ਪ੍ਰਕਾਸ਼ ਪੁਰਬ ਸਮਾਗਮ ਦੌਰਾਨ ਨੌਜਵਾਨ ਵਲੰਟੀਅਰਾਂ ਦੀ ਮੇਜ਼ਬਾਨੀ ਨੇ ਕੀਲੇ ਸ਼ਰਧਾਲੂ

Thursday, Nov 07, 2019 - 12:52 PM (IST)

ਪ੍ਰਕਾਸ਼ ਪੁਰਬ ਸਮਾਗਮ ਦੌਰਾਨ ਨੌਜਵਾਨ ਵਲੰਟੀਅਰਾਂ ਦੀ ਮੇਜ਼ਬਾਨੀ ਨੇ ਕੀਲੇ ਸ਼ਰਧਾਲੂ

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ, ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮਾਂ 'ਚ ਸੈਂਕੜੇ ਨੌਜਵਾਨ ਵਲੰਟੀਅਰ ਪੂਰੀ ਤਨਦੇਹੀ, ਸ਼ਰਧਾ ਭਾਵ ਅਤੇ ਹਲੀਮੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਕੇਸਰੀ ਕੁੜਤਿਆਂ 'ਚ ਸਜੇ ਵਲੰਟੀਅਰ ਦੁਨੀਆ ਦੇ ਕੋਨੇ-ਕੋਨੇ ਤੋਂ ਸੁਲਤਾਨਪੁਰ ਲੋਧੀ ਪੁੱਜਣ ਵਾਲੀ ਸੰਗਤ ਦਾ ਮਾਰਗ ਦਰਸ਼ਨ ਕਰ ਰਹੇ ਹਨ।ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ 'ਚੋਂ 800 ਤੋਂ ਵੱਧ ਵਲੰਟੀਅਰ ਸੁਲਤਾਨਪੁਰ ਲੋਧੀ ਵਿਖੇ ਹੈਲਪ ਡੈਸਕ, ਮੁੱਖ ਪੰਡਾਲ, ਰੌਸ਼ਨੀ ਅਤੇ ਆਵਾਜ਼ ਪ੍ਰੋਗਰਾਮ, ਧਾਰਮਿਕ ਪ੍ਰਦਰਸ਼ਨੀ, ਮੁੱਖ ਦੁਆਰਾਂ 'ਤੇ ਸੰਗਤ ਲਈ ਸੇਵਾ ਨਿਭਾਅ ਰਹੇ ਹਨ।

ਇਸ ਸਬੰਧੀ ਬਣੀ 'ਇੰਟਰ ਕਮੇਟੀ' ਦੇ ਡਿਪਟੀ ਮੈਨੇਜਰ ਨਵੀਨ ਨੇ ਦੱਸਿਆ ਕਿ ਸੈਂਕੜੇ ਵਲੰਟੀਅਰ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸੇਵਾ ਕਰ ਰਹੇ ਹਨ। ਇਹ ਵਲੰਟੀਅਰ ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਪਾਰਕਿੰਗ ਸਥਾਨਾਂ, ਮੁੱਖ ਸਮਾਗਮਾਂ ਵਾਲੇ ਪੰਡਾਲਾਂ, ਟੈਂਟ ਸਿਟੀਜ਼, ਮੀਡੀਆ ਸੈਂਟਰ, ਪ੍ਰਬੰਧਕੀ ਬਲਾਕਾਂ, ਪ੍ਰਦਰਸ਼ਨੀਆਂ 'ਚ ਸੰਗਤ ਦਾ ਰਾਹ ਦਸੇਰਾ ਬਣ ਰਹੇ ਹਨ। 
ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਦੀਆਂ ਸੇਵਾਵਾਂ ਸੁਚੱਜੇ ਤਰੀਕੇ ਨਾਲ ਲੈਣ ਲਈ 7 ਕਮੇਟੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਕਮੇਟੀਆਂ 'ਚ ਇਨਫਰਮੇਸ਼ਨ ਡੈਸਕ ਕਮੇਟੀ, ਪ੍ਰੋਟੋਕੋਲ ਕਮੇਟੀ, ਇੰਟਰ ਕਮੇਟੀ, ਪੰਡਾਲ ਮੈਨੇਜਮੈਂਟ ਕਮੇਟੀ, ਟਰੇਂਡ ਗਾਈਡ ਕਮੇਟੀ, ਲਾਈਟ ਐਂਡ ਸਾਊਂਡ ਸ਼ੋਅ ਕਮੇਟੀ, ਐਗਜ਼ਬੀਸ਼ਨ ਕਮੇਟੀ ਸ਼ਾਮਲ ਹਨ, ਜਿਨ੍ਹਾਂ ਦੇ ਮੈਨੇਜਰ ਵਲੰਟੀਅਰਾਂ ਦੀਆਂ ਸੇਵਾਵਾਂ ਲਗਾਤਾਰ ਵਾਚ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਾਵੇ।

