ਹੁਸ਼ਿਆਰਪੁਰ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਸ਼ਮਸ਼ਾਨ ਘਾਟ 'ਚੋਂ ਮਿਲੇ ਪਾਵਨ ਸਰੂਪ (ਵੀਡੀਓ)
Thursday, Sep 05, 2019 - 10:49 AM (IST)
ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਪੁਰ 'ਚ ਹਰਿਆਣਾ ਰੋਡ 'ਤੇ ਸਥਿਤ ਸ਼ਮਸ਼ਾਨ ਘਾਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਗਵਤ ਗੀਤਾ ਅਤੇ ਧਾਰਮਿਕ ਤਸਵੀਰਾਂ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਸ਼ਮਨਸ਼ਾਨ ਘਾਟ 'ਚ ਕੰਮ ਕਰਨ ਵਾਲੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਦੋਵੇਂ ਪਵਿੱਤਰ ਧਾਰਮਿਕ ਗ੍ਰੰਥ ਸਫਾਈ ਦੌਰਾਨ ਕੱਪੜਿਆਂ ਦੀਆਂ ਗੱਠਾਂ 'ਚ ਬੱਝੇ ਹੋਏ ਮਿਲੇ।
ਇਸ ਸਬੰਧੀ ਉਸ ਨੇ ਤੁਰੰਤ ਆਪਣੇ ਮਾਲਕ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਧਾਰਮਿਕ ਸੰਸਥਾਵਾਂ ਦੇ ਲੋਕ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਮੌਕੇ ਐੱਸ. ਜੀ. ਪੀ. ਸੀ. ਮੈਂਬਰ ਹਰਜਿੰਦਰ ਸਿੰਘ ਧਾਮੀ ਨੇ ਪੁਲਸ ਨੂੰ ਅਪੀਲ ਕੀਤੀ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਸਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।