ਸਹੁਰੇ ਨੇ ਜਵਾਈ ਦੇ ਸਿਰ ''ਚ ਮਾਰੀ ਡਾਂਗ, ਗੰਭੀਰ ਜ਼ਖਮੀ

Wednesday, Jul 05, 2017 - 03:25 PM (IST)

ਤਪਾ ਮੰਡੀ (ਸ਼ਾਮ, ਗਰਗ) : ਸਹੁਰੇ ਘਰ ਰਹਿ ਰਹੇ ਜਵਾਈ 'ਤੇ ਸਹੁਰੇ ਵਲੋਂ ਸਿਰ 'ਚ ਡਾਂਗ ਨਾਲ ਹਮਲਾ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਬ-ਡਵੀਜ਼ਨਲ ਹਸਪਤਾਲ ਤਪਾ 'ਚ ਜੇਰੇ ਇਲਾਜ ਪਿੰਡ ਜਸਪਾਲ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਕੋਠੇ ਨਰੰਜਨ ਸਿੰਘ ਵਾਲਾ ਨੇ ਦੱਸਿਆ ਕਿ ਉਹ ਸਹੁਰੇ ਘਰ ਰਹਿੰਦਾ ਹੈ, ਬੁੱਧਵਾਰ ਸਵੇਰੇ ਸਹੁਰੇ ਪਰਿਵਾਰ ਨਾਲ ਕਿਸੇ ਰੰਜਿਸ਼ ਨੂੰ ਲੈਕੇ ਝਗੜਾ ਹੋ ਗਿਆ, ਜਦ ਉਸ ਦੀ ਪਤਨੀ ਜਸਵੀਰ ਕੌਰ ਪਿੰਡ 'ਚ  ਰਹਿੰਦੇ ਪਿਤਾ ਅਤੇ ਭਰਾਵਾਂ ਨੂੰ ਸਮਝਾਉਣ ਗਈ ਤਾਂ ਤੂੰ-ਤੂੰ,ਮੈਂ-ਮੈਂ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਜਦ ਉਸ ਦੀ ਪਤਨੀ ਇਕ-ਦੂਜੇ ਨੂੰ ਪਰੇ ਕਰ ਰਹੀ ਸੀ ਤਾਂ ਸਹੁਰੇ ਨੇ ਉਸ ਦੇ ਸਿਰ 'ਚ ਡਾਂਗ ਮਾਰੀ ਜਿਸ ਕਾਰਨ ਉਸ ਦੇ ਸਿਰ 'ਚ ਸੱਟਾਂ ਲੱਗ ਗਈ ਅਤੇ ਉਸ ਨੂੰ ਤਪਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਜ਼ਖਮੀ ਨੇ ਦੱਸਿਆ ਕਿ 2 ਦਿਨ ਪਹਿਲਾਂ ਹੀ ਉਸ ਨੇ ਆਪਣੀ ਲੜਕੀ ਦਾ ਵਿਆਹ ਕੀਤੀ ਹੈ, ਪਤਾ ਲੱਗਾ ਹੈ ਕਿ ਦੂਸਰੀ ਧਿਰ ਵੀ ਹਸਪਤਾਲ 'ਚ ਦਾਖਲ ਹੈ। ਡਾਕਟਰਾਂ ਅਨੁਸਾਰ ਦੋਵਾਂ ਧਿਰਾਂ ਦੇ ਸੱਟਾਂ ਲੱਗਣ ਕਾਰਨ ਰੂਕਾ ਕੱਟ ਕੇ ਪੁਲਸ ਸਟੇਸ਼ਨ ਭੇਜ ਦਿੱਤਾ ਗਿਆ ਹੈ। ਥਾਣਾ ਰੂੜੇਕੇ ਕਲਾਂ ਦੇ ਮੁਨਸ਼ੀ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਰੂਕਾ ਆਉਣ 'ਤੇ ਦੋਵਾਂ ਧਿਰਾਂ ਦੇ ਬਿਆਨ ਲੈਕੇ ਕਾਰਵਾਈ ਕੀਤੀ ਜਾਵੇਗੀ।


Related News