550 ਸਾਲਾ 'ਤੇ ਸੁਲਤਾਨਪੁਰ ਲੋਧੀ ਆ ਰਹੇ ਹੋ ਤਾਂ ਡਾਊਨਲੋਡ ਕਰੋ ਇਹ 'ਮੋਬਾਇਲ ਐਪ'

10/15/2019 7:13:26 PM

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਅੱਜ ਵਿਸ਼ੇਸ਼ਤਾਵਾਂ ਭਰਪੂਰ ''ਪ੍ਰਕਾਸ਼ ਉਤਸਵ 550'' ਮੋਬਾਇਲ ਐਪ ਜਾਰੀ ਕੀਤੀ ਗਈ ਹੈ। ਇਹ ਐਪ ਇਕ ਵਾਰ ਡਾਊਨਲੋਡ ਕਰਨ ਤੋਂ ਬਾਅਦ ਮੋਬਾਇਲ ਡਾਟਾ ਆਫ ਲਾਈਨ ਹੋਣ 'ਤੇ ਵੀ ਕੰਮ ਕਰੇਗੀ ਅਤੇ ਇਸ ਲਈ ਇੰਟਰਨੈੱਟ ਕੁਨੈਕਟੀਵਿਟੀ ਦੀ ਵੀ ਜ਼ਰੂਰਤ ਨਹੀਂ ਪਵੇਗੀ। ਮੋਬਾਇਲ ਐਪ ਨੂੰ ਜਾਰੀ ਕਰਨ ਉਪਰੰਤ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਅਤੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਇਹ ਮੋਬਾਇਲ ਐਪ ਵਿਸਵ ਭਰ ਤੋਂ ਆਉਣ ਵਾਲੇ ਸਰਧਾਲੂਆਂ ਦੀ ਸਹੂਲਤ ਲਈ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਅਵਾਜਾਈ ਰੂਟ, ਰੇਲਵੇ, ਰਿਹਾਇਸ਼, ਸੁਰੱਖਿਆ, ਇਤਿਹਾਸਿਕ ਗੁਰਦੁਆਰਾਂ, ਡਾਕਟਰੀ ਸਹੂਲਤ ਅਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਏਗੀ।
ਉਨ੍ਹਾਂ ਕਿਹਾ ਕਿ ਐਨਰਾਇਡ ਫੋਨ ਦੀ ਵਰਤੋਂ ਕਰਨ ਵਾਲੇ ਗੂਗਲ ਪਲੇਅ ਸਟੋਰ 'ਚ ਜਾ ਕੇ ਇਹ ਮੋਬਾਇਲ ਐਪ ਡਾਉੂਨ ਲੋਡ ਕਰ ਸਕਦੇ ਹਨ ਜਦਕਿ ਆਈ ਫੋਨ ਵਰਤਣ ਵਾਲੇ ਅਗਲੇ ਤਿੰਨ ਦਿਨਾਂ ਤੋਂ ਐਪਲ ਸਟੋਰ 'ਚ ਜਾ ਕੇ ਐਪ ਡਾਊਨਲੋਡ ਕਰ ਸਕਦੇ ਹਨ।

ਐਪ ਦੀਆਂ ਵਿਸ਼ੇਸਤਾਵਾਂ ਦੱਸਦੇ ਉਨ੍ਹਾਂ ਕਿਹਾ ਕਿ ਇਸ ਮੋਬਾਇਲ ਐਪ 'ਤੇ ਸਿੰਗਲ ਕਲਿੱਕ ਨਾਲ ਇਤਿਹਾਸਿਕ ਗੁਰਦੁਆਰਿਆਂ, ਟਰਾਂਸਪੋਰਟ, ਸਿਹਤ ਸੇਵਾਵਾਂ, ਪ੍ਰਬੰਧਨ, ਭੋਜਨ ਅਤੇ ਪਾਣੀ ਪ੍ਰਬੰਧਨ, ਪਖਾਨੇ ਅਤੇ ਕੂੜੇ ਦੀ ਸੰਭਾਲ, ਪੁਲਸ ਚੈੱਕ ਪੋਸਟ ਮੇਨੈਜਮੈਂਟ, ਆਈ. ਟੀ. ਸੂਚਨਾ ਕੇਂਦਰ, ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਡੈਸਕ, ਪਾਰਕਿੰਗ, ਗੁਆਚਿਆਂ ਦੀ ਭਾਲ ਪ੍ਰਬੰਧਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ 37 ਵੱਖ-ਵੱਖ ਲੰਗਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੇ ਸਮਰੱਥ ਹੋਣਗੇ।
ਉਨ੍ਹਾਂ ਕਿਹਾ ਕਿ ਜੀ. ਪੀ. ਐੱਸ. ਲੁਕੇਸ਼ਨ ਰਾਹੀਂ ਤਿੰਨ ਟੈਂਟ ਸਿਟੀ ਅਤੇ 9 ਪਾਰਕਿੰਗ ਸਥਾਨਾਂ ਦੀ ਵੀ ਜਾਣਕਾਰੀ ਐਪ 'ਤੇ ਉਪਲੱਬਧ ਕਰਵਾਈ ਗਈ ਹੈ ਤਾਂ ਜੋ ਸੜਕੀ ਰਸਤੇ ਤੋਂ ਆਉਣ ਵਾਲੇ ਸ਼ਰਧਾਲੂ ਉਨ੍ਹਾਂ ਨੂੰ ਅਲਾਟ ਹੋਏ ਟੈਂਟ ਸਿਟੀ ਅਤੇ ਪਾਰਕਿੰਗ ਸਥਾਨਾਂ ਦੀ ਚੋਣ ਕਰ ਸਕਣ।

ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਹੰਗਾਮੀ ਸਥਿਤੀ ਦੇ ਪੈਦਾ ਹੋਣ 'ਤੇ ਹਰ ਤਰ੍ਹਾਂ ਦੀਆਂ ਹੈਲਪਲਾਈਨਾਂ, ਏ. ਟੀ. ਐੱਮ ਪੁਆਇੰਟਾਂ ਬਾਰੇ ਇਸ ਐਪ 'ਤੇ ਜ਼ਿਕਰ ਕੀਤਾ ਗਿਆ ਹੈ। 
ਉਨ੍ਹਾਂ ਇਹ ਵੀ ਕਿਹਾ ਕਿ ਸੁਲਤਾਨਪੁਰ ਲੋਧੀ, ਲੋਹੀਆਂ, ਕਪੂਰਥਲਾ ਅਤੇ ਜਲੰਧਰ ਦੇ 44 ਹਸਪਤਾਲਾਂ ਦੀਆਂ ਥਾਵਾਂ ਬਾਰੇ ਵੀ ਐਪ 'ਤੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਧਾਲੂਆਂ ਦੀ ਸਹੂਲਤ ਤੋਂ ਇਲਾਵਾ ਮਨੁੱਖੀ ਸਰੋਤਾਂ ਦੇ ਪ੍ਰਬੰਧਨ ਅਤੇ ਸਾਰੇ ਸੈਕਟਰਾਂ 'ਚ ਤਾਇਨਾਤ ਕੀਤੇ ਗਏ ਅਧਿਕਾਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ 'ਚ ਬਹੁਤ ਲਾਹੇਵੰਦ ਸਾਬਤ ਹੋਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਲਈ ਪਛਾਣ ਪੱਤਰ ਵੀ ਕਿਆਊ ਆਰ ਕੋਡ, ਫੋਟੋ ਅਤੇ ਰਜਿਸਟਰਡ ਮੋਬਾਇਲ ਨੰਬਰ ਹੋਣ 'ਤੇ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਹਾਨ ਕਾਰਜ ਨੂੰ ਸਫਲ ਬਣਾਉਣ ਲਈ ਪਹਿਲੀ ਨਵੰਬਰ ਤੋਂ 12 ਨਵੰਬਰ ਤੱਕ 9000 ਤੋਂ ਵੱਧ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਡ ਜਾਰੀ ਕਰਨ 'ਚ ਪੈਸੇ ਅਤੇ ਊਰਜਾ ਦੀ ਵੀ ਬਚਤ ਹੋਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਐਪ ਦੀ ਮਦਦ ਨਾਲ ਡਿਊਟੀ 'ਤੇ ਤਾਇਨਾਤ ਕਰਮਚਾਰੀ ਆਪਣੀ ਡਿਊਟੀ ਸਥਾਨ, ਸਮਾਂ ਅਤੇ ਕੀਤੀ ਜਾਣ ਵਾਲੀ ਡਿਊਟੀ ਬਾਰੇ ਵੀ ਜਾਣਨ ਦੇ ਸਮਰੱਥ ਹੋ ਸਕਣਗੇ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਕਮਿਊਨੀਕੇਸ਼ਨ ਕੰਪਨੀਆਂ ਵੱਲੋਂ 20 ਹਾਈ ਫ੍ਰਿਕਿਊਐਂਸੀ ਵਾਲੇ ਮੋਬਾਇਲ ਸਿਗਨਲ ਟਾਵਰ ਲਗਾਏ ਜਾਣਗੇ ਜੋ ਕਿ ਲੱਖਾਂ ਸਰਧਾਲਆਂ ਨੂੰ ਇੰਟਰਨੈਟ ਡਾਟਾ ਦੀ ਸਹੂਲਤ ਮੁਹੱਈਆ ਕਰਵਾਉਣਗੇ ਜਦਕਿ ਇਸ ਤੋਂ ਪਹਿਲਾਂ 16000 ਸ਼ਹਿਰ ਵਾਸੀਆਂ ਨੂੰ ਡਾਟਾ ਮੁਹੱਈਆ ਕਰਵਾਇਆ ਜਾ ਰਿਹਾ ਸੀ। ਇਸ ਮੌਕੇ ਐੱਸ. ਡੀ. ਐੱਮ. ਚਾਰੂਮਿਤਾ, ਓ. ਐੱਸ. ਡੀ. 550 ਸਾਲਾ ਉਤਸਵ ਨਵਨੀਤ ਕੌਰ ਬੱਲ ਅਤੇ ਐੱਸ. ਪੀ. ਤੇਜਬੀਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।


shivani attri

Content Editor

Related News