ਪਹਿਲਾਂ ਵੱਡੇ ਤੇ ਹੁਣ ਛੋਟੇ ਪੁੱਤ ਦੀ ਨਸ਼ੇ ਕਾਰਣ ਮੌਤ, ਧਾਹਾਂ ਮਾਰ ਰੋਏ ਬਜ਼ੁਰਗ ਮਾਪੇ

Thursday, Mar 20, 2025 - 06:24 PM (IST)

ਪਹਿਲਾਂ ਵੱਡੇ ਤੇ ਹੁਣ ਛੋਟੇ ਪੁੱਤ ਦੀ ਨਸ਼ੇ ਕਾਰਣ ਮੌਤ, ਧਾਹਾਂ ਮਾਰ ਰੋਏ ਬਜ਼ੁਰਗ ਮਾਪੇ

ਮੋਗਾ (ਗੋਪੀ ਰਾਊਕੇ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਵੱਡੇ ਪੱਧਰ ’ਤੇ ਸਖਤੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਕਥਿਤ ਨਸ਼ਾ ਸਮੱਗਲਰ ਹਾਲੇ ਵੀ ਨਸ਼ਿਆਂ ਦੀ ਸਮੱਗਲਿੰਗ ਵੱਡੇ ਪੱਧਰ ’ਤੇ ਕਰ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਅਜੇ ਜ਼ਮੀਨੀ ਪੱਧਰ ’ਤੇ ਹੋਰ ਸਖਤੀ ਦੀ ਲੋੜ ਹੈ। ਜ਼ਿਲ੍ਹੇ ਦੇ ਪਿੰਡ ਭਿੰਡਰ ਖੁਰਦ ਦਾ ਨਿਵਾਸੀ ਇਕਬਾਲ ਸਿੰਘ (32) ਲੰਘੀ ਰਾਤ ‘ਚਿੱਟੇ’ ਦੀ ਕਥਿਤ ਓਵਰਡੋਜ਼ ਨਾਲ ਮੌਤ ਦੇ ਮੂੰਹ ਚਲਾ ਗਿਆ।

ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਤੋਂ ਇਲਾਵਾ ਪਤਨੀ ਅਤੇ 6 ਵਰ੍ਹਿਆਂ ਦਾ ‘ਪੁੱਤ’ ਛੱਡ ਗਿਆ। ਮ੍ਰਿਤਕ ਦੇ ਪਿਤਾ ਵੀਰ ਸਿੰਘ ਨੇ ਹੱਥ ਵਿਚ ‘ਪੁੱਤ’ ਦੀ ਫੋਟੋ ਫੜ੍ਹ ਕੇ ਭੁਬੀ ਰੋਂਦੇ ਦੱਸਿਆ ਕਿ ਪਹਿਲਾਂ 2021 ਵਿਚ ਉਸਦਾ ਵੱਡਾ ਲੜਕਾ ਮਹਿੰਦਰ ਸਿੰਘ ਵੀ ਇਸ ਨਸ਼ੇ ਕਰਕੇ ਜਹਾਨੋਂ ਤੁਰ ਗਿਆ ਸੀ ਤੇ ਉਹ ਹਾਲੇ ਤੱਕ ਉਸਦੇ ਸਦਮੇ ਵਿਚੋਂ ਉੱਭਰੇ ਨਹੀਂ ਸੀ ਕਿ ਇਕਬਾਲ ਸਿੰਘ ਵੀ ਨਸ਼ੇ ਕਰ ਕੇ ਉੱਥੇ ਚਲਾ ਗਿਆ, ਜਿੱਥੋਂ ਅੱਜ ਤੱਕ ਕੋਈ ਨਹੀਂ ਮੁੜਿਆ।

ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਪੁੱਤਰਾਂ ਨੂੰ ਇਸ ਕਰ ਕੇ ਪਾਲਿਆ ਸੀ ਕਿ ਵੱਡੇ ਹੋ ਕੇ ਉਹ ਸਾਡੀ ਡੰਗੋਰੀ ਬਣਨਗੇ ਪ੍ਰੰਤੂ ਪੁੱਤ ਨਸ਼ੇ ਕਰ ਕੇ ਸਾਡੇ ’ਤੇ ਹੋਰ ਬੋਝ ਪਾ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਸ਼ਿਆਂ ਵਿਰੁੱਧ ਹੋਰ ਸਖ਼ਤੀ ਦੀ ਮੰਗ ਕੀਤੀ ਹੈ।


author

Gurminder Singh

Content Editor

Related News