ਵਿਦੇਸ਼ਾਂ ''ਚ ਬੈਠੇ ਕੁਝ ਲੋਕ ਫੈਲਾ ਰਹੇ ਹਨ ਅਫਵਾਹਾਂ : ਸੁਰੇਸ਼ ਅਰੋੜਾ

09/16/2018 9:58:13 PM

ਜਲੰਧਰ— ਪੰਜਾਬ ਕੇਸਰੀ ਸਮੂਹ ਵਲੋਂ ਅੱਜ ਆਯੋਜਿਤ ਕਰਵਾਏ 115ਵੇਂ ਸ਼ਹੀਦ ਪਰਿਵਾਰ ਫੰਡ ਸਮਾਗਮ 'ਚ ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਕੁਝ ਲੋਕ ਹੀ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ 'ਚ ਲੱਗੇ ਹੋਏ ਹਨ ਪਰ ਇਨ੍ਹਾਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਵਲੋਂ ਕੋਈ ਹਮਦਰਦੀ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਲੋਕਾਂ ਨੂੰ ਇਹ ਭਰੋਸਾ ਦਿਵਾਉਂਦੀ ਹੈ ਕਿ ਸੂਬੇ 'ਚ ਅਮਨ ਤੇ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਤੇ ਜਦੋਂ ਤੱਕ ਲੋਕਾਂ ਦਾ ਸਹਿਯੋਗ ਪੁਲਸ ਨੂੰ ਮਿਲਦਾ ਰਹੇਗਾ ਵਿਦੇਸ਼ਾਂ 'ਚ ਬੈਠੀਆਂ ਤਾਕਤਾਂ ਆਪਣੇ ਇਰਾਦਿਆਂ 'ਚ ਸਫਲ ਨਹੀਂ ਹੋ ਸਕਣਗੀਆਂ।

ਸੁਰੇਸ਼ ਅਰੋੜਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਮਨ 'ਚ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਅੱਤਵਾਦ ਦੇ ਦੌਰ 'ਚ ਹਿੰਦ ਸਮਾਚਾਰ ਸਮੂਹ ਨੂੰ ਅਖਬਾਰਾਂ ਵੇਚਣ 'ਚ ਜਦੋਂ ਮੁਸ਼ਕਲਾਂ ਆਈਆਂ ਤਾਂ ਸੂਬਾ ਪੁਲਸ ਨੇ ਆਪਣੀ ਸੁਰੱਖਿਆ ਦੇ ਕੇ ਅਖਬਾਰਾਂ ਦੀ ਵੰਡ ਕਰਵਾਈ ਸੀ। ਉਨ੍ਹਾਂ ਕਿਹਾ ਕਿ ਉਹ 36 ਸਾਲਾਂ ਤੋਂ ਪੁਲਸ ਸੇਵਾ 'ਚ ਹਨ ਤੇ ਪੰਜਾਬ ਪੁਲਸ ਨੇ ਹਰ ਮੋਰਚੇ 'ਤੇ ਸਫਲਤਾ ਹਾਸਲ ਕੀਤੀ ਹੈ। ਅੱਤਵਾਦ ਨੂੰ ਖਤਮ ਕਰਨ ਦਾ ਸਿਹਰਾ ਪੰਜਾਬ ਪੁਲਸ ਨੂੰ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦਾ ਭਵਿੱਖ ਸੁਰੱਖਿਅਤ ਦੇਖਦੇ ਹਨ। ਆਉਣ ਵਾਲਾ ਸਮਾਂ ਖੁਸ਼ਹਾਲੀ ਵਾਲਾ ਹੀ ਹੋਵੇਗਾ ਕਿਉਂਕਿ ਲੋਕ ਪੰਜਾਬ ਨੂੰ ਤਰੱਕੀ ਦੇ ਰਸਤੇ ਅੱਗੇ ਲਿਜਾਣਾ ਚਾਹੁੰਦੇ ਹਨ।


Related News