ਪੰਜਾਬ 'ਚ ਜੰਗਲ ਦਾ ਰਾਜ, ਖ਼ਤਰੇ 'ਚ ਸੂਬੇ ਦਾ ਭਵਿੱਖ: ਸੁਨੀਲ ਜਾਖੜ

Saturday, Oct 24, 2026 - 06:27 PM (IST)

ਪੰਜਾਬ 'ਚ ਜੰਗਲ ਦਾ ਰਾਜ, ਖ਼ਤਰੇ 'ਚ ਸੂਬੇ ਦਾ ਭਵਿੱਖ: ਸੁਨੀਲ ਜਾਖੜ

ਮਾਨਸਾ (ਸੰਦੀਪ ਮਿੱਤਲ)-ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਮਨ 'ਚ ਸਮਾਜ ਪ੍ਰਤੀ ਗਹਿਰਾ ਜਜ਼ਬਾ ਸੀ ਅਤੇ ਉਨ੍ਹਾਂ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਸਿੱਜਦਾ ਕਰਨ ਲਈ ਉਹ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੇ ਨਸ਼ਿਆਂ ਵਿਰੁੱਧ ਅਜਿਹੀ ਮੁਹਿੰਮ ਦੀ ਬੀਜ ਲਗਾਇਆ ਹੈ, ਜਿਸ ਨੂੰ ਪੂਰਾ ਪੰਜਾਬ ਇਕੱਠਾ ਹੋ ਕੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਨਹੀਂ ਵਧਾ ਸਕਿਆ ਸੀ। 

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਵਿਰੁੱਧ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁੱਖ਼ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਵੀ ਇਕ ਗੰਭੀਰ ਸਵਾਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੇ ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਤੇ ਇਸ ਮੁਹਿੰਮ ਦਾ ਮਕਸਦ ਕਿਸੇ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਪੰਜਾਬ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣਾ ਸੀ ਪਰ ਇਸ ਲੜਾਈ 'ਚ ਪਰਵਿੰਦਰ ਨੂੰ ਆਪਣੀ ਸ਼ਹਾਦਤ ਦੇਣੀ ਪਈ। 

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼, ਪਨਬੱਸ/PRTC ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਖ਼ਤਮ! ਬੱਸ ਸਰਵਿਸ ਮੁੜ ਬਹਾਲ

ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ 'ਚ ਅੱਜ ਚਿੰਤਾਜਨਕ ਹਾਲਾਤ ਹਨ। ਕਿਤੇ ਕੋਈ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਰਿਹਾ ਹੈ, ਕਿਤੇ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਨੂੰ ਜਾਨੋਂ ਹੱਥ ਧੋਣੇ ਪੈ ਰਹੇ ਹਨ ਅਤੇ ਕਿਤੇ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ, ਸਾਡੀਆਂ ਨਸਲਾਂ ਅਤੇ ਸੂਬੇ ਦਾ ਭਵਿੱਖ ਖ਼ਤਰੇ 'ਚ ਹੈ ਪਰ ਭਗਵੰਤ ਮਾਨ ਸਰਕਾਰ ਇਨ੍ਹਾਂ ਗੰਭੀਰ ਮਸਲਿਆਂ ਨੂੰ ਹੱਲ ਕਰਨ ਵਿੱਚ ਨਾਕਾਮ ਵਿਖਾਈ ਦੇ ਰਹੀ ਹੈ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਵੱਲੋਂ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਨੂੰ ਉਠਾਉਣ ਦੀ ਬਜਾਏ ਹਵਾਈ ਅੱਡੇ 'ਤੇ ਰੋਕੇ ਜਾਣ ਦੇ ਆਪਣੇ ਮਾਮਲੇ ਦਾ ਜ਼ਿਕਰ ਕਰਨ 'ਤੇ ਸਵਾਲ ਉਠਾਉਂਦਿਆਂ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਦਰਦ ਦੀ ਫਿਕਰ ਨਹੀਂ ਹੈ ਪਰ ਮੁੱਖ ਮੰਤਰੀ ਇਸ ਲਈ ਫਿਕਰ ਕਰ ਰਿਹਾ ਹੈ ਕਿ ਉਸ ਨੂੰ ਹਵਾਈ ਅੱਡੇ 'ਤੇ ਜਾਂਚ ਲਈ ਕਿਉਂ ਰੋਕਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇ ਮੰਤਰੀ ਲੋਕਾਂ ਦੇ ਦੁੱਖ਼-ਦਰਦ ਸੁਣਨ ਲਈ ਉਨ੍ਹਾਂ ਤੱਕ ਪਹੁੰਚ ਹੀ ਨਹੀਂ ਕਰਦੇ, ਤਾਂ ਇਹ ਲੋਕਤੰਤਰੀ ਜਵਾਬਦੇਹੀ ’ਤੇ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਕਿਸਤਾਨ ਵਰਗੇ ਹਾਲਾਤ ਬਣੇ ਹੋਏ ਹਨ। 

