ਸੋਨੂੰ ਸ਼ਾਹ ਕਤਲ ਮਾਮਲਾ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

Monday, Nov 04, 2019 - 10:37 AM (IST)

ਸੋਨੂੰ ਸ਼ਾਹ ਕਤਲ ਮਾਮਲਾ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ (ਸੁਸ਼ੀਲ) : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬੁੜੈਲ ਦੇ ਸੋਨੂੰ ਸ਼ਾਹ ਦਾ ਕਤਲ ਜ਼ਮੀਨੀ ਝਗੜੇ 'ਚ ਨਹੀਂ ਕਰਵਾਇਆ ਸੀ। ਬੁੜੈਲ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਸੋਨੂੰ ਸ਼ਾਹ ਦੇ ਗੁਰਗੇ ਤੰਗ ਕਰ ਰਹੇ ਸਨ। ਇਸ ਦੀ ਜਾਣਕਾਰੀ ਜਦੋਂ ਲਾਰੈਂਸ ਬਿਸ਼ਨੋਈ ਨੂੰ ਲੱਗੀ ਤਾਂ ਉਸ ਨੇ ਸੋਨੂੰ ਸ਼ਾਹ ਨੂੰ ਫੋਨ ਕਰਕੇ ਆਪਣੇ ਗੁਰਗਿਆਂ ਨੂੰ ਸਮਝਾਉਣ ਲਈ ਕਿਹਾ। ਸੋਨੂੰ ਸ਼ਾਹ ਨੇ ਲਾਰੈਂਸ ਬਿਸ਼ਨੋਈ ਦੀ ਗੱਲ ਨਹੀਂ ਮੰਨੀ ਤਾਂ ਉਸ ਨੇ ਆਪਣੇ ਗਿਰੋਹ ਦੇ ਮੈਂਬਰਾਂ ਕੋਲੋਂ ਸੋਨੂੰ ਸ਼ਾਹ ਦਾ ਕਤਲ ਕਰਵਾ ਦਿੱਤਾ। ਇਹ ਖੁਲਾਸਾ ਲਾਰੈਂਸ ਬਿਸ਼ਨੋਈ ਨੇ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੁਲਸ ਰਿਮਾਂਡ ਦੌਰਾਨ ਕੀਤਾ।

