂਦਰ ਬਿੰਦੂ ਵੀ ਰਿਹਾ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਸਥਿਤ ਵੱਖ-ਵੱਖ ਗੁਰਦੁਆਰੇ ਬਾਬੇ ਨਾਨਕ ਜੀ ਦੀ ਜ਼ਿੰਦਗੀ ਨਾਲ ਵਿਸ਼ੇਸ਼ ਮਹੱਤਵ ਰੱਖਦੇ ਹਨ। ਆਓ ਜਾਣਦੇ ਹਾਂ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਵੱਖ-ਵੱਖ ਗੁਰਦੁਆਰਾ ਸਾਹਿਬ ਦਾ ਵੇਰਵਾ ਅਤੇ ਮਹਤੱਤਾ :-

PunjabKesari
ਗੁਰਦੁਆਰਾ ਸ੍ਰੀ ਬੇਰ ਸਾਹਿਬ
ਇਸ ਪਾਵਨ ਅਸਥਾਨ ਨੇੜੇ ਵਗਦੀ ਵੇਈਂ ਨਦੀ ਕਿਨਾਰੇ ਸਤਿਗੁਰੂ ਜੀ ਹਰ ਰੋਜ਼ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਕ ਦਿਨ ਉਨ੍ਹਾਂ ਨੇ ਬੇਰੀ ਦੀ ਦਾਤਣ ਕਰਕੇ ਨਦੀ ਕਿਨਾਰੇ ਗੱਡ ਦਿੱਤੀ ਜੋ ਬਾਅਦ 'ਚ ਬੇਰੀ ਦੇ ਨਾਂ ਤੋਂ ਮਸ਼ਹੂਰ ਹੋ ਗਈ। ਇਹ ਬੇਰੀ ਦਾ ਦਰੱਖਤ ਅੱਜ ਵੀ ਇਥੇ ਮੌਜੂਦ ਹੈ। ਇਸ ਬੇਰੀ ਦੇ ਨਾਂ ਤੋਂ ਹੀ ਗੁ. ਸ੍ਰੀ ਬੇਰ ਸਾਹਿਬ ਮੌਜੂਦ ਹੈ। ਮੌਜੂਦਾ ਸਮੇਂ 'ਚ ਇਸ ਇਤਿਹਾਸਕ ਅਸਥਾਨ 'ਤੇ ਇਕ ਆਲੀਸ਼ਾਨ ਗੁਰਦੁਆਰਾ ਸੁਭਾਇਮਾਨ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਇਕ ਭੋਰਾ ਸਾਹਿਬ ਦਾ ਵੀ ਅਸਥਾਨ ਹੈ, ਜਿੱਥੇ ਗੁਰੂ ਜੀ ਰੋਜ਼ਾਨਾ ਭਗਤੀ ਲਈ ਬੈਠਦੇ ਸਨ। ਇਸ ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇਥੇ ਇਕ ਥੜ੍ਹਾ (ਦਮਦਮਾ) ਵੀ ਹੈ, ਜਿੱਥੇ ਗੁਰੂ ਸਾਹਿਬ ਬਿਰਾਜਦੇ ਸਨ। ਇਸ ਗੁਰਦੁਆਰਾ ਸਾਹਿਬ 'ਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮਹਾਨ ਸਮਾਗਮ ਹੋ ਰਹੇ ਹਨ।

PunjabKesari
ਗੁਰਦੁਆਰਾ ਸੰਤ ਘਾਟ ਸਾਹਿਬ
ਗੁਰੂ ਸਾਹਿਬ ਵੇਈਂ ਨਦੀ 'ਚ ਅਲੋਪ ਹੋਣ ਤੋਂ ਬਾਅਦ 72 ਘੰਟੇ ਬਾਅਦ ਗੁ. ਸ੍ਰੀ ਬੇਰ ਸਾਹਿਬ ਤੋਂ ਤਿੰਨ ਮੀਲ ਦੂਰ ਆ ਬਿਰਾਜੇ। ਇਸ ਜਗ੍ਹਾ 'ਤੇ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਣ ਕੀਤਾ। ਇਸ ਜਗ੍ਹਾ 'ਤੇ ਗੁਰਦੁਆਰਾ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਉਦਾਸੀ ਮਹੰਤਾਂ ਦੇ ਹੱਥਾਂ 'ਚ ਚਲਾ ਗਿਆ। ਹੜ੍ਹ ਆਉਣ ਕਾਰਣ ਗੁਰਦੁਆਰਾ ਸਾਹਿਬ ਬੁਰੀ ਤਰ੍ਹਾਂ ਢਹਿ ਗਿਆ। ਸੰਤ ਸਾਧੂ ਸਿੰਘ ਨਿਰਮਲਾ, ਜਥੇ. ਸੰਤਾ ਸਿੰਘ ਲਸੂੜੀ ਅਤੇ ਸੰਤ ਊਧਮ ਸਿੰਘ ਜੀ ਦੇ ਯਤਨਾਂ ਸਦਕਾ ਗੁਰਦੁਆਰਾ ਸਾਹਿਬ ਦਾ ਮੁੜ ਨਿਰਮਾਣ ਕੀਤਾ ਗਿਆ।

