ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਕਰ ਰਹੀ ਹੈ ਅਪੀਲ
Monday, May 10, 2021 - 06:35 PM (IST)
ਮੋਗਾ (ਵਿਪਨ ਓਕਾਰਾ)– ਕੋਰੋਨਾ ਮਹਾਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ ਤੇ ਹੁਣ ਲੋਕਾਂ ’ਚ ਕੋਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹ ਬਹੁਤ ਵੱਧ ਰਿਹਾ ਹੈ। ਲੋਕ ਹੁਣ ਸਵੇਰ ਤੋਂ ਹਸਪਤਾਲਾਂ ’ਚ ਵੈਕਸੀਨ ਲਗਵਾਉਣ ਲਈ ਪਹੁੰਚ ਰਹੇ ਹਨ। ਉਥੇ ਜੇਕਰ ਜ਼ਿਲਾ ਮੋਗਾ ਦੀ ਗੱਲ ਕਰੀਏ ਤਾਂ ਇਥੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੋਸ਼ਲ ਮੀਡੀਆ ਦੇ ਨਾਲ-ਨਾਲ ਜ਼ਿਲੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਜਾਗਰੂਕ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਸਰਕਾਰਾਂ ’ਤੇ ਕੱਢੀ ਮਲਕੀਤ ਰੌਣੀ ਨੇ ਭੜਾਸ, ਕਿਹਾ- ‘ਜਿਸ ਦੇਸ਼ ਦਾ ਰਾਜਾ ਸੁੱਤਾ ਪਿਆ ਹੋਵੇ, ਉਸ ਨੇ ਕੀ ਤਰੱਕੀ ਕਰਨੀ’
ਉਹ ਲੋਕਾਂ ਨੂੰ ਅਪੀਲ ਵੀ ਕਰ ਰਹੀ ਹੈ ਕਿ ਜੇਕਰ ਇਸ ਭਿਆਨਕ ਬੀਮਾਰੀ ’ਚੋਂ ਨਿਕਲਣਾ ਹੈ ਤਾਂ ਇਸ ਸਮੇਂ ਵੈਕਸੀਨ ਸਭ ਤੋਂ ਜ਼ਰੂਰੀ ਹੈ। ਅੱਜ ਮਾਲਵਿਕਾ ਸੂਦ ਵਲੋਂ ਮੋਗਾ ਦੇ ਸਰਕਾਰੀ ਹਸਪਤਾਲ ਤੇ ਧੁੜੀਕੇ ਦੇ ਹੈਲਥ ਸੈਂਟਰ ’ਚ ਜਾ ਕੇ ਲੋਕਾਂ ਨੂੰ ਵੈਕਸੀਨ ਲਗਵਾਈ ਗਈ ਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਗਈ।
ਦੂਜੇ ਪਾਸੇ ਮੋਗਾ ਜ਼ਿਲਾ ਸਰਕਾਰੀ ਹਸਪਤਾਲ ਦੇ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਲੋਕਾਂ ’ਚ ਹੁਣ ਵੈਕਸੀਨ ਲਗਵਾਉਣ ਦਾ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਾਲਵਿਕਾ ਵਲੋਂ ਜੋ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ, ਲੋਕ ਉਸ ਨਾਲ ਵੀ ਜਾਗਰੂਕ ਹੋ ਰਹੇ ਹਨ।
ਭਾਵੇਂ ਹੀ ਸਾਡੀ ਡਿਮਾਂਡ ਜ਼ਿਆਦਾ ਹੈ ਪਰ ਸਾਡੇ ਕੋਲ ਵੈਕਸੀਨ ਘੱਟ ਹੈ ਪਰ ਹਰ ਰੋਜ਼ ਵੈਕਸੀਨ ਆ ਜ਼ਰੂਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 18 ਸਾਲ ਤੋਂ ਉੱਪਰ ਵਾਲੇ ਜੋ ਲੋਕ ਉਸਾਰੀ ਦਾ ਕੰਮ ਕਰਦੇ ਮਜ਼ਦੂਰ ਤੇ ਮਿਸਤਰੀ ਹਨ, ਉਨ੍ਹਾਂ ਨੂੰ ਵੀ ਵੈਕਸੀਨ ਲਗਵਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।