PunjabKesari
ਸੋਨੂੰ ਸ਼ਾਹ ਨੂੰ ਕਈ ਵਾਰ ਸਮਝਾਇਆ ਸੀ
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਸੋਨੂੰ ਸ਼ਾਹ ਨੂੰ ਕਈ ਵਾਰ ਫੋਨ ਕਰਕੇ ਸਮਝਾਇਆ ਸੀ ਪਰ ਉਹ ਉਸ ਦੀ ਗੱਲ ਨਹੀਂ ਮੰਨ ਰਿਹਾ ਸੀ। ਉਸ ਨੇ ਦੱਸਿਆ ਕਿ ਕਈ ਮਹੀਨੇ ਪਹਿਲਾਂ ਉਸ ਦੇ ਗਿਰੋਹ ਦੇ ਮੈਂਬਰ ਅਪਰਾਧਿਕ ਮਾਮਲੇ 'ਚ ਬੁੜੈਲ ਜੇਲ 'ਚ ਬੰਦ ਸਨ। ਸੋਨੂੰ ਸ਼ਾਹ ਦੇ ਸਾਥੀ ਵੀ ਜੇਲ ਦੇ ਅੰਦਰ ਸਨ। ਸੋਨੂੰ ਸ਼ਾਹ ਦੇ ਦੋਸਤਾਂ ਨੇ ਉਸ ਦੇ ਗੈਂਗ ਦੇ ਮੈਂਬਰਾਂ ਨਾਲ ਹੱਥੋਪਾਈ ਕਰਕੇ ਉਨ੍ਹਾਂ ਨੂੰ ਸੱਟਾਂ ਮਾਰੀਆਂ ਸਨ। ਲਾਰੈਂਸ ਨੇ ਸੋਨੂੰ ਸ਼ਾਹ ਨੂੰ ਫੋਨ ਕਰਕੇ ਚਿਤਾਵਨੀ ਦਿੱਤੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਸਮਝਾ ਲਵੇ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ ਪਰ ਸੋਨੂੰ ਸ਼ਾਹ ਨੇ ਲਾਰੈਂਸ ਬਿਸ਼ਨੋਈ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ। ਉਹ ਆਪਣਾ ਕੰਮ ਕਰ ਰਿਹਾ ਹੈ। ਉਸ ਦੀ ਗੱਲ ਨਾ ਮੰਨਣ 'ਤੇ ਲਾਰੈਂਸ ਨੇ ਉਸ ਨੂੰ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ ਸੀ।
ਪਹਿਲਾਂ ਭਾਟੂ ਨੂੰ ਦਿੱਤੀ ਸੀ ਜ਼ਿੰਮੇਵਾਰੀ ਪਰ ਉਹ ਮਾਰਿਆ ਗਿਆ
ਲਾਰੈਂਸ ਬਿਸ਼ਨੋਈ ਬੁੜੈਲ ਦੇ ਸੋਨੂੰ ਸ਼ਾਹ ਦਾ ਕਤਲ ਕਰਾਉਣ 'ਚ ਤੀਜੀ ਵਾਰ ਕਾਮਯਾਬ ਹੋਇਆ। ਇਸ ਤੋਂ ਪਹਿਲਾਂ ਉਸ ਨੇ 2 ਵਾਰ ਗੈਂਗਸਟਰ ਚੰਡੀਗੜ੍ਹ ਭੇਜੇ ਸਨ ਪਰ ਦੋਵੇਂ ਵਾਰ ਗੈਂਗਸਟਰ ਸੋਨੂੰ ਸ਼ਾਹ ਦਾ ਕਤਲ ਕਰਨ 'ਚ ਕਾਮਯਾਬ ਨਹੀਂ ਹੋ ਸਕੇ। ਲਾਰੈਂਸ ਬਿਸ਼ਨੋਈ ਨੇ ਪਹਿਲੀ ਵਾਰ ਸੋਨੂੰ ਸ਼ਾਹ ਦਾ ਕਤਲ ਕਰਨ ਦੀ ਜ਼ਿੰਮੇਵਾਰੀ ਗੈਂਗਸਟਰ ਅੰਕਿਤ ਭਾਦੂ ਨੂੰ ਦਿੱਤੀ ਸੀ। ਉਹ ਚੰਡੀਗੜ੍ਹ ਆਇਆ ਪਰ ਪੰਜਾਬ ਪੁਲਸ ਨੇ ਅੰਕਿਤ ਭਾਦੂ ਦਾ ਪੀਰ ਮੁਛੱਲਾ ਨੇੜੇ ਫਲੈਟ 'ਚ ਐਨਕਾਊਂਟਰ ਕਰ ਦਿੱਤਾ ਸੀ। ਦੂਜੀ ਵਾਰ ਫਿਰ ਲਾਰੈਂਸ ਨੇ ਫਰੀਦਕੋਟ ਦੇ ਇਕ ਅਪਰਾਧੀ ਸੋਨੂ ਉਰਫ ਸੋਨਾ ਨੂੰ ਸੋਨੂੰ ਸ਼ਾਹ ਦਾ ਕਤਲ ਕਰਨ ਲਈ ਭੇਜਿਆ ਪਰ ਉਸ ਇਸ ਕੰਮ ਨੂੰ ਅੰਜਾਮ ਨਹੀਂ ਦੇ ਸਕਿਆ। ਇਸ ਤੋਂ ਬਾਅਦ ਲਾਰੈਂਸ ਨੇ ਸੋਨੂੰ ਸ਼ਾਹ ਨੂੰ ਮੌਤ ਦੇ ਘਾਟ ਉਤਾਰਨ ਦੀ ਜ਼ਿੰਮੇਵਾਰੀ ਰਾਜੂ ਬਿਸੌਦੀਆ ਅਤੇ ਸ਼ੁਭਮ ਪ੍ਰਜਾਪਤੀ ਨੂੰ ਦਿੱਤੀ। 2 ਲੋਕਾਂ ਨੇ ਸੋਨੂੰ ਸ਼ਾਹ ਦੇ ਦਫਤਰ ਅਤੇ ਘਰ ਦੀ ਰੇਕੀ ਕੀਤੀ ਅਤੇ ਹੋਰ 5 ਲੋਕਾਂ ਨੇ ਸੋਨੂੰ ਸ਼ਾਹ ਨੂੰ ਉਸ ਦੇ ਦਫਤਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।


author

Babita

Content Editor

Related News