ਪੁੱਤ ਨੇ ਗੰਡਾਸਿਆਂ ਨਾਲ ਵੱਢ ਕੇ ਪਿਉ ਦਾ ਕੀਤਾ ਕਤਲ
Sunday, Sep 02, 2018 - 06:17 PM (IST)
ਜੈਤੋ (ਜਿੰਦਲ) : ਨੇੜਲੇ ਪਿੰਡ ਬਿਸ਼ਨੰਦੀ ਵਿਖੇ ਬੀਤੀ ਰਾਤ ਇਕ ਪੁੱਤ ਵਲੋਂ ਗੰਡਾਸੇ ਨਾਲ ਵਾਰ ਕਰਕੇ ਆਪਣੇ ਪਿਉ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਤਲ ਪੁੱਤਰ ਮਨਯੋਧ ਸਿੰਘ ਨਸ਼ੇ ਦਾ ਆਦੀ ਸੀ। ਮਨਯੋਧ ਆਪਣੇ ਹਿੱਸੇ ਦੀ ਜ਼ਮੀਨ ਵੇਚ ਚੁੱਕਾ ਸੀ ਅਤੇ ਆਪਣੇ ਪਿਤਾ ਤੋਂ ਉਨ੍ਹਾਂ ਦੇ ਹਿੱਸੇ ਆਉਂਦੀ ਜ਼ਮੀਨ ਵੀ ਲੈਣਾ ਚਾਹੁੰਦਾ ਸੀ, ਜਿਸ ਕਰਕੇ ਅਕਸਰ ਘਰ ਵਿਚ ਲੜਾਈ ਰਹਿੰਦੀ ਸੀ।
ਇਸ ਦੇ ਚੱਲਦੇ ਬੀਤੀ ਰਾਤ ਵੀ ਦੋਵਾਂ ਪਿਉ-ਪੁੱਤਾਂ ਵਿਚਾਲੇ ਤਕਰਾਰ ਹੋਈ ਅਤੇ 11 ਵਜੇ ਦੇ ਕਰੀਬ ਨਸ਼ੇ 'ਚ ਧੁੱਤ ਮਨਯੋਧ ਨੇ ਘਰ ਵਿਚ ਪਈ ਗੰਡਾਸੀ ਨਾਲ ਪਿਤਾ ਸੁਖਮੰਦਰ ਸਿੰਘ 'ਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੋ ਘਾਟ ਉਤਾਰ ਦਿੱਤਾ। ਵਾਰਦਾਤ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਕਾਤਲ ਪੁੱਤ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
