ਸੋਨਭੱਦਰ ਹਿੰਸਾ : ਪ੍ਰਿਯੰਕਾ ਗਾਂਧੀ ਹੱਕ ''ਚ ਨਿੱਤਰੇ ਕੈਪਟਨ, ਯੂ. ਪੀ. ਸਰਕਾਰ ਲਗਾਏ ਨਿਸ਼ਾਨੇ

Saturday, Jul 20, 2019 - 05:35 PM (IST)

ਸੋਨਭੱਦਰ ਹਿੰਸਾ : ਪ੍ਰਿਯੰਕਾ ਗਾਂਧੀ ਹੱਕ ''ਚ ਨਿੱਤਰੇ ਕੈਪਟਨ, ਯੂ. ਪੀ. ਸਰਕਾਰ ਲਗਾਏ ਨਿਸ਼ਾਨੇ

ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਸ਼ਾਸਨ ਵੱਲੋਂ ਪ੍ਰਿਯੰਕਾ ਗਾਂਧੀ ਵਡੇਰਾ ਦੀ ਨਜ਼ਰਬੰਦੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੱਖਾ ਵਿਰੋਧ ਕੀਤਾ ਹੈ। ਸੋਨਭਦਰ ਹਿੰਸਾ ਵਿਰੁੱਧ ਵਿਰੋਧ ਕਰਨ ਅਤੇ ਪੀੜਤ ਪਰਿਵਾਰਾਂ ਦੇ ਸ਼ੋਕ ਵਿਚ ਸ਼ਾਮਲ ਹੋਣ ਲਈ ਪ੍ਰਿਯੰਕਾ ਗਾਂਧੀ ਦੇ ਜਮਹੂਰੀ ਅਧਿਕਾਰ ਨੂੰ ਕੁਚਲਣ ਦੀ ਯੂ.ਪੀ. ਸਰਕਾਰ ਵੱਲੋਂ ਕੀਤੀ ਗਈ ਕੋਸ਼ਿਸ਼ ਖਿਲਾਫ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਢਾਹ ਲਾਉਣ ਦੀ ਪ੍ਰਕਿਰਿਆ ਦੇ ਸਬੰਧ ਵਿਚ ਸੂਬੇ ਦੀ ਭਾਜਪਾ ਸਰਕਾਰ ਹੋਰ ਵੀ ਨਿਵਾਣਾ ਤੱਕ ਪਹੁੰਚ ਗਈ ਹੈ।

ਮੁੱਖ ਮੰਤਰੀ ਨੇ ਪ੍ਰਿਯੰਕਾ ਗਾਂਧੀ ਨੂੰ ਆਪਣਾ ਸ਼ਾਂਤੀਪੂਰਨ ਅਤੇ ਜਮਹੂਰੀ ਵਿਰੋਧ ਲਗਾਤਾਰ ਜਾਰੀ ਰੱਖਣ ਦੀ ਆਗਿਆ ਦੇਣ ਅਤੇ ਨਜ਼ਰਬੰਦੀ ਦੇ ਹੁਕਮ ਤੁਰੰਤ ਵਾਪਸ ਲੈਣ ਦੀ ਯੂ.ਪੀ. ਸਰਕਾਰ ਨੂੰ ਅਪੀਲ ਵੀ ਕੀਤੀ ਹੈ। ਉਨ੍ਹਾਂ ਇਸ ਮਾਮਲੇ ਵਿਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਅਤੇ ਯੂ.ਪੀ. ਸਰਕਾਰ ਦੇ ਟਕਰਾਅ ਵਾਲੇ ਵਤੀਰੇ ਤੋਂ ਉਸ ਨੂੰ ਪਿੱਛੇ ਹਟਾਉਣ ਲਈ ਕੇਂਦਰ ਨੂੰ ਦਖਲ ਦੇਣ ਲਈ ਕਿਹਾ ਹੈ ਤਾਂ ਜੋ ਪ੍ਰਿਯੰਕਾ ਅਤੇ ਉਸ ਦੇ ਹਮਾਇਤੀਆਂ ਦੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। 

ਦੱਸਣਯੋਗ ਹੈ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਸ਼ੁੱਕਰਵਾਰ ਨੂੰ ਸੋਨਭਦਰ ਜਾਂਦੇ ਹੋਏ ਰੋਕਿਆ ਗਿਆ ਅਤੇ ਨਜ਼ਰਬੰਦ ਕਰ ਲਿਆ ਗਿਆ। ਉਹ ਸੋਨਭੱਦਰ 'ਚ ਜ਼ਮੀਨ ਨੂੰ ਲੈ ਕੇ ਕਤਲ ਕੀਤੇ ਗਏ ਲੋਕਾਂ ਦੇ ਸ਼ੋਕ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ।


author

Gurminder Singh

Content Editor

Related News