ਬੀਰ ਦਵਿੰਦਰ ਸਿੰਘ ਦੇ ਸਿਆਸੀ ਸਫਰ ''ਤੇ ਇਕ ਝਾਤ

04/04/2019 11:35:46 AM

ਸ੍ਰੀ ਅਨੰਦਪੁਰ ਸਾਹਿਬ : ਅਕਾਲੀ ਦਲ ਟਕਸਾਲੀ ਵੱਲੋਂ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਬੀਰ ਦਵਿੰਦਰ ਸਿੰਘ ਨੇ ਆਪਣਾ ਰਾਜਨੀਤਕ ਸਫਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸਾਲ 1971 ਤੋਂ ਸ਼ੁਰੂ ਕੀਤਾ ਸੀ। ਸਾਲ 1978 ਵਿਚ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ 1980 ਵਿਚ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਬਣੇ। ਸਾਲ 1984 ਵਿਚ ਅੰਮ੍ਰਿਤਸਰ ਵਿਚ ਫੌਜ ਦੇ ਆਪਰੇਸ਼ਨ ਤੋਂ ਨਾਰਾਜ਼ ਹੋ ਕੇ ਕਾਂਗਰਸ ਦੇ ਕਈ ਨੇਤਾਵਾਂ ਨੇ ਪਾਰਟੀ ਛੱਡੀ ਪਰ ਉੁਹ ਕਾਂਗਰਸ ਵਿਚ ਹੀ ਰਹੇ। ਉਹ 1985 ਦੀ ਵਿਧਾਨ ਸਭਾ ਚੋਣ ਹਾਰ ਗਏ। ਸਾਲ 1986 ਵਿਚ ਉਹ ਪਾਰਟੀ ਛੱਡ ਗਏ। ਸਾਲ 1992 ਵਿਚ ਉਨ੍ਹਾਂ ਨੇ ਕਾਂਗਰਸ ਵਿਚ ਪ੍ਰਵੇਸ਼ ਦੀ ਕੋਸ਼ਿਸ਼ ਕੀਤੀ ਪਰ ਤਤਕਾਲੀਨ ਪੰਜਾਬ ਕਾਂਗਰਸ ਪ੍ਰਧਾਨ ਬੇਅੰਤ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਵਿਚ ਪ੍ਰਵੇਸ਼ ਨਹੀਂ ਦਿੱਤਾ ਅਤੇ ਉਨ੍ਹਾਂ ਨੇ ਸਾਲ 1992 ਦੀ ਵਿਧਾਨ ਸਭਾ ਚੋਣ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਸਰਹਿੰਦ ਖੇਤਰ ਤੋਂ ਲੜੀ ਅਤੇ ਉਹ ਬੁਰੀ ਤਰ੍ਹਾਂ ਹਾਰੇ। ਬੇਅੰਤ ਸਿੰਘ ਦੇ ਦੇਹਾਂਤ ਤੋਂ ਬਾਅਦ ਹੀ ਸਾਲ 1999 ਵਿਚ ਕੈਪਟਨ ਮਰਿੰਦਰ ਸਿੰਘ ਜ਼ਰੀਏ ਉਨ੍ਹਾਂ ਦਾ ਕਾਂਗਰਸ ਵਿਚ ਫਿਰ ਤੋਂ ਪ੍ਰਵੇਸ਼ ਹੋ ਸਕਿਆ। ਸਾਲ 2002 ਵਿਚ ਉਨ੍ਹਾਂ ਨੇ ਖਰੜ ਤੋਂ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਉਸੇ ਸਮੇਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਬਣਾਇਆ ਗਿਆ ਪਰ ਕਾਂਗਰਸ ਵਿਚ ਵੀ ਉਹ ਟਿਕ ਨਹੀਂ ਸਕੇ। 2007 ਵਿਚ ਬੀਰ ਦਵਿੰਦਰ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਜੁਆਇਨ ਕਰ ਲਿਆ ਸੀ।