ਉਨ੍ਹਾਂ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਦਾ ਕੋਈ ਮੰਤਰੀ ਗੱਲ ਕਰਨ ਲਈ ਅੱਗੇ ਨਹੀਂ ਆਇਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਅਣਖ, ਜਜ਼ਬੇ ਅਤੇ ਸੰਘਰਸ਼ ਦੀ ਕਦਰ ਦਿੱਲੀ ਤੋਂ ਆ ਕੇ ਪੰਜਾਬ ਚਲਾਉਣ ਵਾਲੇ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹਰ ਪਾਸੇ ਮਾਰਾ-ਮਾਰੀ ਦਾ ਮਾਹੌਲ ਹੈ, ਨੌਜਵਾਨਾਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਮੰਡੀਆਂ 'ਚ ਰੁਲ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਅਤੇ ਪੰਜਾਬ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢੇ। 

ਇਹ ਵੀ ਪੜ੍ਹੋ: ਕਰੋੜਾਂ ਦੇ ਪਟਾਕੇ ਖ਼ਰੀਦ ਚੁੱਕੇ ਜਲੰਧਰ ਦੇ ਪਟਾਕਾ ਕਾਰੋਬਾਰੀਆਂ ਦੀ ਵਧੀ ਚਿੰਤਾ! ਜਾਰੀ ਹੋਏ ਨਵੇਂ ਹੁਕਮ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਆਵਾਜ਼ ਸੁਣਨਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਬਚਾਉਣ ਲਈ ਅੱਗੇ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਨੂੰ ਸ਼ਰਧਾਂਜਲੀ ਦੇਣ ਦਾ ਅਸਲ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਾ ਹੈ।  ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟੇ ਦੇ ਪਿਤਾ ਅਤੇ ਪਤਨੀ ਵੱਲੋਂ ਇਸ ਅਸਹਿ ਦੁੱਖ਼ ਵਿਚ ਵੀ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ ਲੜੀ ਜਾ ਰਹੀ ਇਸ ਲੜਾਈ ਵਿਚ ਉਨ੍ਹਾਂ ਨੁੰ ਸਿਜਦਾ ਕੀਤਾ ਅਤੇ ਕਿਹਾ ਕਿ ਉਹ ਪਰਿਵਾਰ ਨਾਲ ਡੱਟ ਕੇ ਖੜ੍ਹੇ ਹਨ। ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਪਾਰਟੀ ਦੇ ਵਿਧਾਇਕ ਤਾਂ ਬੰਧੂਆਂ ਮਜਦੂਰ ਹੋ ਸਕਦੇ ਹਨ ਪਰ ਪੰਜਾਬ ਬੰਧੂਆ ਮਜਦੂਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਭ ਕੁਝ ਵੇਖ ਰਿਹਾ ਹੈ ਅਤੇ ਇਸ ਦਾ ਸਮਾਂ ਆਉਣ ਤੇ ਹਿਸਾਬ ਵੀ ਕਰੇਗਾ। ਇਸ ਮੌਕੇ ਜਗਦੀਪ ਸਿੰਘ ਨਕੱਈ, ਮੁਨੀਸ਼ ਬੱਬੀ ਦਾਨੇਵਾਲੀਆ, ਪਰਮਜੀਤ ਸਿਘ ਫੱਤਾ, ਲੱਖਾ ਸਿਧਾਣਾ, ਮਾਨਿਕ ਗੋਇਲ, ਧੰਨਾ ਮੱਲ ਗੌਇਲ, ਸਮੀਰ ਛਾਬੜਾ, ਗੁਰਮੇਲ ਠੇਕੇਦਾਰ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਨਸ਼ੇ ਖ਼ਿਲਾਫ਼ ਜਲੰਧਰ ਦੇ CP ਸਤਿੰਦਰ ਸਿੰਘ ਦੀ ਸਖ਼ਤੀ! ਜਾਰੀ ਕੀਤੀਆਂ ਹਦਾਇਤਾਂ, ਹੌਟਸਪਾਟਸ 'ਤੇ....

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News