ਬਹਿਬਲ ਕਾਂਡ: ''ਜਾਂਚ ਟੀਮ ਮਾਮਲੇ ਦੀ ਸੁਣਵਾਈ ਜਾਣ-ਬੁੱਝ ਕੇ ਲਮਕਾ ਰਹੀ ਹੈ''

Thursday, Oct 31, 2019 - 01:52 PM (IST)

ਬਹਿਬਲ ਕਾਂਡ: ''ਜਾਂਚ ਟੀਮ ਮਾਮਲੇ ਦੀ ਸੁਣਵਾਈ ਜਾਣ-ਬੁੱਝ ਕੇ ਲਮਕਾ ਰਹੀ ਹੈ''

ਫਰੀਦਕੋਟ (ਜਗਦੀਸ਼) – ਬਹਿਬਲ ਕਾਂਡ 'ਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੇ ਇੱਥੋਂ ਦੇ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਦਾਲਤ 'ਚ ਦਾਅਵਾ ਕੀਤਾ ਕਿ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਸੁਣਵਾਈ ਜਾਣ-ਬੁੱਝ ਕੇ ਲਮਕਾ ਰਹੀ ਹੈ। ਸਾਜਿਸ਼ ਦੇ ਤਹਿਤ ਮਾਮਲੇ ਦੀ ਜਾਂਚ ਦੇ ਕੁਝ ਤੱਥਾਂ ਨੂੰ ਛੁਪਾਇਆ ਜਾ ਰਿਹਾ ਹੈ । ਚਰਨਜੀਤ ਸ਼ਰਮਾ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਅਦਾਲਤ 'ਚ ਪੇਸ਼ ਕੀਤੀ ਚਾਰਜਸ਼ੀਟ 'ਚ ਕੁਝ ਗਵਾਹਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਦੇ ਜਾਂਚ ਟੀਮ ਨੇ ਪੜਤਾਲ ਦੌਰਾਨ ਬਿਆਨ ਲਿਖੇ ਸਨ। ਜਾਂਚ ਟੀਮ ਨੇ ਉਕਤ ਬਿਆਨ ਚਾਰਜਸ਼ੀਟ ਨਾਲ ਨੱਥੀ ਨਹੀਂ ਕੀਤੇ ਅਤੇ ਨਾ ਹੀ ਇਸ ਦੀਆਂ ਨਕਲਾਂ ਕਾਨੂੰਨ ਮੁਤਾਬਕ ਉਸ ਨੂੰ ਦਿੱਤੀਆਂ ਹਨ।

ਚਰਨਜੀਤ ਸ਼ਰਮਾ ਦੇ ਵਕੀਲ ਕੁਲਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਦੋਸ਼ ਆਇਦ ਕਰਨ ਦੇ ਮੁੱਦੇ 'ਤੇ ਬਹਿਸ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਚਾਰਜਸ਼ੀਟ ਵਿਚ ਦਰਜ ਗਵਾਹਾਂ ਦੇ ਬਿਆਨ ਦੀਆਂ ਨਕਲਾਂ ਮੁਹੱਈਆ ਕਰਵਾਈਆਂ ਜਾਣ। ਜ਼ਿਲਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਜਾਂਚ ਟੀਮ ਦੇ ਹੱਕ ਵਿਚ ਬਹਿਸ ਕਰਦਿਆਂ ਕਿਹਾ ਕਿ ਚਾਰਜਸ਼ੀਟ ਵਿਚ ਦਰਜ ਕੀਤੇ ਗਏ ਦਸਤਾਵੇਜ਼ਾਂ ਦੀ ਇਕ ਨਕਲ ਪਹਿਲਾਂ ਹੀ ਚਰਨਜੀਤ ਸ਼ਰਮਾ ਨੂੰ ਮੁਹੱਈਆ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨੇ ਨਿਰਪੱਖ ਤਰੀਕੇ ਨਾਲ ਪੜਤਾਲ ਕਰ ਕੇ ਮੁਕੰਮਲ ਰਿਪੋਟ ਅਦਾਲਤ ਵਿਚ ਪੇਸ਼ ਕੀਤੀ ਹੈ । ਅਦਾਲਤ ਨੇ ਬਹਿਸ ਤੋਂ ਬਾਅਦ 5 ਨਵੰਬਰ ਤਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਉਸ ਦਿਨ ਇਸ ਮਾਮਲੇ 'ਚ ਅਦਾਲਤ ਦਾ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ ।


author

rajwinder kaur

Content Editor

Related News