ਅੱਤਵਾਦ ਨੂੰ ਸਿਰਫ ਪੰਜਾਬ ''ਚ ਹੀ ਖਤਮ ਕੀਤਾ ਜਾ ਸਕਿਆ : ਸੋਮ ਪ੍ਰਕਾਸ਼

11/11/2019 12:34:59 PM

ਜਲੰਧਰ— ਕੇਂਦਰੀ ਉਦਯੋਗ ਅਤੇ ਵਪਾਰ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਦੇਸ਼ ਇਸ ਗੱਲ ਦਾ ਗਵਾਹ ਹੈ ਕਿ ਅੱਤਵਾਦ ਨੂੰ ਖਤਮ ਕਰਨ 'ਚ ਸਿਰਫ ਪੰਜਾਬ 'ਚ ਹੀ ਸਫਲਤਾ ਹਾਸਲ ਹੋਈ। ਉਨ੍ਹਾਂ ਕਿਹਾ ਕਿ ਜਦ ਸੂਬਾ ਮਾੜੇ ਦੌਰ 'ਚੋਂ ਲੰਘ ਰਿਹਾ ਸੀ ਤਾਂ ਉਸ ਸਮੇਂ ਉਹ ਜਲੰਧਰ 'ਚ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਸਨ। ਉਨ੍ਹਾਂ ਨੇ ਉਸ ਸਮੇਂ ਅੱਤਵਾਦ ਨੂੰ ਖਤਮ ਕਰਨ 'ਚ ਤਤਕਾਲੀ ਸਰਕਾਰ ਨਾਲ ਮਿਲ ਕੇ ਆਪਣਾ ਯੋਗਦਾਨ ਦਿੱਤਾ ਸੀ। ਸੋਮ ਪ੍ਰਕਾਸ਼ ਪੰਜਾਬ ਕੇਸਰੀ ਗਰੁੱਪ ਵੱਲੋਂ ਬੀਤੇ ਦਿਨ ਕਰਵਾਏ ਗਏ 116ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। 

ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਪੁਲਸ ਤੇ ਸੁਰੱਖਿਆ ਦਸਤਿਆਂ ਨੇ ਆਪਣੀਆਂ ਕੁਰਬਾਨੀਆਂ ਦਿੰਦੇ ਹੋਏ ਅੱਤਵਾਦ 'ਤੇ ਕਾਬੂ ਪਾਉਣ 'ਚ ਅਣਥੱਕ ਸਹਿਯੋਗ ਦਿੱਤਾ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕਸ਼ਮੀਰ 'ਚ ਭਾਵੇਂ ਅਜੇ ਅੱਤਵਾਦ ਜਾਰੀ ਹੈ ਪਰ ਅਜੇ ਵੀ ਭਾਰਤ ਸਰਕਾਰ ਅੱਤਵਾਦ 'ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਅੱਗੇ ਵੀ ਰਹੇਗਾ। ਹੁਣ ਪੂਰੇ ਦੇਸ਼ 'ਚ ਇਕ ਹੀ ਸੰਵਿਧਾਨ ਤੇ ਵਿਧਾਨ ਲਾਗੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਮੰਦਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ ਤੇ ਸੱਚਾਈ ਦੀ ਆਖਰਕਾਰ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਖਦੇ ਹੋਏ ਦੇਸ਼ 'ਚ ਆਪਸੀ ਸਹਿਣਸ਼ੀਲਤਾ ਤੇ ਏਕਤਾ ਨੂੰ ਬਣਾਈ ਰੱਖਣ ਦੀ ਲੋੜ ਹੈ।

ਸੋਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਜਦ ਪੰਜਾਬ ਕੇਸਰੀ ਸਮੂਹ ਦੀ ਬਿਜਲੀ ਬੰਦ ਕਰ ਦਿੱਤੀ ਗਈ ਸੀ ਤਾਂ ਉਸ ਦੇ ਬਾਵਜੂਦ ਅਖਬਾਰ ਨੂੰ ਲਗਾਤਾਰ ਕੱਢਿਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਤੇ ਰਮੇਸ਼ ਚੰਦਰ ਦੀ ਕੁਰਬਾਨੀ ਨੂੰ ਦੇਸ਼ ਕਦੇ ਵੀ ਨਹੀਂ ਭੁੱਲ ਪਾਏਗਾ। ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਦੇ ਬਾਅਦ ਤੋਂ ਲਗਾਤਾਰ ਪੱਤਰ ਸਮੂਹ ਵਲੋਂ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੰਮ ਚੱਲ ਰਿਹਾ ਹੈ। ਸਿਰਫ ਪੰਜਾਬ ਹੀ ਨਹੀਂ ਸਗੋਂ ਜੰਮੂ-ਕਸ਼ਮੀਰ ਤੇ ਹੋਰ ਸੂਬਿਆਂ ਦੇ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਵਿੱਤੀ ਸਹਾਇਤਾ ਵੰਡੀ ਗਈ ਹੈ।


shivani attri

Content Editor

Related News