ਸਪੈਸ਼ਲ ਲੇਬਰ ਟਰੇਨ 1200 ਯਾਤਰੀ ਲੈ ਕੇ ਪ੍ਰਯਾਗਰਾਜ ਲਈ ਰਵਾਨਾ

Tuesday, May 05, 2020 - 11:33 PM (IST)

ਸਪੈਸ਼ਲ ਲੇਬਰ ਟਰੇਨ 1200 ਯਾਤਰੀ ਲੈ ਕੇ ਪ੍ਰਯਾਗਰਾਜ ਲਈ ਰਵਾਨਾ

ਲੁਧਿਆਣਾ, (ਗੌਤਮ)— ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੌਰਾਨ ਫਸੇ ਹੋਏ ਪ੍ਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਲਈ ਰੇਲ ਵਿਭਾਗ ਵੱਲੋਂ ਪਹਿਲੀ ਸਪੈਸ਼ਲ ਲੇਬਰ ਟਰੇਨ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਾਤ 9 ਵਜੇ ਰਵਾਨਾ ਕੀਤੀ ਗਈ।

ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਦੂਜੇ ਰਾਜ ਦੀ ਸਰਕਾਰ ਨਾਲ ਤਾਲਮੇਲ ਬਿਠਾ ਕੇ ਕੇਂਦਰ ਸਰਕਾਰ ਨੂੰ ਟਰੇਨ ਚਲਾਉਣ ਦੀ ਬੇਨਤੀ ਕੀਤੀ ਸੀ, ਜਿਸ 'ਤੇ ਸਥਾਨਕ ਪ੍ਰਸ਼ਾਸਨ ਨੇ ਇਸ ਸਬੰਧੀ ਆਨਲਾਈਨ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਕੀਤੀ ਤੇ ਰੇਲ ਵਿਭਾਗ ਨੂੰ ਪ੍ਰਯਾਗਰਾਜ ਲਈ ਟਰੇਨ ਭੇਜਣ ਦੀ ਬੇਨਤੀ ਕੀਤੀ। ਜਾਣਕਾਰੀ ਮੁਤਾਬਕ ਪਹਿਲੀ ਟਰੇਨ ਵਿਚ ਕਰੀਬ 1200 ਯਾਤਰੀ ਭੇਜੇ ਗਏ ਹਨ। ਇਸ ਤੋਂ ਬਾਅਦ ਕਰੀਬ 15 ਟਰੇਨਾਂ ਰਾਹੀਂ ਯਾਤਰੀ ਭੇਜੇ ਜਾਣਗੇ। ਅਧਿਕਾਰੀਆਂ ਮੁਤਾਬਕ ਮੰਗਲਵਾਰ ਰਾਤ ਨੂੰ 9 ਵਜੇ ਪ੍ਰਯਾਗਰਾਜ ਲਈ ਬੁੱਧਵਾਰ ਨੂੰ ਝਾਰਖੰਡ ਲਈ 12 ਵਜੇ, ਸ਼ਾਮ ਨੂੰ 4 ਵਜੇ ਕਟਨੀ ਮੱਧ ਪ੍ਰਦੇਸ਼ ਲਈ ਅਤੇ ਰਾਤ ਨੂੰ 8 ਵਜੇ ਬਰੇਲੀ ਲਈ ਟਰੇਨ ਰਵਾਨਾ ਕੀਤੀ ਜਾਵੇਗੀ। ਹਰ ਟਰੇਨ ਦੇ 22 ਡੱਬੇ ਲਗਾਏ ਜਾ ਰਹੇ ਹਨ ਅਤੇ ਹਰ ਕੋਚ ਵਿਚ ਸਿਰਫ 52 ਯਾਤਰੀ ਬਿਠਾਏ ਜਾਣਗੇ। ਵੱਖ-ਵੱਖ ਲੋਕੇਸ਼ਨਾਂ ਲਈ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ। ਗੌਰ ਹੋਵੇ ਕਿ ਰੇਲ ਵਿਭਾਗ ਵੱਲੋਂ ਟਰੇਨ ਚਲਾਉਣ ਸਬੰਧੀ ਪ੍ਰਬੰਧ ਪਹਿਲਾਂ ਦੀ ਮੁਕੰਮਲ ਕੀਤੇ ਜਾ ਰਹੇ ਸਨ, ਜਿਸ ਦੇ ਚਲਦੇ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ। ਸਟੇਸ਼ਨ ਦੇ ਸਾਰੇ ਮੇਨ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਕਿ ਕੋਈ ਵੀ ਯਾਤਰੀ ਤੋਂ ਬਿਨਾਂ ਹੋਰ ਲੋਕ ਅੰਦਰ ਨਾ ਜਾ ਸਕਣ। ਇਥੋਂ ਤਕ ਕਿ ਮੀਡੀਆ ਨੂੰ ਵੀ ਸਟੇਸ਼ਨ 'ਤੇ ਨਹੀਂ ਜਾਣ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਦੇ ਨਾਲ ਚੱਲਣ ਵਾਲੇ ਸਟਾਫ ਨੂੰ ਵੀ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ। ਸਟਾਫ ਦੀ ਵੀ ਮੈਡੀਕਲ ਜਾਂਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਦੇ ਨਾਲ ਵੀ ਇਕ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ।

ਦੁਪਹਿਰ ਤਕ 5 ਲੱਖ 10 ਹਜ਼ਾਰ ਯਾਤਰੀਆਂ ਨੇ ਕਰਵਾਈ ਰਜਿਸਟ੍ਰੇਸ਼ਨ
ਡੀ. ਸੀ. ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਬਾਅਦ ਦੁਪਹਿਰ ਤਕ ਕਰੀਬ 5 ਲੱਖ 10 ਹਜ਼ਾਰ ਵਿਅਕਤੀਆਂ ਨੇ ਰਜਿਸਟ੍ਰੇਸ਼ਨ ਲਈ ਆਨਲਾਈਨ ਅਪਲਾਈ ਕੀਤਾ। ਲੋਕਾਂ ਨੂੰ ਮੋਬਾਇਲ ਰਾਹੀਂ ਹੀ ਸੁਨੇਹੇ ਭੇਜੇ ਗਏ ਅਤੇ ਮੈਡੀਕਲ ਜਾਂਚ ਤੋਂ ਬਾਅਦ ਹੀ ਟਰੇਨ ਵਿਚ ਸਵਾਰ ਹੋਣ ਦੀ ਆਗਿਆ ਦਿੱਤੀ ਜਾ ਰਹੀ ਹੈ। ਕਿਸੇ ਵੀ ਯਾਤਰੀ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ਰਵਾਨਾ ਨਹੀਂ ਕੀਤਾ ਜਾ ਰਿਹਾ। ਇਸ ਦੇ ਲਈ ਸਖਤ ਨਿਰਦੇਸ਼ ਦਿੱਤੇ ਗਏ ਹਨ।
 


author

KamalJeet Singh

Content Editor

Related News