ਫੁੱਲਾਂ ਨਾਲ ਮਹਿਕ ਉੱਠੇਗੀ ਬਾਬੇ ਦੀ ਨਗਰੀ ''ਸੁਲਤਾਨਪੁਰ ਲੋਧੀ''
Sunday, Aug 18, 2019 - 07:03 PM (IST)

ਸੁਲਤਾਨਪੁਰ ਲੋਧੀ (ਹਰਪ੍ਰੀਤ ਸਿੰਘ ਕਾਹਲੋਂ)— 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਇਸ ਸਿਲਸਿਲੇ 'ਚ ਗੁਰਦੁਆਰਾ ਬੇਰ ਸਾਹਿਬ ਕਾਲੀ ਵੇਂਈ ਦੇ ਕੰਢੇ 4 ਲੱਖ ਫੁੱਲਾਂ ਦੀ ਪਨੀਰੀ ਤਿਆਰ ਕੀਤੀ ਗਈ ਹੈ। ਗੁਰਪੁਰਬ ਨੂੰ ਧਿਆਨ 'ਚ ਰੱਖਦਿਆਂ ਪੂਰੇ ਸ਼ਹਿਰ ਨੂੰ ਫੁੱਲਾਂ ਨਾਲ ਸਜਾਇਆ ਜਾਣਾ ਹੈ। ਇਸ ਲਈ ਸ਼ਹਿਰ ਦੀਆਂ ਸੜਕਾਂ 'ਤੇ ਬਕਾਇਦਾ ਰੁੱਖ ਲਗਾਉਣ ਦੇ ਨਾਲ ਫੁੱਲਾਂ ਨੂੰ ਲਗਾਉਣ ਲਈ ਬੈੱਡ ਤਿਆਰ ਕੀਤੇ ਗਏ ਹਨ। ਇਨ੍ਹਾਂ 'ਚ 8 ਕਿਸਮਾਂ ਦੇ ਫੁੱਲ ਲਗਾਏ ਜਾਣਗੇ, ਜੋ ਨਵੰਬਰ ਤੱਕ ਖਿੜਦੇ ਹੋਏ ਆਪਣੀਆਂ ਮਹਿਕਾਂ ਖਿੰਡਾਉਣਗੇ।
ਸਬੰਧਤ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਬੁਨਿਆਦੀ ਪੱਧਰ 'ਤੇ ਸਾਰੀ ਵਿਉਂਤਬੰਦੀ ਕਰ ਲਈ ਗਈ ਹੈ। ਸ਼ਹਿਰ 'ਚ ਗੁਰਦੁਆਰਾ ਬੇਰ ਸਾਹਿਬ ਵਿਖੇ ਫੁੱਲਾਂ ਅਤੇ ਬੂਟਿਆਂ ਨੂੰ ਲਗਾਉਣ ਤੋਂ ਇਲਾਵਾ ਪਿੰਡ ਮੂਸੇਵਾਲ ਤੋਂ ਸੁਲਤਾਨਪੁਰ ਲੋਧੀ ਤੱਕ 3 ਕਿਲੋਮੀਟਰ ਤੋਂ ਵੱਧ ਦਾ ਰਾਹ ਵੀ ਰੁੱਖਾਂ ਅਤੇ ਫੁੱਲਾਂ ਨਾਲ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਪਿੰਡ ਮੂਸੇਵਾਲ ਹੈਲੀਪੈਡ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਹੈਲੀਪੈਡ ਵਾਲਾ ਰਕਬਾ 4 ਏਕੜ ਫੁੱਲਾਂ ਨਾਲ ਮਹਿਕੇਗਾ।
