'ਜਲੰਧਰੀਏ' ਅੱਜ ਕਰਨਗੇ ਕੌਮਾਂਤਰੀ ਨਗਰ ਕੀਰਤਨ ਦਾ ਸੁਆਗਤ, ਰੀਝਾਂ ਨਾਲ ਸ਼ਿੰਗਾਰਿਆ ਰੂਟ

Monday, Nov 04, 2019 - 10:33 AM (IST)

'ਜਲੰਧਰੀਏ' ਅੱਜ ਕਰਨਗੇ ਕੌਮਾਂਤਰੀ ਨਗਰ ਕੀਰਤਨ ਦਾ ਸੁਆਗਤ, ਰੀਝਾਂ ਨਾਲ ਸ਼ਿੰਗਾਰਿਆ ਰੂਟ

ਜਲੰਧਰ (ਚਾਵਲਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵੱਖ-ਵੱਖ ਸਟੇਟਾਂ ਤੋਂ ਹੁੰਦੇ ਹੋਏ ਦੇਰ ਰਾਤ ਜਲੰਧਰ ਪਹੁੰਚਿਆ। ਇਥੇ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ 'ਚ ਨਗਰ ਕੀਰਤਨ ਨੂੰ ਜੀ ਆਇਆਂ ਆਖਿਆ ਗਿਆ। ਇਸ ਦੌਰਾਨ ਦੇਰ ਰਾਤ ਤੱਕ ਸੰਗਤਾਂ ਬੇਸਬਰੀ ਨਾਲ ਨਗਰ ਕੀਰਤਨ ਦੇ ਦਰਸ਼ਨਾਂ ਲਈ ਭਾਰੀ ਗਿਣਤੀ 'ਚ ਪੁੱਜੀਆਂ ਹੋਈਆਂ ਸਨ। ਇਸ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਵਿਖੇ ਠਹਿਰਾਅ ਕੀਤਾ ਗਿਆ।

PunjabKesari

ਜਾਣਕਾਰੀ ਦਿੰਦੇ ਚੇਅਰਮੈਨ ਪਰਮਜੀਤ ਸਿੰਘ ਭਾਟੀਆ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸੰਗਤਾਂ ਨੂੰ ਦਰਸ਼ਨ ਕਰਨ ਲੱਗਿਆਂ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਸਭਾ ਸੋਸਾਇਟੀਆਂ ਵਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਉਥੇ ਨਗਰ ਕੀਰਤਨ ਦੇ ਰੂਟ ਨੂੰ ਸੁੰਦਰ ਜਾਲ, ਸਵਾਗਤੀ ਗੇਟਾਂ, ਕੇਸਰੀ ਝੰਡਿਆਂ ਨਾਲ ਸ਼ਿੰਗਾਰਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ 1928 ਤੋਂ ਜਲੰਧਰ 'ਚ ਸਜਾਏ ਜਾਂਦੇ ਨਗਰ ਕੀਰਤਨਾਂ 'ਚ ਜੌਹਲਾਂ ਵਾਲੇ ਮਹਾਪੁਰਖ ਚੌਰ ਸਾਹਿਬ ਦੀ ਸੇਵਾ ਕਰਦੇ ਆ ਰਹੇ ਹਨ। ਇਸ ਵਾਰ ਵੀ ਕੌਮਾਂਤਰੀ ਨਗਰ ਕੀਰਤਨ ਮੌਕੇ ਗੁਰਦੁਆਰਾ ਦੋਆਬਾ ਸ੍ਰੀ ਗੁਰੂ ਸਿੰਘ ਸਭਾ ਅੱਡਾ ਹੁਸ਼ਿਆਰਪੁਰ ਤੋਂ ਸੰਤ ਬਾਬਾ ਜੀਤ ਸਿੰਘ ਜੌਹਲਾਂ ਵਾਲੇ ਚੌਰ ਸਾਹਿਬ ਕਰਨ ਦੀ ਸੇਵਾ ਨਿਭਾਉਣਗੇ ਅਤੇ ਇਸ ਮੌਕੇ ਗੁਰਦੁਆਰਾ ਅੱਡਾ ਹੁਸ਼ਿਆਰਪੁਰ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਸਟੇਜ ਲਾਈ ਜਾਵੇਗੀ ਅਤੇ ਸੰਗਤਾਂ ਦੀ ਸੇਵਾ ਲੰਗਰਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਡਸਟਰੀਅਲ ਏਰੀਆ ਤੋਂ 4 ਨਵੰਬਰ ਨੂੰ ਕੌਮਾਂਤਰੀ ਨਗਰ ਕੀਰਤਨ ਸਵੇਰੇ ਆਰੰਭ ਹੋਵੇਗਾ। ਇਸ ਮੌਕੇ ਆਰੰਭਤਾ ਦੀ ਅਰਦਾਸ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਕਰਨਗੇ।

