ਸਪਾਊਸ ਵੀਜ਼ਾ ਦੇ ਨਾਂ ''ਤੇ ਲੱਖਾਂ ਰੁਪਏ ਦੀ ਠੱਗੀ
Sunday, Jul 19, 2020 - 04:08 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) : ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਲਗਾਉਣ ਦੇ ਨਾਂ 'ਤੇ ਲਗਭਗ 12 ਲੱਖ ਰੁਪਏ ਦੀ ਠੱਗੀ ਮਾਰਨ ਅਤੇ ਫ਼ਿਰ ਸਪਾਊਸ ਵੀਜ਼ੇ ਦੀ ਜਗ੍ਹਾ ਜਾਅਲੀ ਈ ਵੀਜ਼ਾ ਦੇਣ ਦੇ ਸਬੰਧ ਵਿਚ ਮੋਗਾ ਦੀ ਫਰਮ ਰਾਈਟ ਵੀਜ਼ਾ ਕੰਸਲਟੈਂਸੀ ਦੇ ਸੂਰਜ ਕੁਮਾਰ ਪੁੱਤਰ ਰਾਜ ਕੁਮਾਰ 'ਤੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਪੰਨੀਵਾਲਾ ਫੱਤਾ ਵਾਸੀ ਗੁਰਸ਼ੈਂਬਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਸਰਬਜੀਤ ਕੌਰ ਨੇ 3 ਅਗਸਤ 2017 ਨੂੰ ਆਈਲੈੱਟਸ ਟੈਸਟ ਪਾਸ ਕੀਤਾ ਸੀ ਅਤੇ ਇਸ ਉਪਰੰਤ ਉਹ ਸਪਾਊਸ ਵੀਜ਼ੇ ਲਈ ਅਪ੍ਰੈਲ 2018 ਵਿਚ ਸੂਰਜ ਕੁਮਾਰ ਨੂੰ ਮੋਗਾ ਵਿਖੇ ਮਿਲੇ, ਜਿਸ ਨੇ ਦੱਸਿਆ ਕਿ ਪਹਿਲਾਂ ਸਰਬਜੀਤ ਕੌਰ ਦਾ ਵੀਜ਼ਾ ਲੱਗੇਗਾ ਅਤੇ ਤਿੰਨ ਮਹੀਨਿਆਂ ਬਾਅਦ ਗੁਰਸ਼ੈਂਬਰ ਸਿੰਘ ਦਾ ਵੀਜ਼ਾ ਲੱਗ ਜਾਵੇਗਾ।
ਇਸ ਸਬੰਧੀ ਉਨ੍ਹਾਂ ਨੇ ਸਾਰੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਤੇ ਅਸਲ ਪਾਸਪੋਰਟ ਤੋਂ ਇਲਾਵਾ ਆਫ਼ਰ ਲੈਟਰ ਲਈ 15 ਹਜ਼ਾਰ ਰੁਪਏ ਵੀ ਲਏ ਅਤੇ 2 ਅਗਸਤ 2018 ਨੂੰ ਮੰਡੋਕ ਯੂਨੀਵਰਸਿਟੀ ਪਰਥ (ਆਸਟ੍ਰੇਲੀਆ) ਦੀ ਆਫ਼ਰ ਲੈਟਰ ਦੇ ਦਿੱਤੀ, ਉਸ ਉਪਰੰਤ ਇਸ ਫਰਮ ਨੇ ਵੱਖ-ਵੱਖ ਤਰੀਕਿਆਂ ਨਾਲ ਕਰੀਬ 19 ਲੱਖ ਰੁਪਏ ਦੀ ਰਕਮ ਲਈ ਅਤੇ ਕਿਹਾ ਕਿ ਵੀਜ਼ਾ ਜਨਵਰੀ 2019 ਦੇ ਪਹਿਲੇ ਹਫ਼ਤੇ ਲੱਗ ਜਾਵੇਗਾ। ਬਾਅਦ ਵਿਚ ਇਹ ਵੀਜ਼ਾ ਮਾਰਚ 2019 ਵਿਚ ਲੱਗਣ ਦੀ ਗੱਲ ਕਹੀ ਗਈ ਪਰ ਜਦੋਂ ਮਾਰਚ 2019 ਵਿਚ ਵੀਜ਼ਾ ਨਾ ਲੱਗਿਆ ਤਾਂ ਉਕਤ ਵਿਅਕਤੀ ਜੁਲਾਈ 2019 ਦਾ ਵੀਜ਼ਾ ਲਗਵਾਉਣ ਦਾ ਵਾਅਦਾ ਕਰਦੇ ਰਹੇ। ਬਿਆਨਕਰਤਾ ਅਨੁਸਾਰ 21 ਜੂਨ 2019 ਨੂੰ ਉਨ੍ਹਾਂ ਦੇ ਖਾਤੇ ਵਿਚ 6 ਲੱਖ 10 ਹਜ਼ਾਰ 285 ਰੁਪਏ ਵੈਸਟਰਨ ਜੂਨੀਅਨ ਰਾਹੀਂ ਜਮ੍ਹਾ ਹੋਏ, ਜਿਸ 'ਤੇ ਉਨ੍ਹਾਂ ਨੂੰ ਵੀਜ਼ਾ ਨਾ ਲੱਗਣ ਸਬੰਧੀ ਸ਼ੱਕ ਹੋਇਆ ਪਰ ਜਦੋਂ ਉਨ੍ਹਾਂ ਨੇ ਇਸ ਸਬੰਧੀ ਸੂਰਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੋਬਾਇਲ 'ਤੇ ਸਰਬਜੀਤ ਕੌਰ ਦਾ ਈ ਵਿਜ਼ਟਰ (ਸਬ ਕਲਾਸ 651) ਆਸਟ੍ਰੇਲੀਆ ਵੀਜ਼ਾ ਭੇਜ ਦਿੱਤਾ ਜਦੋਂ ਇਸ ਵੀਜ਼ੇ ਦੀ ਪੜਤਾਲ ਕੀਤੀ ਗਈ ਤਾਂ ਇਹ ਵੀਜ਼ਾ ਜ਼ਾਅਲੀ ਨਿਕਲਿਆ ਕਿਉਂÎਕਿ ਇਹ ਵੀਜ਼ਾ ਸਿਰਫ਼ ਇਟਲੀ ਦੇ ਨਾਗਰਿਕਾਂ ਨੂੰ ਹੀ ਮਿਲਦਾ ਹੈ। ਇਸ ਉਪਰੰਤ ਸੂਰਜ ਕੁਮਾਰ ਪੈਸੇ ਵਾਪਿਸ ਦੇਣ ਦੀ ਗੱਲ ਕਰਦਾ ਰਿਹਾ ਪਰ ਫ਼ਿਰ ਪੈਸੇ ਵਾਪਿਸ ਕਰਨ ਤੋਂ ਇਨਕਾਰ ਕਰ ਗਿਆ। ਬਿਆਨਕਰਤਾ ਅਨੁਸਾਰ ਉਨ੍ਹਾਂ ਨਾਲ ਠੱਗੀ ਮਾਰੀ ਗਈ ਹੈ।
ਪੁਲਸ ਨੇ ਇਸ ਮਾਮਲੇ ਵਿੱਚ ਪੜਤਾਲ ਕਰਨ ਉਪਰੰਤ ਪਾਇਆ ਕਿ ਬਿਆਨਕਰਤਾ ਧਿਰ ਵੱਲੋਂ ਉਕਤ ਵਿਅਕਤੀਆਂ ਨੂੰ 19 ਲੱਖ 22 ਹਜ਼ਾਰ ਰੁਪਏ ਦਿੱਤੇ ਗਏ ਸਨ ਅਤੇ ਸਰਬਜੀਤ ਦਾ ਵੀਜ਼ਾ ਰੱਦ ਹੋ ਗਿਆ ਤਾਂ 21 ਜੂਨ ਨੂੰ ਉਸਨੂੰ 6 ਲੱਖ 10 ਹਜ਼ਾਰ 285 ਰੁਪਏ ਵੈਟਰਨ ਜੂਨੀਅਨ ਰਾਹੀਂ ਵਾਪਿਸ ਕੀਤੇ ਗਏ। ਬਿਆਨਕਰਤਾ ਦੇ 11 ਲੱਖ 86 ਹਜ਼ਾਰ 715 ਰੁਪਏ ਵਾਪਿਸ ਨਹੀਂ ਕੀਤੇ ਗਏ ਅਤੇ ਜ਼ਾਅਲੀ ਵੀਜ਼ਾ ਲਗਾ ਦਿੱਤਾ ਗਿਆ। ਪੁਲਸ ਨੇ ਇਸ ਸਬੰਧੀ ਸੂਰਜ ਕੁਮਾਰ 'ਤੇ ਆਈਪੀਸੀ ਦੀ ਧਾਰਾ 420, 465, 468, 471, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।