550ਵਾਂ ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਤੋਂ ਚੰਡੀਗੜ੍ਹ ਲਈ ਚੱਲਗੀ ਏ. ਸੀ. ਬੱਸ

10/20/2019 10:22:32 AM

ਸੁਲਤਾਨਪੁਰ ਲੋਧੀ (ਜੋਸ਼ੀ)— ਪੰਜਾਬ ਸਰਕਾਰ ਵੱਲੋਂ ਇਕ ਅਹਿਮ ਫੈਸਲੇ ਤਹਿਤ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਤੋਂ ਰਾਜਧਾਨੀ ਚੰਡੀਗੜ੍ਹ ਲਈ ਏ. ਸੀ. ਬੱਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਅਕਤੂਬਰ ਨੂੰ ਨਵੇਂ ਉਸਾਰੇ ਗਏ ਬੱਸ ਅੱਡੇ ਤੋਂ ਪਹਿਲੀ ਬੱਸ ਨੂੰ ਚੰਡੀਗੜ੍ਹ ਲਈ ਰਵਾਨਾ ਕਰਨਗੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਉਸੇ ਦਿਨ 6 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਵੇਂ ਬੱਸ ਅੱਡੇ ਦਾ ਉਦਘਾਟਨ ਵੀ ਕੀਤਾ ਜਾਣਾ ਹੈ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਬੇਰ ਸਾਹਿਬ ਅਤੇ ਹੋਰਨਾਂ ਗੁਰੂਧਾਮਾਂ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਅਤੇ ਸ਼ਹਿਰ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦੇ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਰਾਜਧਾਨੀ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਮੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੂਰੀ ਹੋਣ ਜਾ ਹੀ ਹੈ, ਜਿਸ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸ਼ਹਿਰ 'ਚ ਵੱਡੇ ਸਮਾਗਮ ਕਰਵਾਉਣ ਨਾਲ ਇਹ ਸ਼ਹਿਰ ਧਾਰਮਿਕ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰਿਆ ਹੈ, ਜਿਸ ਕਾਰਨ ਆਉਣ ਵਾਲੀਆਂ ਸੰਗਤਾਂ ਲਈ 400 ਕਰੋੜ ਰੁਪਏ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਸਾਰੇ ਗਏ 9 ਪੁਲਾਂ, ਨਵੇਂ ਬੱਸ ਅੱਡੇ, ਨਵੇਂ ਵਿਸ਼ਰਾਮ ਘਰ, ਸਿਵਲ ਹਸਪਤਾਲ ਨੂੰ ਮਲਟੀਸ਼ਪੈਸ਼ਿਲਟੀ 'ਚ ਅਪਗ੍ਰੇਡ ਕਰਨ ਦਾ ਉਦਘਾਟਨ ਵੀ ਮੁੱਖ ਮੰਤਰੀ, ਪੰਜਾਬ ਵੱਲੋਂ 23 ਅਕਤੂਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਏ. ਸੀ. ਬੱਸ ਸੁਲਤਾਨਪੁਰ ਲੋਧੀ ਤੋਂ ਰੋਜ਼ਾਨਾ ਸਵੇਰੇ 6 ਵਜੇ ਚੱਲੇਗੀ ਅਤੇ ਜਲੰਧਰ-ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ-ਖਰੜ ਬਾਰਸਤਾ ਚੰਡੀਗੜ੍ਹ ਪਹੁੰਚੇਗੀ, ਜਿੱਥੋਂ ਇਸ ਦੀ ਸੁਲਤਾਨਪੁਰ ਲੋਧੀ ਲਈ ਵਾਪਸੀ ਸ਼ਾਮ 5.20 'ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਨੂੰ 'ਸਰਬੱਤ ਦਾ ਭਲਾ' ਰੇਲਗੱਡੀ ਰਾਹੀਂ ਵੀ ਕੌਮੀ ਰਾਜਧਾਨੀ ਨਾਲ ਜੋੜਿਆ ਗਿਆ ਹੈ।


shivani attri

Content Editor

Related News