ਕੁੱਖੋਂ ਜੰਮਣ ਵਾਲੀ ਮਾਂ ਨਾਲ ਜੱਲਾਦ ਬਣਿਆ ਪੁੱਤ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ
Wednesday, Sep 23, 2020 - 02:00 PM (IST)
ਮੋਗਾ (ਅਜ਼ਾਦ) : ਮੋਗਾ ਦੇ ਨੇੜਲੇ ਪਿੰਡ ਘੋਲੀਆ ਕਲਾਂ ਵਿਚ ਸੱਸ ਵੱਲੋਂ ਆਪਣੀ ਨੂੰਹ ਨੂੰ ਉਸਦੇ ਪਤੀ ਵੱਲੋਂ ਕੀਤੀ ਜਾ ਰਹੀ ਕੁੱਟਮਾਰ ਤੋਂ ਛੁਡਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸਦੇ ਪੁੱਤ ਨੇ ਉਸ ਨੂੰ ਹੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਮਾਂ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਇਸ ਸਬੰਧ ਵਿਚ ਬਾਘਾ ਪੁਰਾਣਾ ਪੁਲਸ ਵੱਲੋਂ ਬੇਅੰਤ ਸਿੰਘ ਨਿਵਾਸੀ ਪਿੰਡ ਘੋਲੀਆ ਕਲਾਂ ਦੀ ਸ਼ਿਕਾਇਤ 'ਤੇ ਉਸਦੇ ਪੁੱਤ ਜਗਮੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾ ਪੁਰਾਣਾ ਦੇ ਇੰਚਾਰਜ ਹਰਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬੇਅੰਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਉਸਦਾ ਬੇਟਾ ਜਗਮੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ ਮੈਂ ਅਤੇ ਮੇਰੀ ਪਤਨੀ ਗੁਰਮੀਤ ਕੌਰ ਨੇ ਉਸ ਨੂੰ ਛੁਡਾਉਣ ਦਾ ਯਤਨ ਕੀਤਾ ਅਤੇ ਮੈਂ ਆਖਿਰ ਆਪਣੀ ਨੂੰਹ ਨੂੰ ਪਿੰਡ ਦੇ ਹੀ ਇਕ ਵਿਅਕਤੀ ਚਮਕੌਰ ਸਿੰਘ ਦੇ ਘਰ ਛੱਡਣ ਲਈ ਚਲਾ ਗਿਆ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰੇ ਨਵਜੋਤ ਸਿੱਧੂ, ਕੇਂਦਰ ਨੂੰ ਮਾਰਿਆ 'ਲਲਕਾਰਾ'
ਉਕਤ ਨੇ ਦੱਸਿਆ ਕਿ ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਮੇਰਾ ਬੇਟਾ ਆਪਣੀ ਮਾਂ ਨੂੰ ਹੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਵਾਲਾਂ ਤੋਂ ਫੜ ਕੇ ਘਸੀਟ ਰਿਹਾ ਸੀ, ਜਿਸ ਕਾਰਣ ਉਸਦੀ ਪਤਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਡਿੱਗ ਪਈ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਅਤੇ ਅਸੀਂ ਗੁਰਮੀਤ ਕੌਰ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ। ਡਾਕਟਰ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਪਰ ਉਸਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ, ਜਿਸ ਕਾਰਣ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਸਿਆਸੀ ਸੰਕਟ 'ਚ ਸੁਖਬੀਰ ਬਾਦਲ, ਨਜ਼ਦੀਕੀ ਲੀਡਰ ਦੇ 'ਚਿੱਠੀ ਬੰਬ' ਨੇ ਪਾਈਆਂ ਭਾਜੜਾਂ
ਥਾਣਾ ਮੁਖੀ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣੇਦਾਰ ਮਨਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਅਤੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਵਿਦੇਸ਼ 'ਚ ਰਹਿੰਦਾ ਸੀ ਪਤੀ, ਇਧਰ ਸ਼ੱਕੀ ਹਾਲਾਤ 'ਚ ਪਤਨੀ ਦੀ ਮੌਤ