ਖੇਡ ਵਿਭਾਗ ਰੱਦ ਨਹੀਂ ਕਰੇਗਾ ਸਰਕਲ ਸਟਾਈਲ ਕਬੱਡੀ ਦੀ ਮਾਨਤਾ : ਖੇਡ ਮੰਤਰੀ

04/26/2018 2:06:21 PM

ਲੁਧਿਆਣਾ (ਵਿੱਕੀ)- ਪੰਜਾਬ ਸਰਕਾਰ ਵਲੋਂ ਸਰਕਲ ਸਟਾਈਲ ਕਬੱਡੀ ਖੇਡ ਦੀ ਮਾਨਤਾ ਖਤਮ ਕਰਨ ਸਬੰਧੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋਂ ਜਾਰੀ ਬਿਆਨ ਨੂੰ ਭੜਕਾਉ ਦੱਸਦੇ ਹੋਏ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵਲੋਂ ਸਰਕਲ ਸਟਾਈਲ ਕਬੱਡੀ ਦੀ ਕੋਈ ਮਾਨਤਾ ਰੱਦ ਨਹੀਂ ਕੀਤੀ ਜਾ ਰਹੀ। ਸੋਢੀ ਨੇ ਕਿਹਾ ਇਹ ਖੇਡ ਦੂਜੀਆਂ ਖੇਡਾਂ ਦੀ ਤਰ੍ਹਾਂ ਵਿਭਾਗ ਦੀ ਮਾਨਤਾ ਪ੍ਰਾਪਤ ਅਤੇ ਗ੍ਰੇਡੇਸ਼ਨ ਸੂਚੀ ਵਾਲੇ ਖੇਡਾਂ 'ਚ ਸ਼ਾਮਲ ਹੈ। ਸਰਕਲ ਸਟਾਈਲ ਕਬੱਡੀ ਦੀ ਮਾਨਤਾ ਤੇ ਗ੍ਰੇਡੇਸ਼ਨ ਪਹਿਲਾਂ ਵਾਂਗ ਹੀ ਬਰਕਰਾਰ ਰਹੇਗੀ ਤੇ ਸਕੂਲ ਅਤੇ ਓਪਨ ਪੱਧਰ 'ਤੇ ਇਸਦੇ ਜ਼ਿਲਾ ਤੇ ਸੂਬਾ ਪੱਧਰੀ ਟੂਰਨਾਮੈਂਟ ਹੀ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਮਲੂਕਾ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।
ਸਾਬਕਾ ਸਰਕਾਰ ਦਾ ਆਪਣਾ ਈਵੈਂਟ ਸੀ ਵਰਲਡ ਕਬੱਡੀ ਕੱਪ 
ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਇਹ ਕਿਹਾ ਸੀ ਕਿ ਕਬੱਡੀ ਵਿਸ਼ਵ ਕੱਪ ਫਿਰ ਸ਼ੁਰੂ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਸਿਰਫ ਸਾਬਕਾ ਸਰਕਾਰ ਦਾ ਆਪਣਾ ਈਵੈਂਟ ਸੀ ਨਾ ਕਿ ਖੇਡ ਕੈਲੰਡਰ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਖੇਡ ਕੈਲੰਡਰ ਦਾ ਹਿੱਸਾ ਖੇਡ ਦੀ ਮਾਨਤਾ ਅਤੇ ਟੂਰਨਾਮੈਂਟ ਕੋਈ ਵੀ ਪ੍ਰਭਾਵਿਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਖਿਡਾਰੀ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੂਰਾ ਪਰਿਵਾਰ ਖੇਡ ਨਾਲ ਜੁੜਿਆ ਹੈ, ਜਿਸ ਕਾਰਨ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਿਸੇ ਵੀ ਖੇਡ ਜਾਂ ਖਿਡਾਰੀ ਦੇ ਨਾਲ ਕੋਈ ਭੇਦਭਾਵ ਕੀਤਾ ਜਾਵੇਗਾ।
ਪਟਿਆਲਾ 'ਚ ਬਣਾਈ ਜਾਵੇਗੀ ਸੂਬਾ ਦੀ ਪਹਿਲੀ ਖੇਡ ਯੂਨੀਵਰਸਿਟੀ 
ਰਾਣਾ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਪਹਿਲਾਂ ਹੀ ਪਟਿਆਲਾ ਵਿਚ ਸੂਬਾ ਦੀ ਪਹਿਲੀ ਖੇਡ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਸਦੀ ਸਥਾਪਨਾ ਨਾਲ ਸੂਬੇ 'ਚ ਖੇਡਾਂ ਹੋਰ ਵਿਕਸਿਤ ਹੋਣਗੀਆਂ। ਉਨ੍ਹਾਂ ਨੇ ਮੁੱਖ ਮੰਤਰੀ ਵਲੋਂ ਹਿੰਦ-ਪਾਕ ਪੰਜਾਬ ਖੇਡਾਂ ਫਿਰ ਤੋਂ ਸ਼ੁਰੂ ਕਰਨ ਦੇ ਫੈਸਲੇ ਦਾ ਵੀ ਸਵਾਗਤ ਕੀਤਾ।


Related News