ਸਾਲ 2010 ਵਿਚ ਉਨ੍ਹਾਂ ਨੇ ਅਕਾਲੀ ਦਲ ਨੂੰ ਵੀ ਇਹ ਕਹਿੰਦੇ ਹੋਏ ਅਲਵਿਦਾ ਕਹਿ ਦਿੱਤਾ ਕਿ ਅਕਾਲੀ ਦਲ ਹੁਣ ਪਹਿਲਾਂ ਵਾਲਾ ਅਕਾਲੀ ਦਲ ਨਹੀਂ ਰਹਿ ਗਿਆ। ਇਸ ਦੌਰਾਨ ਅਕਾਲੀ ਦਲ ਤੋਂ ਬਗਾਵਤ ਕਰਕੇ ਬਾਦਲ ਪਰਿਵਾਰ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਨਵੀਂ ਪਾਰਟੀ ਪੀਪੁਲਸ ਪਾਰਟੀ ਆਫ ਪੰਜਾਬ ਦੀ ਸਥਾਪਨਾ ਕੀਤੀ। ਉਦੋਂ ਬੀਰ ਦਵਿੰਦਰ ਸਿੰਘ ਉਸ ਵਿਚ ਸ਼ਾਮਲ ਹੋ ਗਏ ਪਰ ਇੱਥੇ ਉਹ ਜ਼ਿਆਦਾ ਦਿਨ ਤੱਕ ਨਹੀਂ ਟਿਕ ਸਕੇ ਪਰ ਜਦੋਂ ਹੋਰ ਪਾਰਟੀ ਦਾ ਬਦਲ ਉਨ੍ਹਾਂ ਕੋਲ ਨਹੀਂ ਰਿਹਾ ਤਾਂ ਉਹ ਵਾਪਸ ਪੀਪੁਲਸ ਪਾਰਟੀ ਆਫ ਪੰਜਾਬ ਵਿਚ ਆ ਗਏ ਅਤੇ ਮੋਹਾਲੀ ਤੋਂ ਵਿਧਾਨ ਸਭਾ ਚੋਣ ਲੜੀ ਪਰ ਇੱਥੇ ਉਨ੍ਹਾਂ ਦੀ ਜ਼ਮਾਨਤ ਵੀ ਨਹੀਂ ਬਚ ਸਕੀ। ਇਸ ਤੋਂ ਬਾਅਦ ਉਹ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਵੀ ਦੂਰ ਹੋ ਗਏ। ਉਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਚ ਪ੍ਰਵੇਸ਼ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਦਾਲ ਨਹੀਂ ਗਲੀ।

ਉਨ੍ਹਾਂ ਨੇ ਫਿਰ ਤੋਂ ਕਾਂਗਰਸ ਵਿਚ ਪ੍ਰਵੇਸ਼ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਾਂਗਰਸ ਦੇ ਨੇਤਾਵਾਂ ਦੀ ਜੈ ਜੈ ਕਾਰ ਕਰਨ ਤੋਂ ਬਾਅਦ ਹੀ ਕਾਂਗਰਸ ਵਿਚ ਪ੍ਰਵੇਸ਼ ਮਿਲ ਸਕਿਆ। ਕਾਂਗਰਸ ਵਿਚ ਪ੍ਰਵੇਸ਼ ਤੋਂ ਬਾਅਦ ਉਨ੍ਹਾਂ ਦੇ ਗਲਤ ਬੋਲਾਂ ਕਾਰਨ ਕਾਂਗਰਸ ਨੇ ਵੀ ਉਨ੍ਹਾਂ ਨੂੰ ਅਪ੍ਰੈਲ 2016 ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਿਮਾਇਤ ਕੀਤੀ। ਉਸ ਸਮੇਂ ਉਨ੍ਹਾਂ ਦੇ ਬਿਆਨ ਸਨ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਵਿਚ ਸਾਫ-ਸੁਥਰੀ ਸਰਕਾਰ ਦੇ ਸਕਦੀ ਹੈ। ਉਹ ਕਰੀਬ 3 ਸਾਲ ਤੋਂ ਰਾਜਨੀਤਕ ਬੇਰੁਜ਼ਗਾਰੀ ਵਿਚ ਗੁਜ਼ਾਰਾ ਕਰ ਰਹੇ ਸਨ, ਜਿਸ ਤੋਂ ਬਾਅਦ ਹੁਣ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਸ਼ਾਮਲ ਹੋ ਕੇ ਹੁਣ ਫਿਰ ਰਾਜਨੀਤੀ ਦੇ ਗਲਿਆਰੇ ਵਿਚ ਆ ਗਏ।


cherry

Content Editor

Related News