ਕਾਂਗਰਸੀ ਨੇਤਾ ਕਹਾਉਣ ਵਾਲੇ ਦੇ ਭਰਾ ਤੋਂ 165 ਪੇਟੀਆਂ ਸ਼ਰਾਬ ਬਰਾਮਦ

Wednesday, Jul 24, 2019 - 10:45 AM (IST)

ਕਾਂਗਰਸੀ ਨੇਤਾ ਕਹਾਉਣ ਵਾਲੇ ਦੇ ਭਰਾ ਤੋਂ 165 ਪੇਟੀਆਂ ਸ਼ਰਾਬ ਬਰਾਮਦ

ਜਲੰਧਰ (ਵਰੁਣ) : ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਛਾਉਣੀ ਇਲਾਕੇ 'ਚ ਆਪਣੇ-ਆਪ ਨੂੰ ਕਾਂਗਰਸੀ ਨੇਤਾ ਦਾ ਭਰਾ ਕਹਿਣ ਵਾਲੇ ਵਿਅਕਤੀ ਦੇ ਭਰਾ ਨੂੰ ਚੰਡੀਗੜ੍ਹ ਦੀ 165 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਰਿਸ਼ੀ ਰਾਜ ਨੂੰ ਪਹਿਲਾਂ ਨਾਕੇ ਤੋਂ 3 ਪੇਟੀਆਂ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਸੀ ਪਰ ਬਾਅਦ 'ਚ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਰਿਸ਼ਤੇਦਾਰ ਦੇ ਘਰੋਂ ਬਾਕੀ ਪੇਟੀਆਂ ਬਰਾਮਦ ਕੀਤੀਆਂ ਗਈਆਂ।
ਏ. ਸੀ. ਪੀ. ਕ੍ਰਾਈਮ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਰੇਲਵੇ ਫਾਟਕ ਚੌਕ ਫੋਲੜੀਵਾਲ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਐਕਟਿਵਾ ਸਵਾਰ ਨੌਜਵਾਨ ਨੂੰ ਰੋਕਿਆ ਗਿਆ ਤਾਂ ਐਕਟਿਵਾ ਦੇ ਅੱਗੇ ਰੱਖੇ ਬੋਰੇ 'ਚੋਂ 3 ਪੇਟੀਆਂ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਰਿਸ਼ੀ ਰਾਜ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਨੰ. 30 ਜਲੰਧਰ ਕੈਂਟ ਵਜੋਂ ਹੋਈ ਹੈ। ਪੁਲਸ ਨੇ ਉਸ ਦੇ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਸ਼ਰਾਬ ਦੀ ਖੇਪ ਧੀਣਾ ਦੇ ਅਮਨ ਐਨਕਲੇਵ ਵਿਖੇ ਆਪਣੇ ਕਿਸੇ ਰਿਸ਼ਤੇਦਾਰ ਦੀ ਕੋਠੀ ਵਿਚ ਲੁਕੋ ਕੇ ਰੱਖੀ ਹੈ।

ਪੁਲਸ ਨੇ ਰਿਸ਼ੀ ਰਾਜ ਨੂੰ ਨਾਲ ਲੈ ਕੇ ਕੋਠੀ ਵਿਚ ਰੇਡ ਕੀਤੀ ਤਾਂ ਅੰਦਰੋਂ 162 ਪੇਟੀ ਸ਼ਰਾਬ ਹੋਰ ਮਿਲੀ। ਸਾਰੀ ਸ਼ਰਾਬ ਚੰਡੀਗੜ੍ਹ ਦੀ ਸੀ। ਪੁਲਸ ਨੇ ਰਿਸ਼ੀ ਰਾਜ ਖਿਲਾਫ ਐਕਸਾਈਜ਼ ਐਕਟ ਅਧੀਨ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਰਿਸ਼ੀ ਰਾਜ ਕਾਫੀ ਸਮੇਂ ਤੋਂ ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਣ ਦਾ ਕੰਮ ਕਰ ਰਿਹਾ ਸੀ। ਉਸ ਦੇ ਖਿਲਾਫ ਲੜਾਈ-ਝਗੜਾ ਅਤੇ ਐਕਸਾਈਜ਼ ਐਕਟ ਦਾ ਕੇਸ ਪਹਿਲਾਂ ਵੀ ਦਰਜ ਹੈ।
 


author

Babita

Content Editor

Related News