SP ਨੇ ਅਨਾਜ ਮੰਡੀ ਦਾ ਕੀਤਾ ਦੌਰਾ, ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਆੜ੍ਹਤੀ ’ਤੇ ਕਾਰਵਾਈ ਦੇ ਦਿੱਤੇ ਹੁਕਮ
Thursday, Apr 23, 2020 - 05:27 PM (IST)
ਮਾਛੀਵਾੜਾ ਸਾਹਿਬ (ਟੱਕਰ) - ਪੁਲਸ ਜਿਲ੍ਹਾ ਖੰਨਾ ਦੇ ਐਸ.ਪੀ. ਸੁਰਿੰਦਰਜੀਤ ਕੌਰ ਵਲੋਂ ਮਾਛੀਵਾੜਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਜਿੱਥੇ ਕਰੋਨਾਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਮੰਡੀ ’ਚ ਕੰਮ ਕਰਦੇ ਮਜ਼ਦੂਰਾਂ ਵਿਚਕਾਰ ਸਮਾਜਿਕ ਦੂਰੀ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ ਗਏ।
ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਕਾਰਵਾਈ ਕਰਨ ਦੇ ਦਿੱਤੇ ਹੁਕਮ
ਮੰਡੀ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਸੁਰਿੰਦਰਜੀਤ ਕੌਰ ਨੇ ਕਿਹਾ ਕਿ ਕਣਕ ਦੀ ਆਮਦ ਮੰਡੀ ’ਚ ਵਧਦੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦਾ ਵੀ ਕੰਮ ਵਧੇਗਾ, ਇਸ ਲਈ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਮੰਡੀ ’ਚ ਕੰਮ ਕਰਨ ਵਾਲਾ ਹਰੇਕ ਵਰਗ ਸਮਾਜਿਕ ਦੂਰੀ ਬਣਾ ਕੇ ਰੱਖੇ। ਐਸ.ਪੀ. ਨੇ ਮਾਛੀਵਾੜਾ ਆੜ੍ਹਤੀ ਐਸੋ. ਦੇ ਆਗੂ ਤੇਜਿੰਦਰ ਸਿੰਘ ਕੂੰਨਰ ਤੇ ਹਰਜਿੰਦਰ ਸਿੰਘ ਖੇੜਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰੇਕ ਆੜ੍ਹਤੀ ਅਧੀਨ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਮਾਸਕ ਜਰੂਰ ਪਹਿਨਿਆ ਹੋਵੇਗਾ ਅਤੇ ਜੇਕਰ ਕੋਈ ਕੁਤਾਹੀ ਵਰਤੀ ਗਈ ਤਾਂ ਸਬੰਧਿਤ ਆੜ੍ਹਤੀ ਖਿਲਾਫ਼ ਪੁਲੀਸ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਬਿਮਾਰ ਮਜ਼ਦੂਰ ਨੂੰ ਕੰਮ ’ਤੇ ਨਾ ਲਗਾਇਆ ਜਾਵੇ ਅਤੇ ਕਿਸਾਨ ਵੀ ਆਪਣੀ ਫਸਲ ਅਨਾਜ ਮੰਡੀ ’ਚ ਢੇਰੀ ਕਰਨ ਤੋਂ ਬਾਅਦ ਮਜ਼ਦੂਰਾਂ ਤੋਂ ਸਮਾਜਿਕ ਦੂਰੀ ਬਣਾ ਕੇ ਬੈਠਣ। ਉਨ੍ਹਾਂ ਆੜ੍ਹਤੀਆਂ ਨੂੰ ਕਿਹਾ ਕਿ ਆਪਣੀਆਂ ਦੁਕਾਨਾਂ ਅੰਦਰ ਇਕੱਠ ਨਾ ਹੋਣ ਦੇਣ ਕਿਉਂਕਿ ਕਰੋਨਾਵਾਇਰਸ ਦੇ ਇਸ ਨਾਲ ਜਲਦੀ ਫੈਲਣ ਦਾ ਡਰ ਰਹਿੰਦਾ ਹੈ। ਆੜ੍ਹਤੀ ਆਗੂ ਕੂੰਨਰ ਤੇ ਖੇੜਾ ਨੇ ਕਿਹਾ ਕਿ ਮੰਡੀਆਂ ’ਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਜ਼ਦੂਰਾਂ ਨੂੰ ਮਾਸਕ ਜਾਂ ਮੂੰਹ ’ਤੇ ਬੰਨ੍ਹਣ ਲਈ ਪਰਨੇ ਮੁਹੱਇਆ ਕਰਵਾ ਦਿੱਤੇ ਗਏ ਹਨ ਅਤੇ ਨਾਲ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾ ਰਿਹਾ ਹੈ। ਐਸ.ਪੀ. ਸੁਰਿੰਦਰਜੀਤ ਕੌਰ ਨੇ ਮਜ਼ਦੂਰਾਂ ਨੂੰ ਮਾਸਕ ਵੀ ਵੰਡੇ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ, ਸਹਾਇਕ ਥਾਣੇਦਾਰ ਬਰਜਿੰਦਰ ਸ਼ਰਮਾ ਵੀ ਮੌਜ਼ੂਦ ਸਨ।