ਅਦਾਕਾਰ ਸੋਨੂੰ ਸੂਦ ਕੋਰੋਨਾ ਪਾਜ਼ੇਟਿਵ, ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

Saturday, Apr 17, 2021 - 06:15 PM (IST)

ਅਦਾਕਾਰ ਸੋਨੂੰ ਸੂਦ ਕੋਰੋਨਾ ਪਾਜ਼ੇਟਿਵ, ਕੁਝ ਦਿਨ ਪਹਿਲਾਂ ਲਗਵਾਈ ਸੀ ਕੋਰੋਨਾ ਵੈਕਸੀਨ

ਮੁੰਬਈ (ਬਿਊਰੋ) — ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕਈ ਸਿਤਾਰੇ ਕੋਰੋਨਾ ਦੀ ਚਪੇਟ ’ਚ ਆ ਰਹੇ ਹਨ। ਕੋਰੋਨਾ ਕਾਲ ’ਚ ਲੋਕਾਂ ਲਈ ਫਰਸ਼ਿਤਾ ਬਣੇ ਸੋਨੂੰ ਸੂਦ ਨੇ ਹਾਲ ਹੀ ’ਚ ਆਪਣੇ ‘ਕੋਰੋਨਾ ਪਾਜ਼ੇਟਿਵ’ ਹੋਣ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ‘ਨਮਸਕਾਰ ਦੋਸਤੋ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ‘ਕੋਵਿਡ-19’ ਦਾ ਮੇਰਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਮੈਂ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ, ਉਲਟਾ ਹੁਣ ਮੇਰੇ ਕੋਲ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਰਹੇਗਾ, ਤੁਹਾਡੀਆਂ ਮੁਸ਼ਕਿਲਾਂ ਨੂੰ ਠੀਕ ਕਰਨ ਦਾ। ਯਾਦ ਰਹੇ, ਕੋਈ ਵੀ ਤਕਲੀਫ਼.. ਮੈਂ ਹਮੇਸ਼ਾ ਤੁਹਾਡੇ ਨਾਲ ਹਾਂ। ਸੋਨੂੰ ਸੂਦ।’

ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਸੀ ਸੋਨੂੰ ਸੂਦ
ਦੱਸ ਦਈਏ ਕਿ ਦੇਸ਼ ’ਚ ਕੋਰੋਨਾ ਦਾ ਟੀਕਾਕਰਨ ਜਾਰੀ ਹੈ। ਕਈ ਲੋਕਾਂ ਨੇ ਦੂਜੀ ਡੋਜ਼ ਲੈ ਲਈ ਹੈ ਤਾਂ ਕੁਝ ਲੋਕਾਂ ਨੇ ਪਹਿਲੀ ਡੋਜ਼ ਲਈ ਹੈ। ਇਸ ਵਿਚਾਲੇ ਕਈ ਲੋਕ ਅਜਿਹੇ ਵੀ ਹਨ, ਜੋ ਟੀਕਾ ਲਗਾਉਣ ਤੋਂ ਅਜੇ ਵੀ ਪ੍ਰਹੇਜ਼ ਕਰ ਰਹੇ ਹਨ। ਅਜਿਹੇ ’ਚ ਸਰਕਾਰ ਹਰ ਸੰਭਵ ਕੋਸ਼ਿਸ਼ ’ਚ ਜੁਟੀ ਹੋਈ ਹੈ ਕਿ ਲੋਕ ਬਿਨਾਂ ਕਿਸੇ ਝਿਜਕ ਦੇ ਕੋਰੋਨਾ ਦਾ ਟੀਕਾ ਲਗਾਉਣ। ਹਾਲਾਂਕਿ ਕੁਝ ਲੋਕਾਂ ’ਚ ਇਸ ਨੂੰ ਲੈ ਕੇ ਡਰ ਬਣਿਆ ਹੋਇਆ ਹੈ। ਇਸ ਵਿਚਾਲੇ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਹੈ। ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ। ਬ੍ਰਾਂਡ ਅੰਬੈਸਡਰ ਬਣਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਸੀ।
ਟਵਿੱਟਰ ਰਾਹੀਂ ਵਧਾਈ ਸੁਨੇਹੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ, ‘ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਸਰਕਾਰ ਨੇ ਕੋਰੋਨਾ ਟੀਕਾਕਰਨ ਮੁਹਿੰਮ ਲਈ ਆਪਣਾ ਬ੍ਰਾਂਡ ਅੰਬੈਸਡਰ ਚੁਣਿਆ ਹੈ। ਮੈਂ ਇਸ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਸੋਨੂੰ ਸੂਦ ਦੇ ਬ੍ਰਾਂਡ ਅੰਬੈਸਡਰ ਬਣਨ ਨਾਲ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਲੈ ਕੇ ਹੋਰ ਜ਼ਿਆਦਾ ਜਾਗਰੂਕਤਾ ਆਵੇਗੀ। ਮੈਂ ਸੂਬੇ ਦੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਲਦ ਤੋਂ ਜਲਦ ਉਹ ਆਪਣਾ ਟੀਕਾਕਰਨ ਕਰਵਾਉਣ।’

PunjabKesari

ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਸੋਨੂੰ ਸੂਦ ਨੇ ਲਗਵਾਇਆ ਸੀ ਕੋਰੋਨਾ ਵੈਕਸੀਨ ਦਾ ਟੀਕਾ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੋਨੂੰ ਸੂਦ ਨੇ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਜਾ ਕੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਸੀ। ਇਸ ਦੌਰਾਨ ਸੋਨੂੰ ਸੂਦ ਨੇ ਕੋਰੋਨਾ ਦੇ ਟੀਕੇ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ ਸ਼ੁਰੂ ਕੀਤੀ ਗਈ ‘ਸੰਜੀਵਨੀ- ਟੀਕਾ ਜ਼ਿੰਦਗੀ ਕਾ’ ਮੁਹਿੰਮ ਨੂੰ ਵੀ ਲਾਂਚ ਕੀਤਾ ਸੀ। ਸੋਨੂੰ ਸੂਦ ਨੇ ਟਵਿੱਟਰ ’ਤੇ ਵੈਕਸੀਨ ਲਗਵਾਉਂਦਿਆਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, ‘ਅੱਜ ਮੈਂ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਪੂਰੇ ਦੇਸ਼ ’ਚ ਸਾਰਿਆਂ ਨੂੰ ਟੀਕਾ ਲਗਾਇਆ ਜਾਵੇ। ਇਸ ਦੇ ਲਈ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ‘ਸੰਜੀਵਨੀ’ ਸ਼ੁਰੂ ਕੀਤੀ, ਜੋ ਜਾਗਰੂਕਤਾ ਲਿਆਏਗੀ ਤੇ ਸਾਡੇ ਲੋਕਾਂ ਨੂੰ ਟੀਕਾਕਰਨ ਕਰਵਾਏਗੀ।’

ਕੋਰੋਨਾ ਟੀਕਾ ਨੂੰ ਲੈ ਕੇ ਸੋਨੂੰ ਸੂਦ ਨੇ ਆਖੀਆਂ ਸਨ ਇਹ ਗੱਲਾਂ
ਸੋਨੂੰ ਸੂਦ ਨੇ ਇਹ ਵੀ ਕਿਹਾ ਸੀ ਕਿ, ‘ਮੈਨੂੰ ਉਹ ਸਮਾਂ ਯਾਦ ਹੈ, ਜਦੋਂ ਪਰਵਾਸੀ ਮਜ਼ਦੂਰ ਆਪਣੇ ਘਰਾਂ ਵੱਲ ਜਾ ਰਹੇ ਸਨ। ਅਸੀਂ ਉਨ੍ਹਾਂ ਨੂੰ ਸ਼ਾਂਤ ਰਹਿਣ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਸੀ। ਹੁਣ ਸਾਡੇ ਕੋਲ ਕੋਰੋਨਾ ਦਾ ਟੀਕਾ ਹੈ, ਜੋ ਕੋਈ ਵੀ ਸਾਡੀ ਗੱਲ ਸੁਣ ਰਿਹਾ ਹੈ, ਉਸ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਮੈਂ ਪੰਜਾਬ ਤੋਂ ਇਲਾਵਾ ਕਈ ਸੂਬਿਆਂ ’ਚ ਦੇਖ ਚੁੱਕਾ ਹਾਂ, ਵੈਕਸੀਨ ਨੂੰ ਲੈ ਕੇ ਲੋਕਾਂ ’ਚ ਜਾਗੂਰਕਤਾ ਦਾ ਕੰਮ ਜ਼ਿਆਦਾ ਨਹੀਂ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਿੰਡਾਂ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ’ਚ ਅਜੇ ਕੋਰੋਨਾ ਦੇ ਟੀਕੇ ਨੂੰ ਲੈ ਕੇ ਇਕ ਡਰ ਦਾ ਮਾਹੌਲ ਹੈ। ਅਜਿਹੇ ਲੋਕਾਂ ਲਈ ਜਾਗਰੂਕਤਾ ਹੀ ਸਭ ਤੋਂ ਵਧੀਆ ਤਰੀਕਾ ਹੈ। ਅਸੀਂ ਇਸ ਮੁਹਿੰਮ ਤਹਿਤ ਬਹੁਤ ਸਾਰੇ ਕੈਂਪ ਲਗਾਵਾਂਗੇ। ਇਹ ਇਕ ਅੰਦੋਲਨ ਹੈ, ਜਿਸ ਨੂੰ ਅਸੀਂ ਜਾਗਰੂਕਤਾ ਵਧਾਉਣ ਲਈ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’


author

sunita

Content Editor

Related News