ਗਾਂਧੀ ਜਯੰਤੀ 'ਤੇ ਵਿਸ਼ੇਸ਼ : ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਸਫਰ 'ਤੇ ਇਕ ਝਾਤ

Friday, Oct 02, 2020 - 01:03 PM (IST)

ਨਵੀਂ ਦਿੱਲੀ/ਜਲੰਧਰ : ਅਕਤੂਬਰ ਦਾ ਦਿਨ ਭਾਰਤ ਦੇ ਇਤਿਹਾਸ 'ਚ ਇਕ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਹੋਇਆ ਸੀ। ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ 'ਚ ਹੋਇਆ ਸੀ। ਮਹਾਤਮਾ ਗਾਂਧੀ ਜੀ ਦਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਹੈ। ਗਾਂਧੀ ਜੀ ਨੇ ਸੱਤਿਆ ਅਤੇ ਅਹਿੰਸਾ ਨੂੰ ਆਪਣਾ ਇਕ ਅਚੂਕ ਹਥਿਆਰ ਬਣਾਇਆ, ਜਿਸ ਦੇ ਅੱਗੇ ਤਾਕਤਵਰ ਬ੍ਰਿਟਿਸ਼ ਸਮਰਾਜ ਨੂੰ ਵੀ ਗੋਡੇ ਟੇਕਣੇ ਪਏ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮਚੰਦ ਗਾਂਧੀ ਅਤੇ ਮਾਂ ਦਾ ਨਾਂ ਪੁਤਲੀਬਾਈ ਸੀ। ਮਹਾਤਮਾ ਗਾਂਧੀ ਜੀ ਬਾਰੇ ਦੱਸਿਆ ਜਾਂਦਾ ਹੈ ਕਿ ਛੋਟੀ ਉਮਰ 'ਚ ਉਨ੍ਹਾਂ ਦੀ ਜ਼ਿੰਦਗੀ 'ਤੇ ਪਰਿਵਾਰ ਅਤੇ ਮਾਂ ਦੇ ਧਾਰਮਿਕ ਵਿਚਾਰਾਂ ਦਾ ਡੂੰਘਾ ਅਸਰ ਪਿਆ ਸੀ। 

ਸ਼ੁਰੂਆਤੀ ਪੜ੍ਹਾਈ ਅਤੇ ਵਿਆਹ 
ਮੋਹਨਦਾਸ ਦੀ ਸ਼ੁਰੂਆਤੀ ਪੜ੍ਹਾਈ-ਲਿਖਾਈ ਸਥਾਨਕ ਸਕੂਲਾਂ 'ਚ ਹੋਈ। ਉਹ ਰਾਜਕੋਟ ਸਥਿਤ ਅਲਬਰਟ ਹਾਈ ਸਕੂਲ 'ਚ ਵੀ ਪੜ੍ਹੇ। ਸਾਲ 1883 'ਚ ਕਰੀਬ 13 ਸਾਲ ਦੀ ਉਮਰ ਵਿਚ 6 ਮਹੀਨੇ ਵੱਡੀ ਕਸਤੂਰਬਾਈ ਮਕਨਜੀ ਨਾਲ ਉਨ੍ਹਾਂ ਦਾ ਵਿਆਹ ਹੋਇਆ। ਉਨ੍ਹਾਂ ਦੀ ਪਤਨੀ ਦਾ ਬਾਅਦ ਵਿਚ ਨਾਂ ਛੋਟਾ ਕਰ ਦਿੱਤਾ ਗਿਆ, ਕਸਤੂਰਬਾ ਕਿਹਾ ਜਾਣ ਲੱਗਾ। ਮੋਹਨਦਾਸ ਅਤੇ ਕਸਤੂਰਬਾ ਦੇ 4 ਔਲਾਦਾਂ ਹੋਈਆਂ ਜੋ ਕਿ ਸਾਰੇ ਪੁੱਤਰ ਸਨ। ਹਰੀਲਾਲ ਗਾਂਧੀ, ਮਣੀਲਾਲ ਗਾਂਧੀ, ਰਾਮਦਾਸ ਗਾਂਧੀ ਅਤੇ ਦੇਵਦਾਸ ਗਾਂਧੀ। 

