ਪੁੱਤ ਦਾ ਕਤਲ ਕਰਨ ਵਾਲੇ ਪਿਤਾ ਨੂੰ ਉਮਰ ਕੈਦ

05/27/2016 12:59:02 PM

ਰੂਪਨਗਰ (ਕੈਲਾਸ਼)— ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਸਵਿਤਾ ਕੁਮਾਰੀ ਸ਼ਰਮਾ ਦੀ ਅਦਾਲਤ ਨੇ ਪਿਤਾ ਵੱਲੋਂ ਆਪਣੇ ਪੁੱਤਰ ਦਾ ਕਤਲ ਕੀਤੇ ਜਾਣ ਦੇ ਮਾਮਲੇ ''ਚ ਦੋਸ਼ੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 7 ਮਈ 2015 ਨੂੰ ਸਵੇਰੇ ਕਰੀਬ 8 ਵਜੇ ਜਗਤਾਰ ਸਿੰਘ ਨਿਵਾਸੀ ਪਿੰਡ ਅਕਾਲਗੜ੍ਹ ਥਾਣਾ ਕੁਰਾਲੀ ਆਪਣੇ ਘਰ ''ਚ ਨਾਸ਼ਤਾ ਕਰ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ ਸੁਖਵਿੰਦਰ ਸਿੰਘ ਆਪਣੇ 12-13 ਸਾਲਾ ਪੁੱਤਰ ਰਾਜਵੀਰ ਨੂੰ ਹਥੌੜੀ ਨਾਲ ਕੁੱਟ ਰਿਹਾ ਸੀ ਕਿਉਂਕਿ ਉਸ ਨੇ ਸ਼ਰਾਬ ਲਿਆਉਣ ਲਈ ਮਨ੍ਹਾ ਕਰ ਦਿੱਤਾ ਸੀ। ਜਦੋਂ ਉਹ ਮੌਕੇ ''ਤੇ ਪਹੁੰਚਿਆ ਤਾਂ ਰਾਜਵੀਰ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਸੀ, ਜਿਸ ਨੂੰ ਸਿਵਲ ਹਸਪਤਾਲ ਕੁਰਾਲੀ ਲਿਆਂਦਾ ਗਿਆ ਪਰ ਉਥੇ ਉਸ ਨੂੰ ਪੀ. ਜੀ. ਆਈ. ਭੇਜ ਦਿੱਤਾ ਗਿਆ ਅਤੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ।
ਪੁਲਸ ਨੇ ਜਗਤਾਰ ਸਿੰਘ ਦੇ ਬਿਆਨਾਂ ''ਤੇ ਸੁਖਵਿੰਦਰ ਸਿੰਘ ''ਤੇ ਕਤਲ ਦਾ ਮਾਮਲਾ ਦਰਜ ਕਰਕੇ ਚਲਾਨ ਅਦਾਲਤ ''ਚ ਪੇਸ਼ ਕਰ ਦਿੱਤਾ। ਮਾਣਯੋਗ ਅਦਾਲਤ ਨੇ ਕੇਸ ਦੀ ਸੁਣਵਾਈ ਕਰਦੇ ਹੋਏ ਸੁਖਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ਨੂੰ 5 ਹਜ਼ਾਰ ਜੁਰਮਾਨੇ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ''ਚ ਦੋਸ਼ੀ ਨੂੰ ਵਾਧੂ ਸਜ਼ਾ ਕੱਟਣੀ ਪਵੇਗੀ।


Gurminder Singh

Content Editor

Related News