ਸ੍ਰੀ ਅਕਾਲ ਤਖਤ ਸਾਹਿਬ ''ਚ ਧਿਆਨ ਸਿੰਘ ਵਲੋਂ ਗੁਰੂ ਘਰ ਦੀ ਮਰਿਆਦਾ ਭੰਗ ਕਰਨੀ ਨਿੰਦਣਯੋਗ : ਪ੍ਰੋ. ਬਡੂੰਗਰ

10/13/2017 12:35:21 PM

ਫਤਿਹਗੜ੍ਹ ਸਾਹਿਬ (ਬਕਸ਼ੀ) — ਸ੍ਰੀ ਅਕਾਲ ਤਖਤ ਸਾਹਿਬ 'ਚ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਨਾਲ ਝੜਪ ਕਰਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਨ੍ਹਾਂ ਵਲੋਂ ਸਮੇਂ-ਸਮੇਂ 'ਤੇ ਪੰਥ ਨੂੰ ਬਦਨਾਮ ਕਰਨ ਲਈ ਗੁਰਦੁਆਰਾ ਸਾਹਿਬਾਨ 'ਚ ਝਗੜੇ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਿਯੁਕਤ ਕਰਨ ਦੀ ਇਕ ਮਰਿਆਦਾ ਤੇ ਕੁਝ ਰਸਮਾਂ ਹਨ ਪਰ ਆਪਣੇ ਆਪ ਬਣੇ ਜੱਥੇਦਾਰਾਂ ਵਲੋਂ ਲਗਾਤਾਰ ਗੁਰਮਤਿ ਦੇ ਉਲਟ ਕਾਰਵਾਈਆਂ ਕਰਕੇ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਵਲੋਂ ਕੀਤੀਆਂ ਜਾਂਦੀਆਂ ਝੜਪਾਂ ਨਾਲ ਜਿਥੇ ਗੁਰੂ ਘਰ ਦੀ ਮਰਿਆਦਾ ਭੰਗ ਹੋਈ ਹੈ, ਉਥੇ ਹੀ ਵਿਸ਼ਵ ਭਰ 'ਚ ਬੈਠੀ ਸਿੱਖ ਸੰਗਤ ਦੇ ਮਨ ਨੂੰ ਵੀ ਭਾਰੀ ਠੇਸ ਪਹੁੰਚੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਹਰ ਸਾਲ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਂਦਾ ਹੈ , ਉਸ ਸਮੇਂ ਵੀ ਇਹ ਲੋਕ ਗੁਰੂ ਘਰ ਦੀ ਮਰਿਆਦਾ ਭੰਗ ਕਰਕੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਅਕਸ ਨੂੰ ਖਰਾਬ ਕਰਨ ਦੀਆਂ ਹਰਕਤਾਂ ਕਰਦੇ ਰਹੇ ਹਨ। ਹੁਣ ਇਕ ਵਾਰ ਫਿਰ ਅਜਿਹੀ ਹਰਕਤ ਕਰਕੇ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਇਹ ਲੋਕ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ 'ਚ ਮਰਿਆਦਾ ਭੰਗ ਕਰਨ ਹੀ ਆਉਂਦੇ ਹਨ। 


Related News