ਵਕਾਲਤ ਦੀ ਪੜ੍ਹਾਈ ਲਈ ਗਏ ਲੰਡਨ 
ਸਥਾਨਕ ਸਕੂਲਾਂ 'ਚ ਪੜ੍ਹਾਈ ਕਰਨ ਤੋਂ ਬਾਅਦ ਸਾਲ 1888 'ਚ ਗਾਂਧੀ ਜੀ ਵਕਾਲਤ ਦੀ ਪੜ੍ਹਾਈ ਕਰਨ ਲਈ ਲੰਡਨ ਗਏ। ਜੂਨ 1891 'ਚ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਪੂਰੀ ਕਰ ਲਈ ਅਤੇ ਫਿਰ ਦੇਸ਼ ਵਾਪਸ ਆ ਗਏ। 

PunjabKesari

ਮੋਹਨਦਾਸ ਤੋਂ ਮਹਾਤਮਾ ਗਾਂਧੀ ਬਣਨ ਦੀ ਘਟਨਾ 
ਗਾਂਧੀ ਦੇ ਅਫਰੀਕਾ ਦੌਰੇ ਨੇ ਉਨ੍ਹਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਗਾਂਧੀ ਜੀ ਨੇ ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਦੇ ਅਧਿਕਾਰਾਂ ਅਤੇ ਬ੍ਰਿਟਿਸ਼ ਸ਼ਾਸਕਾਂ ਦੀ ਰੰਗ-ਭੇਦ ਦੀ ਨੀਤੀ ਵਿਰੁੱਧ ਅੰਦੋਲਨ ਕੀਤੇ। ਦੱਖਣੀ ਅਫਰੀਕਾ 'ਚ ਉਨ੍ਹਾਂ ਦੇ ਸਮਾਜਿਕ ਕੰਮਾਂ ਦੀ ਗੂੰਜ ਭਾਰਤ ਤਕ ਪਹੁੰਚ ਚੁੱਕੀ ਸੀ। 1915 'ਚ ਭਾਰਤ ਵਾਪਸ ਆਉਣ ਤੋਂ ਬਾਅਦ ਗਾਂਧੀ ਜੀ ਨੇ ਗੁਜਰਾਤ ਦੇ ਅਹਿਮਦਾਬਾਦ 'ਚ ਸੱਤਿਆਗ੍ਰਹਿ ਆਸ਼ਰਮ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਲੱਗਦਾ ਸੀ। ਆਪਣੀ ਆਦਤ ਮੁਤਾਬਕ ਗਾਂਧੀ ਨੇ ਖੁਦ ਹੀ ਸਫਾਈ ਦਾ ਕੰਮ ਆਪਣੇ ਹੱਥਾਂ 'ਚ ਲਿਆ ਸੀ। 

