ਸਰਕਾਰ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ''ਚ ਕਰੇਗੀ ਸੋਧ

Thursday, May 26, 2022 - 12:43 AM (IST)

ਸਰਕਾਰ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਲਈ ਖੇਡ ਨੀਤੀ ''ਚ ਕਰੇਗੀ ਸੋਧ

ਲੁਧਿਆਣਾ (ਬਿਊਰੋ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਥੌਮਸ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਬੈਡਮਿੰਟਨ ਟੀਮ ਦੇ ਖਿਡਾਰੀ ਧਰੁਵ ਕਪਿਲਾ ਜੋ ਪੰਜਾਬ ਦਾ ਵਸਨੀਕ ਹੈ, ਨੂੰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੀ ਮੌਜੂਦ ਸਨ। ਮੀਤ ਹੇਅਰ ਨੇ ਕਿਹਾ ਕਿ ਧਰੁਵ ਨੇ ਨਾ ਸਿਰਫ ਪੰਜਾਬ ਬਲਕਿ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਖਿਡਾਰੀ 'ਤੇ ਪੂਰੇ ਸੂਬੇ ਨੂੰ ਮਾਣ ਹੈ। ਧਰੁਵ ਦੀ ਇਹ ਪ੍ਰਾਪਤੀ ਨਵੀਂ ਉਮਰ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸ੍ਰੋਤ ਬਣੇਗੀ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਾਡੇ ਅਸਲ ਰੋਲ ਮਾਡਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਧਰੁਵ ਨੂੰ ਨਿੱਜੀ ਤੌਰ 'ਤੇ ਮਿਲ ਕੇ ਵਧਾਈ ਦੇਣਗੇ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 20 ਲੱਖ ਦੇ ਘਪਲੇ ਦੇ ਦੋਸ਼ 'ਚ ਪੰਚਾਇਤ ਵਿਭਾਗ ਦੇ 2 JE ਸਣੇ 5 ਖ਼ਿਲਾਫ਼ ਮੁਕੱਦਮਾ ਦਰਜ

ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਵਿੱਚ ਬਹੁਤ ਤਰੁੱਟੀਆਂ ਹਨ, ਜਿਸ ਕਾਰਨ ਪੰਜਾਬ ਖੇਡਾਂ ਵਿੱਚ ਪੱਛੜ ਗਿਆ ਹੈ। ਥੌਮਸ ਕੱਪ ਸਮੇਤ ਕਈ ਵੱਡੇ ਮੁਕਾਬਲਿਆਂ ਦੇ ਜੇਤੂਆਂ ਲਈ ਨਕਦ ਇਨਾਮ ਦੇਣਾ ਖੇਡ ਨੀਤੀ ਦਾ ਹਿੱਸਾ ਨਹੀਂ ਹੈ। ਖੇਡ ਨੀਤੀ ਵਿੱਚ ਸੋਧ ਕਰਕੇ ਇਹ ਕਮੀ ਦੂਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਖੇਡ ਸਟੇਡੀਅਮ ਤਾਂ ਬਣਾ ਲਏ ਪਰ ਗਰਾਊਂਡ ਤਿਆਰ ਨਹੀਂ ਕੀਤੇ, ਇੱਥੋਂ ਤੱਕ ਕਿ ਖਿਡਾਰੀਆਂ ਨੂੰ ਖੇਡਾਂ ਦਾ ਸਾਮਾਨ ਵੀ ਮੁਹੱਈਆ ਨਹੀਂ ਕਰਵਾਇਆ ਗਿਆ। ਹੁਣ ਸਾਡੀ ਸਰਕਾਰ ਵੱਲੋਂ ਖੇਡ ਢਾਂਚੇ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕੀਤੀ ਜਾ ਸਕੇ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਖੇਡ ਮੰਤਰੀ ਨੇ ਧਰੁਵ ਦੇ ਮਾਤਾ-ਪਿਤਾ ਗਗਨ ਕਪਿਲਾ ਤੇ ਸ਼ਿਵਾਨੀ ਕਪਿਲਾ ਅਤੇ ਕੋਚ ਆਨੰਦ ਤਿਵਾੜੀ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਧਰੁਵ ਨੂੰ ਭਵਿੱਖ ਵਿੱਚ ਹੋਰ ਵੀ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਧਰੁਵ ਨਾਲ ਖੇਡ ਸਬੰਧੀ ਗੱਲਬਾਤ ਕਰਦਿਆਂ ਆਉਣ ਵਾਲੇ ਖੇਡ ਮੁਕਾਬਲਿਆਂ ਅਤੇ ਕੈਂਪ ਸਬੰਧੀ ਜਾਣਕਾਰੀ ਲਈ। ਇਸ ਮੌਕੇ ਧਰੁਵ ਨੇ ਖੇਡ ਮੰਤਰੀ ਨੂੰ ਆਪਣਾ ਬੈਡਮਿੰਟਨ ਰੈਕੇਟ ਵੀ ਤੋਹਫ਼ੇ ਦੇ ਰੂਪ ਵਿੱਚ ਦਿੱਤਾ।


author

Mukesh

Content Editor

Related News