PunjabKesari

ਇਹ ਨਗਰ ਕੀਰਤਨ ਇੰਡਸਟਰੀਅਲ ਏਰੀਏ ਤੋਂ ਸ਼ੁਰੂ ਹੋ ਕੇ ਸੋਢਲ ਚੌਕ ਤੋਂ ਗੁ. ਪ੍ਰੀਤ ਨਗਰ, ਕਿਸ਼ਨਪੁਰਾ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਪਟੇਲ ਚੌਕ, ਜੋਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਰਵਿਦਾਸ ਚੌਕ, ਮਾਡਲ ਹਾਊਸ, ਬਸਤੀ ਸ਼ੇਖ ਅੱਡਾ, ਬਬਰੀਕ ਚੌਕ ਤੋਂ ਗੁਰਦੁਆਰਾ ਆਦਰਸ਼ ਨਗਰ, ਬਸਤੀ ਮਿੱਠੂ ਰੋਡ, ਬਸਤੀ ਬਾਵਾ ਖੇਲ ਤੋਂ ਹੁੰਦਾ ਹੋਇਆ ਕਪੂਰਥਲਾ ਲਈ ਰਵਾਨਾ ਹੋਵੇਗਾ, ਜਿਥੇ ਰਾਤ ਨੂੰ ਵਿਸ਼ਰਾਮ ਕਰਨ ਉਪਰੰਤ 5 ਨਵੰਬਰ ਨੂੰ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਅੱਜ ਗੁਰਦੁਆਰਾ ਇੰਡਸਟਰੀਅਲ ਏਰੀਆ ਵਿਖੇ ਨਗਰ ਕੀਰਤਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਨਗਰ ਕੀਰਤਨ ਦੇ ਸਵਾਗਤ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਇਸ ਮੌਕੇ ਪ੍ਰਧਾਨ ਹਰਭਜਨ ਸਿੰਘ ਸੈਣੀ, ਦਲਜੀਤ ਸਿੰਘ ਬੇਦੀ, ਕੁਲਦੀਪ ਸਿੰਘ ਪਾਇਲਟ, ਸਰਬਜੀਤ ਸਿੰਘ ਵਿਰਦੀ, ਪ੍ਰਿਤਪਾਲ ਸਿੰਘ ਚਾਵਲਾ, ਮਨਿੰਦਰਪਾਲ ਸਿੰਘ ਗੁੰਬਰ, ਜਤਿੰਦਰ ਸਿੰਘ ਰਾਜਪਾਲ, ਪਰਮਿੰਦਰ ਸਿੰਘ ਭਾਟੀਆ, ਪ੍ਰੀਤਮ ਸਿੰਘ ਰਾਜਪਾਲ, ਕਮਲਜੀਤ ਸਿੰਘ ਬੇਦੀ, ਨਰਿੰਦਰ ਸਿੰਘ ਸੈਣੀ, ਗੁਰਮੇਲ ਸਿੰਘ ਸੈਣੀ, ਸੋਹਣ ਸਿੰਘ ਝੀਤਾ, ਭੁਪਿੰਦਰ ਸਿੰਘ ਬੇਦੀ, ਸੋਹਣ ਸਿੰਘ ਮਠਾਰੂ, ਗੁਰਦੇਵ ਸਿੰਘ ਕਲਸੀ, ਬਲਬੀਰ ਸਿੰਘ ਮਠਾਰੂ, ਅੰਮ੍ਰਿਤਪਾਲ ਸਿੰਘ ਭਾਟੀਆ, ਮੱਖਣ ਸਿੰਘ, ਮਨਮਹਿੰਦਰ ਸਿੰਘ ਸੰਦਲ, ਦੀਦਾਰ ਸਿੰਘ, ਮਨਮੋਹਨ ਸਿੰਘ ਭਾਟੀਆ, ਰਘੁਬੀਰ ਸਿੰਘ ਬੀਰਾ, ਪਰਮਜੀਤ ਸਿੰਘ ਬਖਸ਼ੀ, ਜਥੇ. ਅਜੀਤ ਸਿੰਘ ਕਰਾਰ ਖਾਂ, ਰਜਿੰਦਰ ਸਿੰਘ ਭਾਟੀਆ, ਤੇਗਾ ਸਿੰਘ ਬੱਲ ਆਦਿ ਹਾਜ਼ਰ ਸਨ।


author

shivani attri

Content Editor

Related News