ਚੰਪਾਰਣ ਅੰਦੋਲਨ 
ਭਾਰਤ ਆਉਣ ਤੋਂ ਬਾਅਦ ਗਾਂਧੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੇ ਜਨਤਕ ਪ੍ਰੋਗਰਾਮਾਂ 'ਚ ਸ਼ਾਮਲ ਹੋਣਾ ਸ਼ੁਰੂ ਕੀਤਾ। ਭਾਰਤ 'ਚ ਉਨ੍ਹਾਂ ਨੇ ਪਹਿਲੀ ਮਹੱਤਵਪੂਰਨ ਸਿਆਸੀ ਕਾਰਵਾਈ 1917 'ਚ ਬਿਹਾਰ ਦੇ ਚੰਪਾਰਣ ਤੋਂ ਨੀਲ ਅੰਦੋਲਨ ਦੀ ਸ਼ੁਰੂਆਤ ਤੋਂ ਕੀਤੀ। ਨੀਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗਾਂਧੀ ਨੇ ਦੁੱਖ ਭਰੇ ਬ੍ਰਿਟਿਸ਼ ਕਾਨੂੰਨ ਤੋਂ ਮੁਕਤੀ ਦਿਵਾਈ। 1919 'ਚ ਜਲਿਆਂਵਾਲਾ ਬਾਗ 'ਚ ਹਜ਼ਾਰਾਂ ਨਿਹੱਥੇ ਭਾਰਤੀ ਦਾ ਕਤਲੇਆਮ ਹੋਇਆ। ਦੇਸ਼ ਨੂੰ ਵੱਡਾ ਦੁੱਖ ਪਹੁੰਚਿਆ, ਜਿਸ ਨਾਲ ਜਨਤਾ ਵਿਚ ਗੁੱਸਾ ਅਤੇ ਹਿੰਸਾ ਦੀ ਅੱਗ ਭੜਕ ਉਠੀ। ਗਾਂਧੀ ਜੀ ਨੂੰ ਇਸ ਦਾ ਡੂੰਘਾ ਦੁੱਖ ਪਹੁੰਚਿਆ, ਇਸ ਲਈ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੇ ਰੌਲਟ ਐਕਟ ਵਿਰੁੱਧ 'ਸਵਿਨਯ ਅਵਗਿਆ ਅੰਦੋਲਨ' ਦੀ ਸ਼ੁਰੂਆਤ ਕੀਤੀ। 

PunjabKesari

ਨਮਕ ਸੱਤਿਆਗ੍ਰਹਿ 
ਸਤੰਬਰ 1924 ਵਿਚ ਗਾਂਧੀ ਨੇ ਹਿੰਦੂ-ਮੁਸਲਿਮ ਏਕਤਾ ਲਈ 21 ਦਿਨ ਦਾ ਵਰਤ ਰੱਖਿਆ ਸੀ। ਸਾਲ 1930 'ਚ ਗਾਂਧੀ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਯਾਤਰਾ ਦਾਂਡੀ ਮਾਰਚ ਸ਼ੁਰੂ ਕੀਤੀ। 'ਨਮਕ ਸੱਤਿਆਗ੍ਰਹਿ' ਨਾਂ ਤੋਂ ਮਸ਼ਹੂਰ ਗਾਂਧੀ ਜੀ ਦੀ ਕਰੀਬ 200 ਮੀਲ ਲੰਬੀ ਇਸ ਯਾਤਰਾ ਤੋਂ ਬਾਅਦ ਉਨ੍ਹਾਂ ਨੇ ਨਮਕ ਨਾ ਬਣਾਉਣ ਦੇ ਬ੍ਰਿਟਿਸ਼ ਕਾਨੂੰਨ ਨੂੰ ਤੋੜਿਆ ਸੀ। 

ਭਾਰਤ ਛੱਡੋ ਅੰਦੋਲਨ 
ਗਾਂਧੀ ਨੇ 1942 'ਚ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਅੰਦੋਲਨ ਚਲਾਇਆ। ਇਹ ਅੰਦੋਲਨ ਬ੍ਰਿਟਿਸ਼ ਹਕੂਮਤ ਦੇ ਤਾਬੂਤ ਵਿਚ ਆਖਰੀ ਕਿੱਲ ਸਾਬਤ ਹੋਇਆ। 15 ਅਗਸਤ 1947 ਨੂੰ ਹਿੰਦੁਸਤਾਨ ਆਜ਼ਾਦ ਹੋ ਗਿਆ। ਹਾਲਾਂਕਿ ਆਜ਼ਾਦੀ ਦੇ ਨਾਲ ਹੀ ਦੇਸ਼, ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ 'ਚ ਵੰਡਿਆ ਗਿਆ। 30 ਜਨਵਰੀ 1948 ਨੂੰ ਇਕ ਹਿੰਦੂ ਕਟੜਪੰਥੀ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।


Anuradha

Content Editor

Related News