ਇਨਫਰਮੇਸ਼ਨ ਡੈਸਕ ਕਮੇਟੀ ਦੇ ਡਿਪਟੀ ਮੈਨੇਜਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸੰਗਤ ਦੀ ਸਹੂਲਤ ਲਈ 25 ਹੈਲਪ ਡੈਸਕ ਸਥਾਪਤ ਕੀਤੇ ਗਏ ਹਨ, ਜਿਨ੍ਹਾਂ 'ਤੇ ਕਰੀਬ 150 ਵਲੰਟੀਅਰ ਸੇਵਾਵਾਂ ਨਿਭਾਅ ਰਹੇ ਹਨ। ਹੈਲਪ ਡੈਸਕ ਵਲੰਟੀਅਰ ਦਿਨ, ਰਾਤ ਦੀਆਂ ਦੋ ਸ਼ਿਫਟਾਂ ਵਿਚ ਸੇਵਾਵਾਂ ਦੇ ਰਹੇ ਹਨ। ਇਹ ਹੈਲਪ ਡੈਸਕ ਮੁੱਖ ਪੰਡਾਲ ਨੇੜੇ, ਸਾਰੀਆਂ ਪਾਰਕਿੰਗਜ਼ ਤੇ ਹੋਰ ਅਹਿਮ ਥਾਵਾਂ 'ਤੇ ਲਾਏ ਗਏ ਹਨ। ਇਸ ਤੋਂ ਇਲਾਵਾ ਦੋ ਹੈਲਪ ਡੈਸਕ ਰੇਲਵੇ ਸਟੇਸ਼ਨ ਅਤੇ ਇਕ ਬੱਸ ਸਟੈਂਡ 'ਤੇ ਵੀ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 100 ਦੇ ਕਰੀਬ ਟਰੇਂਡ ਗਾਈਡ ਵਲੰਟੀਅਰ ਚਲਦੇ ਫਿਰਦੇ ਹੈਲਪ ਡੈਸਕ ਵਜੋਂ 11 ਰੂਟਾਂ 'ਤੇ ਲਾਏ ਗਏ ਹਨ। ਮੁੱਖ ਪੰਡਾਲ ਕਮੇਟੀ ਦੇ ਸੀਨੀਅਰ ਮੈਨੇਜਰ ਤਰਸਵੀਰ ਸਿੰਘ ਨੇ ਦੱਸਿਆ ਕਿ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ 50 ਦੇ ਕਰੀਬ ਵਲੰਟੀਅਰ ਲਾਏ ਹੋਏ ਹਨ, ਜੋ ਪੰਡਾਲ ਦੇ ਅੰਦਰ ਸੁਚੱਜੇ ਪ੍ਰਬੰਧਾਂ ਲਈ ਤਾਇਨਾਤ ਹਨ।

ਮੁੱਖ ਪੰਡਾਲ ਦੇ ਦੁਆਰ 'ਤੇ ਸੇਵਾ ਨਿਭਾਅ ਰਹੇ ਬਿਹਾਰ ਨਾਲ ਸਬੰਧਤ ਵਲੰਟੀਅਰ ਮੁਹੰਮਦ ਯਾਸੀਨ ਵਸੀਕ ਨੇ ਦੱਸਿਆ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਬੀ. ਟੈੱਕ. ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਗੁਰਪੁਰਬ ਸਮਾਗਮਾਂ 'ਚ ਡਿਊਟੀ ਨਿਭਾਉਣਾ ਉਸ ਲਈ ਬੜਾ ਸੁਭਾਗਾ ਮੌਕਾ ਹੈ ਅਤੇ ਇਥੇ ਸੇਵਾ ਕਰਕੇ ਜੋ ਸਕੂਨ ਮਿਲ ਰਿਹਾ ਹੈ, ਉਹ ਪਹਿਲਾਂ ਕਦੇ ਨਹੀਂ ਮਿਲਿਆ। ਪੱਛਮੀ ਬੰਗਾਲ ਨਾਲ ਸਬੰਧਤ ਵਲੰਟੀਅਰ ਸੁਮੀਤ ਕੁਮਾਰ ਨੇ ਦੱਸਿਆ ਕਿ ਉਹ ਐੱਲ. ਪੀ. ਯੂ. 'ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰ ਰਿਹਾ ਹੈ ਅਤੇ ਪਹਿਲੀ ਵਾਰ ਕੌਮਾਂਤਰੀ ਪੱਧਰ ਦੇ ਸਮਾਗਮਾਂ ਵਿਚ ਸੇਵਾ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਪੰਜਾਬ ਆ ਕੇ ਉਸ ਨੇ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਬਾਰੇ ਕਾਫੀ ਜਣਿਆਂ ਹੈ, ਇਨ੍ਹਾਂ ਸਮਾਗਮਾਂ 'ਚ ਉਸ ਨੂੰ ਗੁਰੂ ਸਾਹਿਬ ਦੀ ਜ਼ਿੰਦਗੀ ਅਤੇ ਫਲਸਫੇ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਹੈ। ਦਿੱਲੀ ਤੋਂ ਪ੍ਰਕਾਸ਼ ਪੁਰਬ ਸਮਾਗਮਾਂ 'ਚ ਪੁੱਜੀ ਹਰਬੰਸ ਕੌਰ (65) ਨੇ ਕਿਹਾ ਕਿ ਸ਼ਰਧਾ ਭਾਵਨਾ ਨਾਲ ਸੇਵਾ 'ਚ ਲੱਗੇ ਨੌਜਵਾਨ ਬੜੀ ਸ਼ਲਾਘਾ ਵਾਲਾ ਕੰਮ ਕਰ ਰਹੇ ਹਨ, ਜੋ ਦੂਰ ਦੁਰਾਡੇ ਤੋਂ ਆਈ ਸੰਗਤ ਦਾ ਬੜੀ ਹੀ ਹਲੀਮੀ ਨਾਲ ਮਾਰਗ ਦਰਸ਼ਨ ਕਰ ਰਹੇ ਹਨ।


author

shivani attri

Content Editor

Related News