ਰੂਪਨਗਰ ਪੁੱਜਾ ਕੌਮਾਂਤਰੀ ਨਗਰ ਕੀਰਤਨ, ਜੈਕਾਰਿਆਂ ਤੇ ਆਤਿਸ਼ਬਾਜ਼ੀ ਨਾਲ ਗੂੰਜਿਆ ਪੂਰਾ ਆਲਮ (ਵੀਡੀਓ)
Saturday, Aug 10, 2019 - 05:09 PM (IST)
ਰੂਪਨਗਰ (ਸੱਜਣ ਸੈਣੀ)— 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਗਿਆ ਕੌਮਾਂਤਰੀ ਨਗਰ ਕੀਰਤਨ ਸ਼ੁੱਕਰਵਾਰ ਰਾਤ 11 ਵਜੇ ਦੇ ਕਰੀਬ ਰੂਪਨਗਰ ਪਹੁੰਚਿਆ। ਇਥੇ ਸੰਗਤਾਂ ਨੇ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਦਰਸ਼ਨ-ਦੀਦਾਰੇ ਕੀਤੇ। ਜਿਵੇਂ ਹੀ ਨਗਰ ਕੀਰਤਨ ਰੂਪਨਗਰ 'ਚ ਦਾਖਲ ਹੋਇਆ ਤਾਂ ਜੈਕਾਰਿਆਂ ਅਤੇ ਆਤਿਸ਼ਬਾਜ਼ੀ ਨਾਲ ਪੂਰਾ ਆਲਮ ਗੂੰਜ ਉਠਿਆ। ਸਤਿਨਾਮ-ਵਾਹਿਗੁਰੂ ਨਾਮ ਦਾ ਜਾਪ ਕਰਦੀਆਂ ਸੰਗਤਾਂ ਨੇ ਨਗਰ ਕੀਰਤਨ 'ਚ ਹਾਜ਼ਰੀ ਭਰੀ।
ਨਾਨਕ ਨਾਮਲੇਵਾ ਸੰਗਤਾਂ ਵੱਲੋਂ ਨਗਰ ਕੀਤਰਨ ਲਈ ਫਲਾਂ ਅਤੇ ਹੋਰ ਖਾਣ-ਪੀਣ ਦੇ ਸਾਮਾਨ ਦੇ ਲੰਗਰ ਲਗਾਏ ਗਏ। ਵੱਡੀ ਗਿਣਤੀ 'ਚ ਸੰਗਤਾਂ ਰਾਹਾਂ 'ਚ ਪਲਕਾਂ ਵਿਛਾ ਕੇ ਨਗਰ ਕੀਰਤਨ ਦੀ ਉਡੀਕ ਕਰ ਰਹੀਆਂ ਸਨ। ਦੱਸਣਯੋਗ ਹੈ ਕਿ ਨਿਰਧਾਰਿਤ ਸਮੇਂ ਮੁਤਾਬਕ ਇਹ ਨਗਰ ਕੀਰਤਨ 7 ਅਗਸਤ ਨੂੰ ਰੂਪਨਗਰ ਪਹੁੰਚਣਾ ਸੀ ਪਰ ਰਾਹ 'ਚ ਸੰਗਤਾਂ ਦੇ ਉਮੜ ਰਹੇ ਸੈਲਾਬ ਅਤੇ ਸੰਗਤਾਂ ਦੇ ਮੋਹ-ਪਿਆਰ ਸਦਕਾ ਇਹ ਨਗਰ ਕੀਰਤਨ 2 ਦਿਨ ਲੇਟ 9 ਅਗਸਤ ਨੂੰ ਦੇਰ ਰਾਤ ਰੂਪਨਗਰ ਪਹੁੰਚਿਆ। ਸੰਗਤਾਂ ਦੇ ਦਰਸ਼-ਦੀਦਾਰ ਮਗਰੋਂ ਇਹ ਨਗਰ ਕੀਰਤਨ ਆਪਣੇ ਅਗਲੇ ਪੜਾਅ ਸ੍ਰੀ ਚਮਕੌਰ ਸਾਹਿਬ ਲਈ ਰਵਾਨਾ ਹੋ ਗਿਆ।
ਦੱਸ ਦੇਈਏ ਕਿ ਗੁਰੂ ਨਨਾਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਲੈ ਕੇ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਰਵਾਨਾ ਹੋਇਆ ਹੈ, ਜੋ ਵੱਖ-ਵੱਖ ਸੂਬਿਆਂ ਤੋਂ ਹੁੰਦਾ ਹੋਇਆ 12 ਨਵੰਬਰ ਨੂੰ ਸੁਲਤਾਨਪੁਰ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਵੇਗਾ।