''ਜ਼ਿਲੇ ''ਚ 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਜਾਰੀ''
Thursday, Jul 13, 2017 - 06:20 PM (IST)

ਤਰਨਤਾਰਨ - ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ 'ਚ 18 ਤੋਂ 21 ਸਾਲ ਦੇ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਲਈ 1 ਜੁਲਾਈ ਤੋਂ 31 ਜੁਲਾਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲੇ 'ਚ 9 ਜੁਲਾਈ ਨੂੰ ਲਾਏ ਗਏ ਵਿਸ਼ੇਸ਼ ਕੈਂਪ ਦੌਰਾਨ ਬੀ. ਐੱਲ. ਓ. ਵੱਲੋਂ ਆਪਣੇ-ਆਪਣੇ ਪੋਲਿੰਗ ਬੂਥ 'ਤੇ 18 ਤੋਂ 19 ਸਾਲ ਦੇ ਕੁਲ 1055 ਤੇ 19 ਤੋਂ 21 ਸਾਲ ਦੇ 951 ਨੌਜਵਾਨਾਂ ਪਾਸੋਂ ਫਾਰਮ ਨੰਬਰ 6 ਭਰਾਏ ਗਏ ਹਨ। ਉਨ੍ਹਾਂ ਦੱਸਿਆ ਕਿ 23 ਜੁਲਾਈ ਨੂੰ ਵੀ ਬੀ. ਐੱਲ. ਓਜ਼ ਵੱਲੋਂ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ 'ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਫਾਰਮ ਨੰਬਰ 6, 7, 8 ਅਤੇ 8-ਏ ਲਏ ਜਾਣਗੇ। ਮੀਟਿੰਗ ਦੌਰਾਨ ਸੰਦੀਪ ਰਿਸ਼ੀ ਵਧੀਕ ਡਿਪਟੀ ਕਮਿਸ਼ਨਰ ਜਨਰਲ, ਮੈਡਮ ਅਮਨਦੀਪ ਕੌਰ ਐੱਸ. ਡੀ. ਐੱਮ. ਤਰਨਤਾਰਨ, ਸੁਰਿੰਦਰ ਸਿੰਘ ਐੱਸ. ਡੀ. ਐੱਮ. ਪੱਟੀ, ਸਹਾਇਕ ਕਮਿਸ਼ਨਰ ਜਨਰਲ ਗੁਰਸਿਮਰਨਦੀਪ ਸਿੰਘ ਢਿੱਲੋਂ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਸਿੰਘ ਤੇ ਚੋਣ ਤਹਿਸੀਲਦਾਰ ਅਤਿੰਦਰ ਸਿੰਘ ਤੋਂ ਇਲਾਵਾ ਜ਼ਿਲਾ ਯੂਥ ਕੋਆਰਡੀਨੇਟਰ ਬਿਕਰਮਜੀਤ ਸਿੰਘ ਗਿੱਲ ਤੇ ਵਿੱਦਿਅਕ ਅਦਾਰਿਆਂ ਦੇ ਨੋਡਲ ਅਫ਼ਸਰ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਸੱਭਰਵਾਲ ਨੇ ਕਿਹਾ ਕਿ ਜ਼ਿਲੇ ਦਾ ਜੋ ਨਾਗਰਿਕ 1 ਜਨਵਰੀ 2017 ਨੂੰ 18 ਸਾਲ ਦਾ ਹੋ ਗਿਆ ਹੈ, ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਵਿੱਦਿਅਕ ਅਦਾਰਿਆਂ ਦੇ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਵਿੱਦਿਅਕ ਅਦਾਰਿਆਂ 'ਚ ਕੈਂਪਸ ਅੰਬੈਸਡਰ ਲਾਏ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਸਵੀਪ ਨੋਡਲ ਅਫ਼ਸਰਾਂ ਨੂੰ ਕਿਹਾ ਕਿ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਸਵੀਪ ਗਤੀਵਿਧੀਆਂ ਤਹਿਤ ਜੁਲਾਈ ਮਹੀਨੇ ਵਿਚ 2 ਜਾਗਰੂਕਤਾ ਕੈਂਪ ਲਾਉਣੇ ਯਕੀਨੀ ਬਣਾਏ ਜਾਣ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ 31 ਜੁਲਾਈ, 2017 ਤੱਕ ਚਲਾਈ ਜਾਣ ਵਾਲੀ ਇਸ ਮੁਹਿੰਮ ਦੌਰਾਨ ਨਵੇਂ ਵੋਟਰ ਸੰਬੰਧਿਤ ਈ. ਆਰ. ਓ. ਦੇ ਦਫਤਰ ਵਿਖੇ ਫਾਰਮ ਨੰ. 6 ਜਮ੍ਹਾ ਕਰਵਾ ਸਕਦੇ ਹਨ ਤੇ ਉਹ ਡਾਕ ਰਾਹੀਂ ਜਾਂ ਨੈਸ਼ਨਲ ਵੋਟਰਜ਼ ਸਰਵਿਸਿਜ਼ ਪੋਰਟਲ (ਐੱਨ. ਵੀ. ਐੱਸ. ਪੀ.) 'ਤੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ। ਇਸੇ ਤਰ੍ਹਾਂ ਵੋਟਰ ਕਾਮਨ ਸਰਵਿਸ ਸੈਂਟਰ (ਸੀ. ਐੱਸ. ਸੀ.) 'ਤੇ ਜਾ ਕੇ ਵੀ ਆਪਣਾ ਫਾਰਮ ਨੰਬਰ 6 ਆਨਲਾਈਨ ਭਰ ਸਕਦੇ ਹਨ।
ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਬੀ. ਐੱਲ. ਓਜ਼ ਵੱਲੋਂ ਨਿਯਮਾਂ ਅਨੁਸਾਰ ਵੋਟ ਕੱਟਣ ਲਈ, ਖਾਸਕਰ ਜਿਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ, ਫਾਰਮ ਨੰਬਰ 7 ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਫਾਰਮ ਨੰਬਰ 8 (ਦਰੁਸਤੀ ਲਈ), 8-ਏ (ਰਿਹਾਇਸ਼ ਬਦਲਣ ਸਬੰਧੀ) ਵੀ ਲਏ ਜਾਣਗੇ। ਇਸ ਮੁਹਿੰਮ ਦੌਰਾਨ ਪ੍ਰਾਪਤ ਫਾਰਮ ਨੰ. 6 ਅਤੇ 7 (ਮ੍ਰਿਤਕ ਕੇਸਾਂ ਨਾਲ ਸੰਬੰਧਿਤ) ਦਾ ਨਿਪਟਾਰਾ 31 ਅਗਸਤ, 2017 ਤੱਕ ਕੀਤਾ ਜਾਵੇਗਾ, ਜਦਕਿ ਫਾਰਮ ਨੰ. 7 (ਮ੍ਰਿਤਕ ਕੇਸਾਂ ਤੋਂ ਇਲਾਵਾ) ਤੇ 8 ਤੇ 8-ਏ ਅਧੀਨ ਪ੍ਰਾਪਤ ਹੋਏ ਫਾਰਮ ਦਾ ਨਿਪਟਾਰਾ ਵਿਸ਼ੇਸ਼ ਮੁਹਿੰਮ ਤੋਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪ੍ਰਾਪਤ ਹੋਣ ਵਾਲੇ ਸਾਰੇ ਫਾਰਮਾਂ ਦਾ ਨਿਪਟਾਰਾ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਵੈੱਬ ਪੋਰਟਲ ਈ. ਆਰ. ਓ. ਨੈੱਟ ਰਾਹੀਂ ਕੀਤਾ ਜਾਵੇਗਾ।