ਇਸ ਸੇਵਾ 'ਚ ਸ਼ਾਮਲ ਹਰਪ੍ਰੀਤ ਸਿੰਘ ਸੰਧੂ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ 'ਚ ਰੱਖਦਿਆਂ ਅਸੀਂ ਜਨਵਰੀ ਦੇ ਪਹਿਲੇ ਹਫਤੇ ਤੋਂ ਸਿੱਖ ਰਵਾਇਤ ਦੇ ਪ੍ਰਤੀਕ ਵਜੋਂ ਕੈਲੰਡਰ ਜਾਰੀ ਕਰਕੇ ਇਸ ਦੀ ਸ਼ੁਰੂਆਤ ਕੀਤੀ ਸੀ। ਹਰਪ੍ਰੀਤ ਮੁਤਾਬਕ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੀ ਨਗਰੀ ਨੂੰ ਖੂਬਸੂਰਤ ਦਿੱਖ ਦੇਣ ਲਈ ਅਸੀਂ ਇਹ ਸੇਵਾ ਪੰਜਾਬ ਬਾਗਬਾਨੀ ਮਹਿਕਮੇ ਦੇ ਮੁਖੀ ਸ਼ੈਲਿੰਦਰ ਕੌਰ ਅਤੇ ਮਹਿਕਮੇ ਦੇ ਸਹਿਯੋਗ ਨਾਲ ਕਰ ਰਹੇ ਹਾਂ।
ਹਰਪ੍ਰੀਤ ਸਿੰਘ ਦੱਸਦੇ ਹਨ ਕਿ ਇਸ ਲਈ ਅਸੀਂ ਗੁਰਦੁਆਰਾ ਬੇਰ ਸਾਹਿਬ ਤੋਂ ਬੂਟੇ ਲਗਾਉਂਦੇ ਹੋਏ ਜਨਵਰੀ ਤੋਂ ਸ਼ੁਰੂਆਤ ਕਰ ਦਿੱਤੀ ਸੀ ਅਤੇ ਫੁੱਲਾਂ ਨੂੰ ਲਗਾਉਣ ਦਾ ਕਾਰਜ ਕੱਲ੍ਹ ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਮੁਤਾਬਕ ਇਹ ਕਾਰਜ 30 ਅਗਸਤ ਤੱਕ ਮੁਕੰਮਲ ਹੋਵੇਗਾ। ਹਰਪ੍ਰੀਤ ਮੁਤਾਬਕ ਇਸ ਕਾਰਜ 'ਚ ਫੁੱਲਾਂ ਦੇ ਬੀਜਾਂ ਲਈ, ਫੁੱਲਾਂ ਦੀਆਂ ਕਿਸਮਾਂ ਅਤੇ ਉਨ੍ਹਾਂ ਦੀ ਵਿਉਂਤਬੰਦੀ ਲਈ ਸਾਨੂੰ ਅਵਤਾਰ ਸਿੰਘ ਢੀਂਡਸਾ ਦਾ ਸਹਿਯੋਗ ਹੈ। ਹਰਪ੍ਰੀਤ ਸਿੰਘ ਦੱਸਦੇ ਹਨ ਕਿ ਫੁੱਲਾਂ ਦੀ ਖੇਤੀ 'ਚ ਅਵਤਾਰ ਸਿੰਘ ਢੀਂਡਸਾ ਦਾ ਖਾਸ ਨਾਂ ਹੈ ਅਤੇ ਉਨ੍ਹਾਂ ਨਾਲ ਮਿਲ ਕੇ ਹੀ ਅਸੀਂ ਇਸ ਪਵਿੱਤਰ ਨਗਰੀ 'ਚ ਇਹ ਕਾਰਜ ਕਰ ਰਹੇ ਹਾਂ।
ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੀ ਹਦੂਦ ਵਿਚ 550 ਅਮਲਤਾਸ ਅਤੇ ਗੁਲਮੋਹਰ ਦੇ ਦਰੱਖਤ ਵੀ ਲਾਏ ਜਾ ਰਹੇ ਹਨ। ਹਰਪ੍ਰੀਤ ਸਿੰਘ ਸੰਧੂ ਮੁਤਾਬਕ ਫੁੱਲਾਂ ਲਈ ਬੈੱਡ ਪੰਜਾਬ ਸਰਕਾਰ ਦੇ ਬਾਗਬਾਨੀ ਮਹਿਕਮੇ ਦੇ ਸਹਿਯੋਗ ਨਾਲ ਤਿਆਰ ਕਰ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ 'ਚ ਬਣਾਏ ਜਾ ਰਹੇ 'ਬਾਬੇ ਨਾਨਕ ਦੇ ਪਿੰਡ' 'ਚ ਵੀ ਫੁੱਲਾਂ ਅਤੇ ਦਰੱਖ਼ਤਾਂ ਦੀ ਸੇਵਾ ਕਾਰਜ ਅਧੀਨ ਹੈ। ਇਸ ਕਾਰਜ 'ਚ ਅਸੀਂ '550 ਸਾਲ' ਦਾ ਢਾਂਚਾ ਫੁੱਲਾਂ ਦਾ ਬਣਾਉਣ ਜਾ ਰਹੇ ਹਾਂ ਅਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅੱਖਰਕਾਰੀ ਵੀ ਸ਼ਹਿਰ 'ਚ ਅਕਤੂਬਰ ਮਹੀਨੇ 'ਚ ਪੇਸ਼ ਕੀਤੀ ਜਾਵੇਗੀ ਜੋ ਇਸ ਰੂਹਾਨੀ ਫ਼ਿਜ਼ਾ 'ਚ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗੀ।
ਫੁੱਲਾਂ ਦਾ ਵਣਜਾਰਾ 'ਅਵਤਾਰ ਸਿੰਘ ਢੀਂਡਸਾ'
ਸੁਲਤਾਨਪੁਰ ਲੋਧੀ 'ਚ ਫੁੱਲਾਂ ਨਾਲ ਸੁੰਦਰੀਕਰਨ ਦੀ ਸੇਵਾ 'ਚ ਸ਼ਾਮਲ ਅਵਤਾਰ ਸਿੰਘ ਢੀਂਡਸਾ ਦਾ ਪੰਜਾਬ ਦੀ ਖੇਤੀਬਾੜੀ 'ਚ ਖਾਸ ਨਾਂ ਹੈ। 1979 ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤਾਲੀਮਯਾਫਤਾ ਅਵਤਾਰ ਸਿੰਘ ਜ਼ਿਲਾ ਸੰਗਰੂਰ ਦੇ ਪਿੰਡ ਲਾਂਗੜੀਆ ਦੇ ਹਨ ਅਤੇ ਅੱਜਕਲ੍ਹ ਇਨ੍ਹਾਂ ਦਾ ਰੈਣ ਬਸੇਰਾ ਲੁਧਿਆਣਾ ਹੈ। 1986 ਦਾ ਸਾਲ ਸੀ ਜਦੋਂ ਅਵਤਾਰ ਸਿੰਘ ਨੇ ਸੋਚਿਆ ਕਿ ਮੈਨੂੰ ਆਪਣੀ ਪੜ੍ਹਾਈ ਮੁਤਾਬਕ ਹੀ ਫੁੱਲਾਂ ਦੀ ਖੇਤੀ 'ਚ ਆਉਣਾ ਚਾਹੀਦਾ ਹੈ। ਅਵਤਾਰ ਸਿੰਘ ਉਨ੍ਹਾਂ ਸਾਲਾਂ 'ਚ ਪੰਜਾਬ ਹੀ ਨਹੀਂ ਭਾਰਤ ਦੇ ਪਹਿਲੇ ਅਜਿਹੇ ਕਿਸਾਨ ਸਨ, ਜਿਨ੍ਹਾਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ। 3.5 ਏਕੜ ਤੋਂ ਸ਼ੁਰੂ ਕਰਦੇ ਅਵਤਾਰ ਸਿੰਘ ਹੁਣ 1500 ਏਕੜ 'ਚ ਫੁੱਲਾਂ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਮੁਤਾਬਕ ਅਸੀਂ 800 ਏਕੜ ਰਕਬਾ ਹੋਰ ਫਲੋਰੀ ਕਲਚਰ ਅਧੀਨ ਲਿਆ ਰਹੇ ਹਾਂ। ਅਵਤਾਰ ਸਿੰਘ ਫੁੱਲਾਂ ਦੇ ਬੀਜ ਦੇ ਕਾਰੋਬਾਰ ਦੇ ਵੱਡੇ ਨਿਰਮਾਤਾ ਹਨ ਅਤੇ ਭਾਰਤ ਤੋਂ ਬਾਹਰ ਅਮਰੀਕਾ, ਯੂਰਪ ਅਤੇ ਜਾਪਾਨ ਤੱਕ ਆਪਣੇ ਬੀਜਾਂ ਦੀ ਦਰਾਮਦ ਕਰ ਰਹੇ ਹਨ।
ਅਵਤਾਰ ਸਿੰਘ ਦੱਸਦੇ ਹਨ ਕਿ ਇਸ ਖੇਤੀ 'ਚ ਇਸ ਵੇਲੇ ਪੰਜਾਬ ਦੇ 300-400 ਦੇ ਲੱਗਭਗ ਕਿਸਾਨ ਕਾਰਜਸ਼ੀਲ ਹਨ ਅਤੇ ਇਸ ਖੇਤੀ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਹੈ। ਉਨ੍ਹਾਂ ਦੇ ਇਸ ਉੱਦਮ ਲਈ ਪੰਜਾਬ ਸਰਕਾਰ 1994 'ਚ ਉਨ੍ਹਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਤ ਕਰ ਚੁੱਕੀ ਹੈ। ਅਵਤਾਰ ਸਿੰਘ ਕਹਿੰਦੇ ਹਨ ਕਿ ਫੁੱਲਾਂ ਦੀ ਖੇਤੀ ਬਹਾਨੇ ਪੇਂਡੂ ਔਰਤਾਂ ਅਤੇ ਮਜ਼ਦੂਰਾਂ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਹੈ। ਇਸ ਤਹਿਤ ਫੁੱਲਾਂ ਦੇ ਖੇਤ 'ਚ 6-15 ਔਰਤਾਂ ਪ੍ਰਤੀ ਏਕੜ ਕੰਮ ਕਰਦੀਆਂ ਹਨ ਅਤੇ 800 ਏਕੜ 'ਚ 2500 ਤੋਂ ਵੱਧ ਮਜ਼ਦੂਰਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਬਣਿਆ ਹੈ। ਅਵਤਾਰ ਸਿੰਘ ਢੀਂਡਸਾ ਦਾ ਫਾਰਮ ਸਵਿਟਜ਼ਰਲੈਂਡ ਦਾ ਭੁਲੇਖਾ ਪਾ ਦਿੰਦਾ ਹੈ। ਇਹੋ ਕਾਰਨ ਹੈ ਕਿ ਫ਼ਿਲਮ ਸਨਅਤ ਲਈ ਵੀ ਉਨ੍ਹਾਂ ਦੇ ਖੇਤ ਸ਼ੂਟਿੰਗ ਲਈ ਖਾਸ ਲੋਕੇਸ਼ਨਾਂ ਬਣ ਜਾਂਦੇ ਹਨ। ਯਸ਼ ਚੋਪੜਾ ਦੀ ਫਿਲਮ ਵੀਰ-ਜ਼ਾਰਾ ਦੀ ਸ਼ੂਟਿੰਗ ਵੀ ਅਵਤਾਰ ਸਿੰਘ ਦੇ ਫੁੱਲਾਂ ਨਾਲ ਮਹਿਕਦੇ ਫਾਰਮ 'ਚ ਹੋਈ ਸੀ।