ਲੌਂਗੋਵਾਲ ਬਾਰੇ ਪੰਥਕ ਜਥੇਬੰਦੀਆਂ ਵੱਲੋਂ ਵਾਦ-ਵਿਵਾਦ ਉਚਿਤ ਨਹੀਂ : ਜਥੇਦਾਰ
Sunday, Dec 03, 2017 - 08:39 AM (IST)
ਅੰਮ੍ਰਿਤਸਰ (ਮਮਤਾ)- ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣਨ 'ਤੇ ਕੁਝ ਜਥੇਬੰਦੀਆਂ ਵੱਲੋਂ ਕਈ ਤਰ੍ਹਾਂ ਦਾ ਵਾਦ-ਵਿਵਾਦ ਕੀਤਾ ਜਾ ਰਿਹਾ ਹੈ, ਜੋ ਉਚਿਤ ਨਹੀਂ ਹੈ। ਸਿੰਘ ਸਾਹਿਬ ਨੇ ਕਿਹਾ ਕਿ ਪੰਥਕ ਰਵਾਇਤਾਂ ਅਨੁਸਾਰ ਜਿਹੜਾ ਵਿਅਕਤੀ ਨਿਮਾਣਾ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੁੰਦਿਆਂ ਪੇਸ਼ ਹੋ ਕੇ ਆਪਣੀ ਹੋਈ ਗਲਤੀ ਨੂੰ ਸਵੀਕਾਰ ਕਰਦਿਆਂ ਮੁਆਫੀ ਮੰਗ ਲੈਂਦਾ ਹੈ ਅਤੇ ਅੱਗੇ ਤੋਂ ਹੋਈ ਗਲਤੀ ਸਬੰਧੀ ਤੌਬਾ ਕਰਦਾ ਹੈ ਤੇ ਪੰਥਕ ਰਵਾਇਤਾਂ ਅਨੁਸਾਰ ਸਿੰਘ ਸਾਹਿਬਾਨ ਵੱਲੋਂ ਲਾਈ ਗਈ ਸੇਵਾ ਨੂੰ ਪ੍ਰਵਾਨ ਕਰਦਿਆਂ ਸੇਵਾ ਕਰਦਾ ਹੈ, ਉਸ ਨੂੰ ਮੁਆਫ ਕਰ ਕੇ ਮੁੜ ਪੰਥ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ।
ਕਈ ਇਤਿਹਾਸਕ ਘਟਨਾਵਾਂ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਬੱਜਰ ਗਲਤੀ ਕਰਨ 'ਤੇ ਸਜ਼ਾ ਲਾ ਕੇ ਦੁਬਾਰਾ ਗਲਤੀ ਨਾ ਕਰਨ ਦਾ ਪ੍ਰਣ ਲੈ ਕੇ ਮੁੜ ਪੰਥ ਵਿਚ ਸ਼ਾਮਲ ਕੀਤਾ ਗਿਆ ਸੀ। ਸਿੱਖ ਪੰਥ ਦੇ ਸੂਰਬੀਰ ਯੋਧੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ। ਬਾਬਾ ਸੰਤਾ ਸਿੰਘ ਵੱਲੋਂ ਵੀ ਅਖੀਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਜ਼ਾ ਲਵਾ ਕੇ ਮੁਆਫੀ ਮੰਗਣ 'ਤੇ ਹੀ ਪੰਥ ਵਿਚ ਸ਼ਾਮਲ ਕੀਤਾ ਗਿਆ।