PunjabKesari

ਗੁਰਦੁਆਰਾ ਸ੍ਰੀ ਹੱਟ ਸਾਹਿਬ
ਗੁਰਦੁਆਰਾ ਸ੍ਰੀ ਹੱਟ ਸਾਹਿਬ ਉਸ ਜਗ੍ਹਾ ਸੁਸ਼ੋਭਿਤ ਹੈ, ਜਿੱਥੇ ਗੁਰੂ ਨਾਨਕ ਸਾਹਿਬ ਬਤੌਰ ਮੋਦੀ ਦਾ ਕੰਮ ਕਰਦੇ ਰਹੇ। ਇਹ ਗੁਰਦੁਆਰਾ ਕਿਲੇ ਦੇ ਦੱਖਣ ਵੱਲ ਸਰਕਾਰੀ ਸਰਾਂ ਦੇ ਪਿਛਲੇ ਪਾਸੇ ਸਥਿਤ ਹੈ। ਕਿਹਾ ਜਾਂਦਾ ਹੈ ਇਹ ਉਹ ਜਗ੍ਹਾ ਹੈ, ਜਿੱਥੇ ਗੁਰੂ ਸਾਹਿਬ ਦਰਵੇਸ਼, ਕਲੰਦਰ, ਸਾਧ, ਫਕੀਰਾਂ ਅਤੇ ਹੋਰ ਲੋੜਵੰਦਾਂ ਨੂੰ ਅਨਾਜ ਵੰਡਦੇ ਅਤੇ ਤੇਰਾ-ਤੇਰਾ ਉਚਾਰਦੇ ਜਦੋਂ ਗੁਰੂ ਨਾਨਕ ਸਾਹਿਬ ਦੀ ਪ੍ਰਭੂਤਾ ਦਿਨੋਂ-ਦਿਨ ਵੱਧਦੀ ਗਈ ਤਾਂ ਕਿਸੇ ਈਰਖਾਲੂ ਨੇ ਦੌਲਤ ਖਾਂ ਲੋਧੀ ਪਾਸ ਸ਼ਿਕਾਇਤ ਕੀਤੀ ਕਿ ਨਾਨਕ ਮੋਦੀਖਾਨਾ ਲੋਕਾਂ ਨੂੰ ਲੁਟਾ ਰਿਹਾ ਹੈ ਪਰ ਜਦੋਂ ਮੋਦੀਖਾਨੇ ਦੇ ਹਿਸਾਬ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਕਿਸੇ ਵੀ ਕਿਸਮ ਦਾ ਘਾਟਾ ਨਾ ਨਿਕਲਿਆ, ਬਲਕਿ ਗੁਰੂ ਨਾਨਕ ਸਾਹਿਬ ਦਾ ਬਕਾਇਆ ਵੱਧ ਨਿਕਲਿਆ। ਇਸ ਪਾਵਨ ਅਸਥਾਨ 'ਤੇ ਅੱਜ ਵੀ ਉਹ ਵੱਟੇ ਮੌਜੂਦ ਹਨ। ਜਿਸ ਨਾਲ ਗੁਰੂ ਜੀ ਨਾਪ-ਤੋਲ ਦਾ ਕੰਮ ਕਰਦੇ ਸਨ।

PunjabKesari
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ
ਮੋਦੀਖਾਨਾ ਲੁਟਾਏ ਜਾਣ ਦੀ ਸ਼ਿਕਾਇਤ ਤੋਂ ਬਾਅਦ ਗੁਰੂ ਸਾਹਿਬ ਨੂੰ ਰਾਇ ਮਸੂਦੀ (ਅਕਾਊਂਟੈਂਟ ਜਨਰਲ) ਦੇ ਘਰ ਹਿਸਾਬ ਦੀ ਪੜਤਾਲ ਕਰਨ ਲਈ ਸੱਦਿਆ। ਜਾਂਚ ਤੋਂ ਬਾਅਦ ਗੁਰੂ ਜੀ ਦਾ ਸਰਕਾਰ ਵੱਲ ਕੁਝ ਰੁਪਇਆਂ ਦਾ ਵਾਧਾ ਨਿਕਲਿਆ। ਗੁਰੂ ਜੀ ਨੇ ਇਹ ਧਨ ਲੈਣ ਤੋਂ ਮਨਾਹੀ ਕਰ ਦਿੱਤੀ ਅਤੇ ਨਵਾਬ ਦੇ ਲੇਖਾਕਾਰ ਨੂੰ ਜ਼ਰੂਰਤਮੰਦਾਂ 'ਚ ਇਹ ਧਨ ਵੰਡਣ ਦਾ ਹੁਕਮ ਦਿੱਤਾ ਅਤੇ ਖੁਦ ਆਪਣੇ ਅਹੁਦੇ ਨੂੰ ਛੱਡ ਗਏ। ਉਹ ਅਸਥਾਨ ਜਿੱਥੇ ਹਿਸਾਬ ਦੀ ਜਾਂਚ-ਪੜਤਾਲ ਕੀਤੀ ਗਈ ਸੀ, ਉਖੇ ਗੁਰਦੁਆਰਾ ਕੋਠੜੀ ਸਾਹਿਬ ਸਥਿਤ ਹੈ।

PunjabKesari
ਗੁਰਦੁਆਰਾ ਸ੍ਰੀ ਗੁਰੂ ਕਾ ਬਾਗ
ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਨਾਲ ਇਥੇ ਰਹਿੰਦੇ ਸਨ। ਇਸ ਅਸਥਾਨ 'ਤੇ ਹੀ ਗੁਰੂ ਸਾਹਿਬ ਦੇ ਸਪੁੱਤਰ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਇਸ ਕਰਕੇ ਇਸ ਨੂੰ ਗੁਰੂ ਕਾ ਬਾਗ ਕਹਿੰਦੇ ਹਨ। ਪਹਿਲਾਂ ਇਸ ਅਸਥਾਨ ਦੀ ਛੋਟੀ ਇਮਾਰਤ ਸੀ ਪਰ ਹੁਣ ਇਥੇ ਗੁਰਦੁਆਰਾ ਸਾਹਿਬ ਦੀ ਅਤਿ ਸੁੰਦਰ ਇਮਾਰਤ ਸੁਸ਼ੋਭਿਤ ਹੈ।

PunjabKesari
ਗੁਰਦੁਆਰਾ ਸ੍ਰੀ ਸਿਹਰਾ ਸਾਹਿਬ
ਇਹ ਉਹ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਆਹੁਣ ਜਾਂਦੇ ਹੋਏ ਰਾਤ ਨੂੰ ਇਸ ਜਗ੍ਹਾ 'ਤੇ ਬਿਰਾਜੇ ਸਨ ਅਤੇ ਸਵੇਰੇ ਇਥੋਂ ਹੀ ਸਿਹਰਾਬੰਦੀ ਕਰਕੇ ਡੱਲੇ ਪਧਾਰੇ ਸਨ। ਇਸੇ ਕਾਰਣ ਇਸ ਅਸਥਾਨ ਦਾ ਨਾਂ ਸਿਹਰਾ ਸਾਹਿਬ ਹੈ।

PunjabKesari
ਗੁਰਦੁਆਰਾ ਸ੍ਰੀ ਅੰਤਰਯਾਮਤਾ
ਇਹ ਉਹ ਅਸਥਾਨ ਹੈ, ਜਿੱਥੇ ਈਦਗਾਹ 'ਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਵਾਬ ਦੌਲਤ ਖਾਂ ਅਤੇ ਉਸ ਦੇ ਮੌਲਵੀ ਨੂੰ ਨਮਾਜ਼ ਦੀ ਅਸਲੀਅਤ ਦੱਸੀ ਅਤੇ ਸਿੱਧੇ ਰਾਹ ਪਾਇਆ ਸੀ। ਇਸ ਗੁਰਦੁਆਰਾ ਸਾਹਿਬ ਦੀ ਨਵੀਂ ਸੁੰਦਰ ਇਮਾਰਤ ਕਾਇਮ ਹੋ ਚੁੱਕੀ ਹੈ।


shivani attri

Content Editor

Related News